ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਲੰਡੂਰਾ: ਲੰਡਾ/ਪੂਛ ਰਹਿਤ
ਡਾਂਦ ਦੀ ਪੂਛ ਲੰਮੀ ਹੇ, ਡਾਢੀ ਲਗਦੀ ਹੇ, ਲੰਡੂਰਾ ਕਰਾ ਡਿਵਾਂਹੈਂ।
(ਬਲਦ ਦੀ ਪੂਛ ਲੰਬੀ ਹੈ, ਜ਼ੋਰ ਦੀ ਵਜਦੀ ਹੈ, ਲੰਡਾ ਕਰਾ ਲਈਏ)
ਲਤੀਫ਼: ਅਕਲ ਭਰਪੂਰ
ਜੇ ਤੂ ਅਕਲ ਲਤੀਫ਼ ਹੇ ਤਾਂ ਭਲੇ ਵਿਚਾਰ ਵੰਡ।
(ਜੇ ਤੂੰ ਅਕਲ ਭਰਪੂਰ ਹੈਂ ਤਾਂ ਭਲੇ ਵਿਚਾਰ ਵੰਡ)
ਲੱਥੀ ਚੜ੍ਹੀ: ਵਾਧਾ ਘਾਟਾ
ਜੈਕੂੰ ਲਥੀ ਚੜ੍ਹੀ ਦੀ ਨਾਹੀਂ, ਊਕੂੰ ਹੱਟੀ ਡੇ ਡਿਤੀ ਹਿਸ।
(ਜੀਹਨੂੰ ਵਾਧੇ ਘਾਟੇ ਦੀ ਪਰਵਾਹ ਨਹੀਂ, ਉਹਨੂੰ ਹੱਟੀ ਦੇ ਦਿਤੀ ਹੈ)
ਲੱਧਾ: ਲੱਭਿਆ
ਚਾਰੇ ਚੁੰਡਾ ਫੋਲ/ਗੋਲ ਘਿੱਧੀਆਂ ਹਿਨ, ਲੱਧਾ ਕੁਝ ਨਹੀਂ।
(ਚਾਰੇ ਕੋਨੇ ਫਰੋਲ ਲਏ ਨੇ, ਲੱਭਿਆਂ ਕੁਝ ਨਹੀਂ)
ਲੱਪ: ਮੁੱਠੀ ਭਰ
ਭੁੱਖ ਲਹਾਵਣ ਕੂੰ ਲੱਪ ਲੱਪ ਛੋਲੇ ਵਰਤੈਂਦੇ ਹਿਨ।
(ਭੁੱਖ ਲਾਹਣੁ ਨੂੰ ਮੁੱਠੀ ਭਰ ਛੋਲੇ ਵਰਤੌਂਦੇ ਸਨ)
ਲਫ਼ਜ਼: ਸ਼ਬਦ
ਲਫ਼ਜ਼ ਹਿੱਕ ਵੀ ਜੇ ਗਲਤ ਥਿਆ, ਸਾਰਾ ਕਰਾਰਨਾਮਾ ਮਿੱਟ ਵੈਸੀ।
(ਸ਼ਬਦ ਇਕ ਵੀ ਜੇ ਗਲਤ ਹੋਇਆ, ਸਾਰਾ ਕਰਾਰਨਾਮਾ ਖਤਮ ਹੋਜੂ)
ਲੱਬ: ਥੁੱਕ/ਲਾਲਚ
ਨੋਟਾਂ ਦੇ ਲੱਬ ਪਿਛੂੰ ਲੱਬ ਲਾ ਕੇ ਤ੍ਰਿਖਾ ਤ੍ਰਿਖਾ ਗਿਣੀ ਗਿਆ।
(ਨੋਟਾਂ ਦੇ ਲਾਲਚ ਨੂੰ ਥੁੱਕ ਲਾ ਕੇ ਛੇਤੀ ਛੇਤੀ ਗਿਣਦਾ ਰਿਹਾ)
ਲੰਮ ਢੀਂਗ: ਝਾਫੇ ਜਿਡੀ ਲੰਮੀ/ਵੱਡਾ ਕਦ
ਕੇ ਖਵੈਂਦੇ ਹੋ, ਡੀਹਾਂ ਵਿਚ ਹੀ ਲੰਮ ਢੀਂਗ ਥੀ ਗਈ ਹੇ।
(ਕੀ ਖੁਆਂਦੇ ਹੋ, ਦਿਨਾਂ ਵਿਚ ਹੀ ਵਡੇ ਕਦ ਦੀ ਹੋ ਗਈ ਹੈ)
ਲੰਮਾਂ: ਦਖਣ
ਪੈੜ ਲੰਮੇ ਧਿਰ ਨਿਕਲੀ ਹੇ ਤੇ ਵਾਹਰ ਉਡਾਹੀਂ ਗਈ ਹੇ।
(ਪੈੜ ਦਖਣ ਵਲ ਗਈ ਹੈ ਤੇ ਵਾਹਰ ਉਧਰੇ ਗਈ ਹੈ)
ਲਲਾਟ/ਲਿਲਾਟ: ਮੱਥਾ
ਫਕੀਰ ਦੇ ਲਲਾਟ/ਲਿਲਾਟ ਚੋਂ ਨੂਰ ਟਪਕਦੈ।
(ਫਕੀਰ ਦੇ ਮੱਥੇ ਤੋਂ ਨੂਰ ਟਪਕਦਾ ਹੈ)
ਲਵਣਾ: ਬਹੁਤ ਬੋਲਣਾ
ਜੇਤਾ ਭਵਿਆਂ ਤੇਤਾ ਲਵਿਆਂ, ਸਚ ਪਿਆ ਨਾ ਪੱਲੇ।
(ਜਿੰਨਾ ਘੁੰਮ ਲਵੋ, ਉਨਾਂ ਵਧ ਬੋਲੋ, ਸੱਚ ਤਾਂ ਪਾ ਨਹੀਂ ਸਕਦੇ)
ਲੜ: ਸਿਰਾ/ਵਿਆਹੇ ਜਾਣਾ
ਕਾਈ ਲੜ ਫੜਾ, ਤੈਂ ਲੜ ਲਗਣੈ ਕਿ ਨਾਹੀਂ।
(ਕੋਈ ਸਿਰਾ ਤਾਂ ਫੜਾ, ਤੈਂ ਵਿਆਹ ਕਰਾਣੈ ਕਿ ਨਹੀਂ)

(186)