ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਖਾਂਵਦ/ਖੌਦ: ਪਤੀ
ਭਾਈ ਖਾਂਵਦਖੌਦ ਕੁ ਛਿਕਲ ਚਾੜੀ ਰੱਖ।
(ਬੀਬਾ, ਪਤੀ ਦੀ ਜ਼ੁਬਾਨ ਨੂੰ ਬੰਨ੍ਹ ਮਾਰੀ ਰੱਖ)
ਖਿਜ਼ਾਬ: ਵਾਲਾਂ ਲਈ ਰੰਗ
ਜੇ ਹਜੇ ਪਰਨੀਵਣਾ ਮੰਗ ਤਾਂ ਡਾਹੜੀ ਤੇ ਖਿਜ਼ਾਬ ਮੇਲ।
(ਜੇ ਅਜੇ ਸ਼ਾਦੀ ਚਾਹੁੰਦੈ ਤਾਂ ਦਾਹੜੀ ਤੇ ਰੰਗ ਲਾ ਲੈ)
ਖਿਤਾਬ: ਉਚਾ ਅਹੁਦਾ
ਸਾਧ ਸੰਤ ਕਡਣ ਖਿਤਾਬਾਂ ਦੇ ਮੁਥਾਜ ਹੁੰਦੇ।
(ਸਾਧੂ ਸੰਤ ਕਦੋ ਉਚੇ ਅਹੁਦਿਆਂ ਦੇ ਲੋੜਵੰਦ ਹੁੰਦੇ ਨੇ)
ਖਿੰਥਾ: ਸਾਧ ਦੀ ਜੁੱਲੀ
ਆਪਣੀ ਖਿੰਥਾ ਬਾਲ ਕੇ ਸਾਧ ਨੇ ਮੇਮਣਾ ਠੰਢ ਤੂੰ ਬਚਾ ਘਿਧਾ।
(ਆਪਣੀ ਜੁਲੀ ਮਚਾ ਕੇ ਸੰਤਾਂ ਮੇਮਣੇ ਨੂੰ ਠੰਡ ਤੋਂ ਬਚਾ ਲਿਆ)
ਖਿਦਮਤ: ਸੇਵਾ
ਮੈਂ ਬਾਂਦੀ ਮਾਲਕ ਦੀ, ਖਿਦਮਤ ਵਿਚ ਰਾਤ ਭਰ ਖਲੋਤੀ।
(ਮੈਂ ਗੁਲਾਮ ਮਾਲਕ ਦੀ, ਰਾਤ ਭਰ ਸੇਵਾ ਵਿੱਚ ਖੜੀ)
ਖਿੱਲ: ਹਸ
ਖਿਲਦੀ ਜਵਾਨੀ ਦੀ ਲੈਅ ਨਾਲ ਕੋਈ ਦਿਲ ਜ਼ਿਬਾਹ।
(ਹਸਦੀ ਜਵਾਨੀ ਦੀ ਤਰੰਗ ਨੇ ਬੜੇ ਦਿਲ ਕਤਲ ਕੀਤੇ)
ਖਿਲਤ: ਸਿਰੋਪਾ/ਸਨਮਾਨ
ਸਰਕਾਰੂੰ ਮਿਲੀ ਖਿਲਤ ਨਾਲ ਸਿਰ ਫਿਰ ਗਿਆ।
(ਸਰਕਾਰੋਂ ਪ੍ਰਾਪਤ ਸਨਮਾਨ ਨਾਲ ਹੰਕਾਰਿਆ ਗਿਆ ਸੀ)
ਖਿੱਲਾਂ: ਮਾਮੂਲੀ ਇਨਾਮ
ਖਿੱਲਾਂ ਪਿਛੈ ਧਰਮ ਵੰਞਾਵੇਂ, ਬਾਦਰਾਂ ਵਾਲਾ ਚਲਨ।
(ਮਾਮੂਲੀ ਇਨਾਮ ਬਦਲੇ ਫਰਜ਼ ਛੱਡੇ, ਬਾਦਰਾਂ ਦਾ ਚਾਲਾ)
ਖਿਵਣਾ: ਪ੍ਰਸੰਨ ਰਹਿਣਾ
ਨਿਵਣੁ ਸੁ ਅਖਰ ਖਿਵਣ ਗੁਣ, ਸਫਲ ਸੁਆਣੀ ਥੀਵੇ।
(ਨਿਮਰ ਬੋਲ ਤੇ ਪ੍ਰਸੰਨ ਮੁਦਰਾ, ਪਤਨੀ ਦੀ ਸਫਲਤਾ ਦੇ ਗੁਰ)
ਖਿੜਾਂਦ: ਮਨ ਪ੍ਰਚਾਵੇ ਦੀ ਖੇਡ ਵਿਚ
ਅੰਵਾਣੇ ਚਿੰਦਿਆਂ ਦੀ ਖਿੜਾਂਦੇ ਲਗੇ ਹਨ, ਕੰਮ ਨਿਬੇੜੁ।
(ਜੁਆਕ ਬੰਟਿਆਂ ਦੀ ਖੇਡ ਵਿਚ ਮਸਤ ਨੇ, ਕੰਮ ਸਿਰੇ ਲਾਈਏ)
ਖੀਸਾ: ਜੇਬ
ਖੁਲ੍ਹਾ ਹੱਥ ਪਰ ਪਾਟਾ ਖੀਸਾ ਡੇਖ ਭਾਊ ਦੀ ਸ਼ਾਨ।
(ਸਖੀ ਸੁਭਾਅ ਪਰ ਖਾਲੀ ਜੇਬ, ਵੇਖ ਭਾਊ ਦੀ ਸ਼ਾਨ)

(56)