ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਮਹਿਰਾਬ: ਡਾਟ
ਵਰਾਂਡੇ ਦੀ ਮਹਿਰਾਬ ਡਾਢੀ ਮਜ਼ਬੂਤ ਪਾਂਵੇਂ।
(ਬਰਾਂਡੇ ਦੀ ਡਾਟ ਚੰਗੀ ਮਜ਼ਬੂਤ ਪਾਈਂ)
ਮਹਿਰਮ ਭੇਤੀ/ਦਿਲਦਾਰ
ਮਹਿਰਮ ਦਿਲਾਂ ਦਾ ਮਾਹੀ, ਮੋੜੂ ਕਡਣ ਮੁਹਾਰਾਂ।
(ਦਿਲਾਂ ਦਾ ਭੇਤੀ ਦਿਲਦਾਰ, ਕਦੋਂ ਵਾਪਸ ਮੁੜੇਗਾ)
ਮਹੋਰ: ਦੁਰ ਫਿਟੇ
ਮਹੋਰ, ਵਲਾ ਵਲਾ ਸਡ ਕੇ ਮੈਕੂੰ ਅਰਾਮ ਨਾ ਕਰਨ ਡੇਵੇਂ।
(ਦੁਰ ਫਿਟੇ ਹੀ, ਮੁੜ ਮੁੜ ਬੁਲਾ ਕੇ ਮੈਨੂੰ ਅਰਾਮ ਨਾ ਕਰਨ ਦੇ)
ਮਕਸਦ ਉਦੇਸ਼
ਸਾਡੀ ਗਲਬਾਤ ਦਾ ਮਕਸਦ ਯਕਜਹਿਤੀ ਕਰਨਾ ਹਾਈ।
(ਸਾਡੀ ਗਲਬਾਤ ਦਾ ਉਦੇਸ਼ ਏਕਤਾ ਕਰਨਾ ਸੀ)
ਮਕਤਬ: ਸਕੂਲ
ਬਸਤਾ ਚਾਈ ਮਕਤਬ ਵੱਲ ਵੈਦੇ ਬਾਲ ਹਸਦੇ ਖਿਲਦੇ ਵੰਞਿਣ।
(ਬਸਤਾ ਚੁੱਕੀ ਸਕੂਲ ਜਾਂਦੇ ਬਚੇ ਹਸਦੇ ਹਸਦੇ ਜਾਣ)
ਮਕਤਲ: ਕਤਲਗਾਹ
ਜਿਸ ਧੱਜ ਨਾਲ ਭਗਤ/ਸ਼ਹੀਦ ਮਕਤਲ ਕੂੰ ਜੁਲੇ, ਉਸ ਕੂੰ ਸਲਾਮ।
(ਜਿਸ ਸ਼ਾਨ ਨਾਲ ਭਗਤ/ਸ਼ਹੀਦ ਕਤਲਗਾਹ ਨੂੰ ਜਾਣ, ਉਸ ਨੂੰ ਸਲਾਮ ਹੈ)
ਮਕਬਰਾ: ਕਬਰ ਉਪਰ ਭਵਨ
ਤਾਜ ਮਹੱਲ ਸੂਹਣਾ ਤੇ ਮਕਬੂਲ ਮਕਬਰਾ ਹੇ।
(ਤਾਜ ਮਹੱਲ ਸੋਹਣਾ ਤੇ ਹਰਮਨ ਪਿਆਰਾ ਕਬਰ ਦਾ ਭਵਨ ਹੈ)
ਮਕਬੂਲ: ਹਰਮਨ ਪਿਆਰਾ-ਦੇਖੋ ਵਾਕ ਮਕਬਰਾ ਸਬੰਧੀ
ਮਕਾਮ: ਟਿਕਾਣਾ
ਕੈਂਹ ਮੁਕਾਮ ਤੇ ਤਾਂ ਖਲੋ ਕੇ ਰਾਤ ਕਟਣ ਦੀ ਸੋਚੂੰ।
(ਕਿਸੇ ਟਿਕਾਣੇ ਤੇ ਖੜ ਕੇ ਰਾਤ ਕੱਟਣ ਬਾਰੇ ਸੋਚੀਏ)
ਮਖ਼/ਮਖਣ/ਮਖ਼ਾਂ/ਮਖ਼ੇਂ: ਮੈਂ ਕਿਹਾ
ਮਖ਼/ਮਖਣ/ਮਖ਼ਾਂ/ਮਖ਼ੇਂ ਮੈਂਡੀ ਗਲ ਤਾਂ ਸੁਣੀ ਵੰਞ।
(ਮੈਂ ਕਿਹਾ ਮੇਰੀ ਗਲ ਤਾਂ ਸੁਣਦਾ ਜਾ)
ਮਖ਼ਮਲ: ਰੇਸ਼ਮ
ਮਖ਼ਮਲ ਦੀ ਸੀਰਕ ਕਾਈ ਨਿਸੇ ਬਣਾਈ।
(ਰੇਸ਼ਮ ਦੀ ਰਜ਼ਾਈ ਅਸੀਂ ਕੋਈ ਨਹੀਂ ਬਣਾਈ)
ਮਖ਼ਲੂਕ: ਜੀਵ ਸੰਸਾਰ
ਹਵਾ ਤੇ ਪਾਣੀ ਮੁੱਕ ਵੈਸਿਨ ਤਾਂ ਮਖਲੂਕ ਜੀੰਦੀ ਕਿਵੇਂ ਰਾਹਸੀ।
(ਹਵਾ-ਪਾਣੀ ਮੁੱਕ ਗਏ ਤਾਂ ਜੀਵ ਸੰਸਾਰ ਕਿਵੇਂ ਜਿਉਂਦਾ ਰਹੂ)
ਮਗ਼ਜ਼: ਦਿਮਾਗ਼/ਬੀਜਾਂ ਦੀ ਗਿਰੀਆਂ
ਪੰਜੀਰੀ ਵਿਚ ਮਗਜ਼ ਪੀਹ ਕੇ ਰਲਾਵੀਂ, ਮਗਜ਼ ਕੂੰ ਚੰਗੇ ਹੂੰਦੇਨ।
(ਪੰਜੀਰੀ ਵਿਚ ਗਿਰੀਆਂ ਪੀਹ ਕੇ ਮਿਲਾਈ, ਦਿਮਾਗ਼ ਨੂੰ ਚੰਗੇ ਹੁੰਦੇ ਨੇ)