ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਪੁੜ: ਚੁੱਭ
ਭਜਦਾ ਕਿਵੇਂ, ਪੇਰ ਵਿਚ ਕੰਡਾ ਪੁੜ ਗਿਆ ਹਾਈ।
(ਭਜਦਾ ਕਿਵੇਂ, ਪੈਰ ਵਿਚ ਕੰਡਾ ਚੁਭ ਗਿਆ ਸੀ)
ਪੇਖ ਵੇਖ
ਕਰਤੂਤਾਂ ਨਾਲ ਹਵਾ ਪਾਣੀ ਤ੍ਰਕਾਇਐ, ਪੇਖ ਪੇਖ ਰੋ।
(ਕਰਤੂਤਾਂ ਨਾਲ ਹਵਾ ਪਾਣੀ ਦੂਸ਼ਿਤ ਕੀਤੈ, ਵੇਖ ਵੇਖ ਰੋ)
ਪੇਛਾ ਖਾਨਦਾਨ ਦਾ ਪਿਛੋਕੜ
ਲਾਣਾ ਭਾਵੇਂ ਵੱਡਾ ਤਾਂ ਹੈ ਪਰ ਪੇਛਾ ਨੇਕ ਬਖਤਾਂ ਵਾਲਾ ਹੈ।
(ਟੱਬਰ ਭਾਵੇਂ ਵੱਡਾ ਤਾਂ ਹੈ, ਪਰ ਪਿਛੋਕੜ ਚੰਗੇ ਭਾਗਾਂ ਵਾਲਿਆਂ ਦਾ ਹੈ)
ਪੇਰ/ਪੇਰੂ ਰ੍ਹਣਾ: ਪੈਰ/ਪੈਰੋਂ ਨੰਗਾ
ਪੇਰੂ ਰਾਹਣਿਆਂ ਦੇ ਪੈਰਾਂ ਦੀ ਖਲ ਮੋਟੀ ਹੇ।
(ਪੈਰੋਂ ਨੰਗਿਆਂ ਦੇ ਪੈਰਾਂ ਦੀ ਚਮੜੀ ਮੋਟੀ ਹੈ)
ਪੇਲਣਾ: ਥਾਪੀਆਂ ਮਾਰਨਾ
ਤੂ ਟਾਲਾ ਵੱਟ, ਲੁਚੜ ਭਿੜਨੇ ਕੂੰ ਪੇਲਦਾ ਵੱਦੈ।
(ਤੂੰ ਪਾਸਾ ਕਰ, ਲੰਡਰ ਲੜਨ ਨੂੰ ਥਾਪੀਆਂ ਮਾਰਦਾ ਫਿਰਦਾ ਹੈ)
ਪੇੜ: ਰੁੱਖ
ਰੇਗਿਸਤਾਨ ਵਿਚ ਪੇੜ ਪਾਲਣਾ ਪੁੰਨ ਗਿਣਦੇ ਹਨ।
(ਰੇਗਿਸਤਾਨ ਵਿਚ ਰੁੱਖ ਪਾਲਣਾ ਪੁੰਨ ਮੰਨਦੇ ਨੇ)
ਪੈ: ਘਰ ਵਾਲਾ
ਨਿਨਾਣ ਨੇ ਮੈਂਡੇ ਪੈ (ਆਪਣੇ ਭਰਾ) ਨੂੰ ਭਖਾਅ, ਮੈਨੂੰ ਮਾਰ ਪਵਾਈ।
(ਨਣਦ ਨੇ ਮੇਰੇ ਘਰ ਵਾਲੇ-ਆਪਣੇ ਭਰਾ-ਨੂੰ ਗਰਮੀ ਦੇ ਕੇ ਮੈਨੂੰ ਕੁੱਟ ਪਵਾਈ)
ਪੈਜ: ਇਜ਼ਤ
ਮੈਂ ਹੁਣ ਤੈਂਡੇ ਆਸਰੇ ਹਾਂ, ਮੈਂਡੀ ਪੈਜ ਰਖਿਆਏ।
(ਮੈਂ ਹੁਣ ਤੇਰੇ ਆਸਰੇ ਹਾਂ, ਮੇਰੀ ਇਜ਼ਤ ਰਖਿਆ ਜੇ)
ਪੋਸੀ/ਪਉਸੀ: ਪਊ
ਹੁਧਾਰ ਘਿਧਾ ਜੋ ਹਾਵੇ, ਹੁਣ ਡੇਵਣਾ ਨਾ ਪੋਸੀ/ਪਉਸੀ।
(ਉਧਾਰ ਲਿਆ ਜੋ ਸੀ, ਹੁਣ ਦੇਣਾ ਨਾ ਪਊ)
ਪੋੜ: ਚੁਭੋ
ਮੈਕੂੰ ਪੀੜ ਦਾ ਬਹੂੰ ਡਰ ਹੇ, ਸੂਈ ਹੌਲੇ ਹੌਲੇ ਪੋੜ।
(ਮੈਨੂੰ ਪੀੜ ਦਾ ਬੜਾ ਡਰ ਹੈ, ਸੂਈ ਹੌਲੀ ਜਿਹੀ ਚੁਭੋ)
ਪੌਂਚਾ/ਪੌਂਚੀ: ਗੁੱਟ/ਗੁੱਟ ਦਾ ਗਹਿਣਾ।
ਮਿੱਕਣ ਲਗਾ ਹਾਏ, ਮਿਆਂਕ ਨਾਂ, ਪੌਂਚਾ ਛੁਟਸੀ ਜੇ ਪੌਂਚੀ ਮੰਨੇਸੇ।
(ਮੁਕਾਬਲਾ ਕਰਨ ਲਗਾ ਸੈਂ, ਮਿਆਂਕ ਨਹੀਂ, ਗੁਟ ਛਡਿਆ ਜਾਉ ਜੇ ਪੌਚੀ ਮੰਨੇ)
ਪੌਲਾ: ਛਿੱਤਰ
ਵਿਗੜੈਲ ਪੌਲਿਆਂ ਦਾ ਯਾਰ ਹੇ, ਸਿੱਧਾ ਕਰ ਡੇਵਾਂ।
(ਵਿਗੜੈਲ ਛਿਤਰਾਂ ਦਾ ਯਾਰ ਹੈ, ਸਿੱਧਾ ਕਰ ਦਿਆਂ)

(144)