ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਪਰਤੀਤ: ਵਿਸਵਾਸ਼
ਖਰੇ ਖੋਟੇ ਦੀ ਕਾਈ ਪਰਤੀਤ ਨਹੀਂ, ਸੰਭਲ ਪੈਰ ਰੱਖ।
(ਖਰੇ ਖੋਟੇ ਦਾ ਕੋਈ ਵਿਸ਼ਵਾਸ਼ ਨਹੀਂ, ਸੰਭਲ ਕੇ ਚਲ)
ਪਰਾਂਹ/ਪਰੂੰਹ: ਪਰੇ ਤੋਂ/ਦੂਰੋਂ
ਨੇੜੇ ਤਾਂ ਵਾੜੀ ਹੇ ਕਾਈ ਨਾ, ਪਰਾਂਹ/ਪਰੂੰਹ ਤੂੰ ਘਿਨਾਸੀ।
(ਨੇੜੇ ਤਾਂ ਬਗੀਚੀ ਕੋਈ ਨਹੀਂ ਹੈ, ਦੂਰ ਤੋਂ ਲਿਆਊ)
ਪਲਤ: ਅਗਲਾ ਜਹਾਨ
ਇੱਥੇ ਪੜ੍ਹਤ ਹੋਈ ਤਾਂ ਅੱਖਾਂ ਪਲਤ ਵੀ ਸੰਵਰ ਵੈਸੀ।
(ਇੱਥੇ ਇਜ਼ਤ ਹੈ ਤਾਂ ਅਗਲਾ ਜਹਾਨ ਵੀ ਸੰਵਰ ਜਾਊ)
ਪਲੀਤ: ਲਿਬੜਿਆ
ਰੱਤ ਲਗਣ ਤੂੰ ਲੀੜਾ ਪਲੀਤ ਥੀਵੇ, ਇੰਵੇਂ ਮਨ ਵੀ ਤਰੱਕਦੈ।
(ਲਹੂ ਲਗਣ ਤੇ ਲੀੜਾ ਲਿਬੜਦੈ, ਇਵੇਂ ਮਨ ਵੀ ਮੁਸ਼ਕ ਜਾਂਦੈ)
ਪਲੀਤਾ: ਚੰਗਿਆੜੀ
ਭਿੜਨੇ ਕੂੰ ਪਹਿਲੂੰ ਚੋਤਾ ਵਟੀ ਬੈਠੇ, ਪਲੀਤਾ ਲਾਈ ਵੈਂਦੇ।
(ਲੜਨ ਨੂੰ ਪਹਿਲਾਂ ਹੀ ਲੱਕ ਬੰਨੀ ਫਿਰਦੈ, ਤੂੰ ਚੰਗਿਆੜੀ ਸਿੱਟੀ ਜਾਂਦਾ ਹੈ)
ਪਲੱਥਾ/ਪਥੱਲਾ: ਚੌਕੜਾ/ਗੱਤਕਾ
ਬੂਹੇ ਅਗੂੰ ਪਲੱਥਾ/ਪਥੱਲਾ ਮਾਰੀ ਬੈਠਾ ਹੈ, ਲੰਘਾ ਕੀਕੂ
(ਬੂਹੇ ਅਗੇ ਚੌਕੜਾ ਮਾਰੀ ਬੈਠਾ ਹੈ, ਲੰਘਾਂ ਕਿਵੇਂ)
ਕੇਹਾ ਪਲੱਥਾ ਖੇਡਦੈ, ਉਹ ਵੀ ਨੰਗੀ ਕਿਰਪਾਨ ਨਾਲ!
(ਕੀ ਗਤਕਾ ਖੇਡਦੈ, ਉਹ ਵੀ ਨੰਗੀ ਤਲਵਾਰ ਨਾਲ!)
ਪਲੜਾ ਪਾਸਾ
ਵੱਟਾ ਵਡੈ, ਪਲੜਾ ਭਾਰੀ ਹੈ, ਉਡਾਹੀਂ ਭੁਗਤਸਾਂ।
(ਭਾਰ ਵੱਧ ਹੈ, ਪਲੜਾ ਵੀ ਭਾਰੀ ਹੈ, ਉਧਰੈ ਭੁਗਤੂੰਗਾ)
ਪਲੂਤਾ: ਸਰਾਪ
ਤਪੀ ਕੂੰ ਨਾ ਤਪਾਓ, ਕਾਈ ਪਲੂਤਾ ਕਢੇਸੀਆ।
(ਦੁਖੀ ਨੂੰ ਨਾ ਸਤਾਓ, ਕੋਈ ਸਰਾਪ ਦੇ ਦਿਉ)
ਪਲਮਣਾ: ਲਮਕਣਾ
ਰਸੀਲੇ ਅੰਬ ਡਾਹਣੀਆਂ ਨੂੰ ਪਲਮਦੇ ਤਾਂ ਡੇਖ।
(ਰਸਦਾਰ ਅੰਬ ਟਹਿਣੀਆਂ ਤੋਂ ਲਮਕਦੇ ਤਾਂ ਤੱਕ)
ਪਵਾਂਧੀ: ਪੈਂਦ/ਪੁਆਂਧੀ
ਰੋਗੀ ਦੇ ਮੰਜੇ ਤੇ ਨਹੀਂ ਪਵਾਂਧੀ ਵੱਲ ਵੱਖ ਬੈਠ।
(ਰੋਗੀ ਦੇ ਮੰਜੇ ਤੇ ਨਹੀਂ ਪੈਂਦ/ਪੁਆਂਧੀ ਵਲ, ਵੱਖ ਬੈਠ)
ਪੜਛੱਤੀ: ਮਿਆਨੀ
ਪੜਛੱਤੀ ਛੱਤ ਚਾ, ਬਹੂੰ ਸਮਾਨ ਸੰਭ ਵੈਸੀ।
(ਮਿਆਨੀ ਛੱਤ ਲੈ, ਬਹੁਤ ਸਮਾਨ ਸੰਭ ਜਾਊ)

(139)