ਪੰਨਾ:ਲਾਲਾਂ ਦੀਆਂ ਲੜੀਆਂ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੱਲੇ ਪੈਣਗੇ ਫੁੱਲਿਆਂ ਵਾਂਗ ਤੈਨੂੰ,
ਜਿਵੇਂ ਜ੍ਵਾਰ ਦਾ ਹੁੰਦਾ ਭੁਨਾਵਣਾ ਈ।
ਓਸ ਤਪੀ ਹੋਈ ਲੋਹ ਦੀ ਗੱਲ ਸੁਣਕੇ,
ਕਾਹਨੂੰ ਸੂਰਜ ਨੂੰ ਤਵਾ ਬਨਾਵਣਾ ਈ।
‘ਮੀਆਂ ਮੀਰ' ਜੀ ਵੇਖ ਇਹ ਜ਼ੁਲਮ ਬੋੱਲੇ,
ਕਾਹਨੂੰ ਗੁਰੂ ਜੀ ਦੁੱਖ ਉਠਾਵਣਾ ਈ।
ਜੇਕਰ ਕਹੋ ਤਾਂ ਤਖਤ ਦਾ ਹੋਇ ਤਖਤਾ
ਅਸਾਂ ਕਹਿਣਾ ਤੇ ਰੱਬ ਉਲਟਾਵਣਾ ਈ
ਕਹਿਆ ਆਸ਼ਕਾਂ ਸਾਦਕਾਂ ਪੀਰ ਪਿਆਰੇ,
ਨਾਂ ਇਹ ਕਰਨਾ ਤੇ ਨਾਂ ਇਹ ਕਰਾਵਣਾ ਈ।
ਉਹੋ ਹੋਣਾ ਈ ਅਸਾਂ ਵਿਚਾਰਿਆਂ ਤੇ,
ਜੇਹੜਾ ਓਸ ਕਰਤਾਰ ਨੂੰ ਭਾਵਣਾ ਈ।
ਅਸਾਂ ਪ੍ਰੀਤਮ ਦੇ ਇਸ਼ਕ ਦੀ ਮਦ ਪੀਤੀ,
ਸੀਸ ‘ਸਰਮਦ’ ਦੇ ਵਾਂਗ ਕਟਾਵਣਾ ਈ।
‘ਸ਼ਾਹ ਸ਼ੱਮਸ’ ਦੇ ਵਾਂਗ ਨਹੀਂ ‘ਸੀ ਕਰਨੀ,
ਨਾਲ ਖੁਸ਼ੀ ਦੋ ਚੰਮ ਲੁਹਾਵਣਾ ਈ।
ਅਸਾਂ ਆਪਣਾ ਆਪ ਮਨਜ਼ੂਰ ਕਰਨਾ,
ਸੂਲੀ ਵਾਂਗ ਮਨਸੂਰ ਚੜ੍ਹਾਵਨਾ ਈ।
ਐਪਰ ਆਪਣੇ ਵਾਸਤੇ ਕਿਸੇ ਨੂੰ ਭੀ,
ਕੰਡੇ ਤੀਕ ਨਾਂ ਕਦੇ ਚੁਭਾਵਨਾ ਈ।
ਲੱਖਾਂ ਵਰ੍ਹੇ ਵੀ ਜੀਵੇ ਤੇ ਕੀ ਜੀਵੋ,
ਅੰਤ ਜੋਤ ਵਿਚ ਜੋਤ ਸਮਾਵਣਾ ਈ।
ਰਾਜ਼ੀ ਜਿਵੇਂ ਪਰਮਾਤਮਾ ਆਤਮਾ ਨੂੰ,
ਅਸਾਂ ਓਹੋ ਹੀ ਹੁਕਮ ਮਨਾਵਣਾ ਈ।
ਪੀਰ ਜੀ ਵਾਹ! ਗੁਰੂ ਵਾਹਿਗੁਰੂ ਦਾ,
ਖੂਬ ਸਿੱਖਿਆ ਚਿਲਾ ਕਮਾਵਣਾ ਈ

੨੫.

Sri Satguru Jagjit Singh J eLibrary Namdhari Bibrary@gmail.com