ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਵਫ਼ਾਤ: ਚਲਾਣਾ
ਸ਼ਾਹ ਜੀ ਵਫਾਤ ਪਾ ਗਏ ਹਿਨ, ਸੀੜ੍ਹੀ ਨਾਲ ਜੁਲੂੰ।
(ਸ਼ਾਹ ਜੀ ਚਲਾਣਾ ਕਰ ਗਏ ਨੇ, ਅਰਥੀ ਨਾਲ ਚਲੀਏ)
ਵਬਾ: ਛੂਤ
ਸਿੰਨੀ ਰੁਤ ਵਿਚ ਚਮੜੀ ਦੀ ਲਾਗ ਵਬਾ ਬਣ ਵੈਂਦੀ ਹੇ।
(ਸਿਲ੍ਹਾਬੀ ਰੁਤ ਵਿਚ ਚਮੜੀ ਦੀ ਲਾਗ ਛੂਤ ਹੋ ਜਾਂਦੀ ਹੈ)
ਵਲ: ਜਾਚ-ਦੇਖੋ 'ਡਾ'
ਵਲ/ਵਲਣਾ/ਵਲਾ/ਵਲਾਵਣਾ:ਮੁੜ ਪੈ/ਮੁੜ ਪੈਣਾ/ਮੋੜ-ਮੁੜਾਵਣਾ-ਮੋੜਨਾ
ਵਲ ਆ, ਵਲਣਾ ਪੋਸੀ, ਮੁਕਾ ਡੇ, ਵਲਾਵਣਾ ਕੀਤਾ ਤਾਂ ਵਲਾ ਡੇ।
(ਮੁੜ ਪੈ, ਮੁੜਨਾ ਪਊ, ਮੁਕਾ ਦੇ, ਮੋੜਨਾ ਕੀਤੈ ਤਾ ਮੋੜ ਦੇ)
ਵਲਾਵਾਂ: ਚਕਰ/ਉਲਝਣ
ਤੈਂਡੇ ਪਿਛੈ ਮੈਕੂੰ ਵਾਧੂ ਦਾ ਵਲਾਵਾਂ ਪੈ ਗਿਐ।
(ਤੇਰੇ ਪਿਛੇ ਮੈਨੂੰ ਵਾਧੂ ਦਾ ਚਕਰ/ਉਲਝਾ ਪੈ ਗਿਆ ਹੈ)
ਵੜ: ਕਿਸਮ
ਲੀੜਿਆਂ ਦੇ ਕਿਹੜੇ ਕਿਹੜੇ ਵੜ ਮੰਗਾਵਣੇ ਹਿਨ।
(ਕਪੜੇ ਕਿਹੜੀ ਕਿਹੜੀ ਕਿਸਮ ਦੇ ਮੰਗਵਾਣੇ ਨੇ)
ਵਾਸਣੀ: ਲੱਕ ਬੱਧੀ ਬੋਝੀ
ਰਕਮ ਵਾਸਣੀ ਵਿਚ ਸੰਭਾਲ, ਰਾਹ ਵਿਚ ਖਤਰਾ ਹੇ।
(ਰਕਮ ਲੱਕ ਦੀ ਬੋਝੀ ਵਿਚ ਸੰਭਾਲ, ਰਾਹ ਵਿਚ ਖ਼ਤਰਾ ਹੈ)
ਵਾਸਨਾ/ਵਾਸ਼ਨਾ: ਤਮੰਨਾ/ਸੁਗੰਧ/ਗੰਧ
ਮਾਸ ਖਾਣ ਦੀ ਵਾਸਨਾ ਹਾਈ, ਧਰਿਆ ਹੇਈ ਤੇ ਵਾਸ਼ਨਾ ਖਿਚ ਘਿਧੈ।
(ਮਾਸ ਖਾਣ ਦੀ ਤਮੰਨਾ ਸੀ, ਧਰਿਆ ਹਈ ਤਾਂ ਸੁਗੰਧ/ਗੰਧ ਧੂ ਲਿਆਈ)
ਵਾਹਯਾਤ: ਬੇ ਸਿਰ ਪੈਰ
ਵਾਹਯਾਤ ਗਲਾ ਕਰੀਂਦੇ ਕਰੀਂਦੇ ਨਿਕੰਮੇ ਥੀ ਗਏ ਹੋ।
(ਬੇ ਸਿਰ ਪੈਰ ਗਲਾਂ ਕਰਦੇ ਹੋਏ, ਨਿਕੰਮੇ ਹੋ ਗਏ ਹੋ)
ਵਾਕ: ਹੁਕਮਨਾਮਾ
ਅਰਦਾਸ ਕੀਤੀ ਹਿਵੇ ਤੇ ਹੁਣ ਵਾਕ ਵੀ ਲਵੋ।
(ਅਰਦਾਸ ਕੀਤੀ ਹੈ, ਹੁਣ ਹੁਕਮਨਾਮਾ ਵੀ ਲਵੋ)
ਵਾਛ: ਹਿੱਸਾ ਪਤੀ
ਅਜ ਬਕਰੇ ਦਾ ਝਟਕਾ ਥੀਵਣੈ, ਤੈਂ ਵਾਛ ਪਾਣੀ ਹੇ।
(ਅਜ ਬਕਰੇ ਦਾ ਝਟਕਾ ਕਰਨੈ, ਤੂੰ ਹਿਸਾ ਪਤੀ ਪਾਣੀ ਹੈ)
ਵਾਤ: ਮੂੰਹ
ਬਾਬਾ, ਕਤਰਾ ਵਾਤ ਪੱਟ, ਦਵਾਈ ਘੱਤਾਂ।
(ਬਾਬਾ, ਜ਼ਰਾ ਮੂੰਹ ਖੋਲ੍ਹ, ਦੁਆਈ ਪਾ ਦਿਆਂ)

(194)