ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖੂੰ ਤੇਰੇ ਚੀਰੇ ਦੀ ਲਾਜ

ਹਰ ਦੇਸ਼ ਦੇ ਇਤਿਹਾਸ, ਸਭਿਆਚਾਰ ਅਤੇ ਕੌਮੀ ਚਰਿੱਤਰ ਆਦਿ ਨੂੰ ਉਸ ਦੇਸ਼ ਦੇ ਲੋਕ ਸਾਹਿਤ ਵਿਚੋਂ ਹੀ ਸਹੀ ਰੂਪ ਵਿੱਚ ਜਾਣਿਆਂ ਜਾ ਸਕਦਾ ਹੈ। ਇਹ ਉਹ ਵੱਡਮੁਲਾ ਖ਼ਜ਼ਾਨਾ ਹੈ ਜੋ ਸਾਨੂੰ ਆਪਣੇ ਵੱਡੇ ਵਡੇਰਿਆਂ ਪਾਸੋਂ ਵਿਰਾਸਤ ਵਿੱਚ ਮਿਲਦਾ ਹੈ। ਹਰ ਕੋਈ ਆਪਣੇ ਵਿਰਸੇ ਤੇ ਮਾਣ ਕਰਦਾ ਹੈ, ਕਰਨਾ ਵੀ ਚਾਹੀਦਾ ਹੈ, ਪਰ ਕਰੇਗਾ ਉਹੀ ਜਿਸ ਦਾ ਵਿਰਸਾ ਅਮੀਰ ਹੋਵੇਗਾ, ਸਤਿਕਾਰਯੋਗ ਹੋਵੇਗਾ।

ਪੰਜਾਬ ਦੇ ਲੋਕ ਗੀਤ ਇਕੱਤਰ ਕਰਦਿਆਂ ਮੈਨੂੰ ਅਨੇਕਾਂ ਅਜਿਹੇ ਗੀਤ ਮਿਲੇ ਹਨ ਜਿਨ੍ਹਾਂ ਉਤੇ ਸਾਡੇ ਸੱਚੇ ਸੁੱਚੇ ਇਖਲਾਕ ਅਤੇ ਚਰਿੱਤਰ ਦੀ ਛਾਪ ਹੈ। ਉਹ ਅੱਜ ਦੇ ਗੀਤ ਨਹੀਂ, ਸਦੀਆਂ ਪੁਰਾਣੇ ਹਨ, ਪਰ ਹਨ ਚਸ਼ਮੇ ਦੇ ਪਾਣੀ ਵਾਂਗ ਸੱਜਰੇ! ਇਹ ਗੀਤ ਕਿਸੇ ਇਤਿਹਾਸਕਾਰ ਨੇ ਨਹੀਂ ਰਚੇ। ਇਤਿਹਾਸਕਾਰ ਤਾਂ ਕਈ ਵਾਰ ਨਿੱਜੀ ਕਾਰਨਾਂ ਕਰਕੇ ਪੱਖ ਪੂਰ ਲੈਂਦੇ ਹਨ। ਇਹ ਤਾਂ ਪੰਜਾਬ ਦੇ ਸਾਦ-ਮੁਰਾਦੇ ਲੋਕਾਂ ਦੀ ਦੇਣ ਹਨ ਜੋ ਪੀੜ੍ਹੀਓ ਪੀੜ੍ਹੀ ਸਾਡੇ ਤੱਕ ਪੁਜੇ ਹਨ।

ਇਹ ਜੁੱਗਾਂ ਦੀਆਂ ਬਾਤਾਂ ਪਾਉਂਦੇ ਹਨ। ਵੰਨਗੀ ਲਈ ਸੈਆਂ ਵਿਚੋਂ ਤਿੰਨ ਲੋਕ ਗੀਤ ਹਾਜ਼ਰ ਹਨ।

ਪਹਿਲਾ ਗੀਤ ਅਠ੍ਹਾਰਵੀਂ ਸਦੀ ਦਾ ਹੈ। ਉਸ ਸਮੇਂ ਮੁਗਲ ਸਰਕਾਰ ਵਲੋਂ ਪਰਜਾ ਉਪਰ ਕੀਤੇ ਜਾਂਦੇ ਅੱਤਿਆਚਾਰਾਂ ਦਾ ਵਰਣਨ ਇਸ ਗੀਤ ਵਿੱਚ ਆਉਂਦਾ ਹੈ। ਗੀਤ ਦੇ ਬੋਲ ਦੱਸਦੇ ਹਨ ਕਿ ਕਿਵੇਂ ਮੁਗਲ ਸਰਕਾਰ ਦੇ ਕਰਮਚਾਰੀ/ ਅਧਿਕਾਰੀ ਸੋਹਣੀਆਂ ਔਰਤਾਂ ਨੂੰ ਜ਼ੋਰੀਂ ਖੋਹ ਕੇ ਲੈ ਜਾਂਦੇ ਸਨ ਪ੍ਰੰਤੂ ਸਾਡੇ ਦੇਸ ਦੀਆਂ ਮੁਟਿਆਰਾਂ ਧਰਮ ਤੋਂ ਨਹੀਂ ਸਨ ਡੋਲਦੀਆਂ, ਉਹ ਆਪਣੇ ਸਤਿ ਨੂੰ ਸਿਰ ਦੀ ਕੁਰਬਾਨੀ ਦੇ ਕੇ ਪਾਲਦੀਆਂ ਸਨ।

ਇਸ ਗੀਤ ਦੀ ਨਾਇਕਾ ‘ਸੁੰਦਰੀ’ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਹਨ। ਉਹ ਆਪਣੇ ਚੁੱਕੇ ਜਾਣ ਬਾਰੇ ਇਕ ਰਾਹੀ ਦੇ ਹੱਥ ਆਪਣੇ ਬਾਬਲ, ਭਰਾ ਅਤੇ ਪਤੀ ਨੂੰ ਸੁਨੇਹਾ ਘੱਲਦੀ ਹੈ। ਉਹ ਤਿੰਨੇ ਮੁਗਲ ਦੀਆਂ ਮਿੰਨਤਾ ਕਰਦੇ ਹਨ, ਰੁਪਏ ਪੇਸ਼ ਕਰਦੇ ਹਨ। ਪਰ ਉਹ ਉਸ ਸੋਹਣੀ ਔਰਤ ਨੂੰ ਨਹੀਂ ਛੱਡਦਾ। ਬਾਬਲ ਅਤੇ ਵੀਰਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 102