ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਰ ਅਜਿਹੇ ਪਤੀ ਦੀ ਪਤਨੀ ਆਪਣੇ ਐਬੀ ਪਤੀ ਨੂੰ ਫਿਟਕਾਰਾਂ ਪਾਉਣ ਤੇ ਮਜਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਨ੍ਹਾਂ ਬੋਲਾਂ ਵਿੱਚ :-

ਕਦੇ ਨਾ ਪਹਿਨੇ ਤੇਰੇ ਸੂਹੇ ਕੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ

ਉਹ ਬੜੀ ਅਧੀਨਗੀ ਨਾਲ਼ ਸਮਝਾਉਂਦੀ ਵੀ ਹੈ: -

ਨਹੀਂ ਲੰਘਣੇ ਘਰਾਂ ਦੇ ਲਾਂਘੇ
ਛੱਡਦੇ ਵੈਲਦਾਰੀਆਂ

ਪਰ ਸ਼ਰਾਬ ਦੀ ਪਿਆਲੀ ਵਸਦੇ ਰਸਦੇ ਘਰ ਦਾ ਨਾਸ ਕਰ ਦੇਂਦੀ ਏ।

ਕੋਈ ਵੀ ਮੁਟਿਆਰ ਇਹ ਨਹੀਂ ਚਾਹੁੰਦੀ ਕਿ ਉਸ ਦਾ ਗੱਭਰੂ ਸ਼ਰਾਬੀ ਹੋਵੇ, ਐਬੀ ਹੋਵੇ। ਇਸ ਲਈ ਓਹ ਅਲਬੇਲੀ ਮੁਟਿਆਰ ਸ਼ਰਾਬੀ ਗੱਭਰੂ ਦੇ ਹੱਥ ਆਪਣੇ ਰਾਂਗਲੇ ਲੜ ਨੂੰ ਛੂਹਣ ਨਹੀਂ ਦੇਂਦੀ -

ਬੀਬਾ ਵੇ ਬਾਗ ਲਵਾਨੀਆਂ ਪੰਜ ਬੂਟੇ
ਹੁਣ ਦੇ ਗੱਭਰੂ ਸਭ ਝੂਠੇ
ਛੋਡ ਸ਼ਰਾਬੀਆ ਲੜ ਮੇਰਾ
ਅਸਾਂ ਨਾ ਦੇਖਿਆ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ

ਬਾਗ਼ ਵੇ ਲਵਾਨੀਆਂ ਪੰਜ ਦਾਣਾ
ਐਸ ਜਹਾਨੋਂ ਕੀ ਲੈ ਜਾਣਾ
ਛੋਡ ਸ਼ਰਾਬੀਆ ਲੜ ਮੇਰਾ
ਅਸੀਂ ਨਾ ਜਾਣਦੇ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ

ਕਈਆਂ ਨੂੰ ਅਫ਼ੀਮੀ ਅਤੇ ਪੋਸਤੀ, ਅਮਲੀ ਟੱਕਰ ਜਾਂਦੇ ਹਨ। ਅਮਲੀ, ਓਹ ਵੀ ਡੋਡੇ ਪੀਣ ਵਾਲੇ, ਪੋਸਤੀ ਦੀਆਂ ਕਰਤੂਤਾਂ ਤੋਂ ਭਲਾ ਕੌਣ ਨਹੀਂ ਵਾਕਿਫ਼:-

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 99