ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਪਸੇਰੀ: ਪੰਜ ਸੇਰਾ ਵੱਟਾ
ਮਣਾਂ ਭਾਰ ਦਾ ਮਾਲ ਹੇ, ਪਸੇਰੀਆਂ ਕਣੂੰ ਕੰਡਣ ਤੁਲਸੀ।
(ਮਣਾਂ ਭਰ ਦਾ ਮਾਲ ਹੈ, ਪਸੇਰੀ ਵੱਟੇ ਨਾਲ ਕਦੋਂ ਤੁਲੁਗਾ)
ਪਹਿਰੂਆ: ਸੰਤਰੀ
ਹੁਣ ਥੋੜਾ ਜਿਹਾ ਸੰਮ ਘਿਨਾਂ, ਰਾਤੀਂ ਪਹਿਰੂਆ ਸਾਂ।
(ਹੁਣ ਰਤਾ ਸੌਂ ਲਵਾਂ, ਰਾਤੀਂ ਸੰਤਰੀ ਰਿਹਾ ਸੀ)
ਪਹੁ: ਸਵੇਰ ਦਾ ਪਹਿਲਾ ਚਾਨਣ
ਚਿੜੀਆਂ ਚੁਕਣ ਲੱਗ ਪਈਆਂ ਹਨ, ਪਹੁ ਫੁਟ ਪਈ ਹੇ।
(ਚਿੜੀਆਂ ਬੋਲ ਰਹੀਆਂ ਨੇ, ਸਵੇਰ ਦਾ ਪਹਿਲਾ ਚਾਨਣ ਹੋ ਗਿਆ ਹੈ)
ਪੱਕ/ਪੱਕ ਠੱਕ: ਤਸੱਲੀ/ਤਹਿ ਕਰਨਾ
ਪਹਿਲੂੰ ਪੱਕ ਕਰ ਚਾ ਕਿ ਪੱਕ ਠੱਕ ਥੀ ਗਈ ਹੇ ਨਾ।
(ਪਹਿਲੋਂ ਤਸੱਲੀ ਕਰ ਲੈ ਕਿ ਮਾਮਲਾ ਤਹਿ ਕਰ ਲਿਆ ਗਿਆ ਹੈ।
ਪੰਕਜ: ਕਮਲ ਦਾ ਫੁਲ
ਪੰਕਜ ਭਾਵੇਂ ਚਿਕੜ ਚੂੰ ਨਿਕਲਦੈ ਪਰ ਕੂਲਾ ਤੇ ਸੁੱਚਾ ਕਿਤਨੈ।
(ਕਮਲ ਭਾਵੇਂ ਚਿਕੜ ਵਿਚੋਂ ਉਗਦੈ, ਪਰ ਕੋਮਲ ਤੇ ਸਾਫ਼ ਕਿੰਨਾ ਹੈ)
ਪੰਘਰਨਾ: ਪਿਘਲਣਾ
ਅੱਗ ਦਾ ਤਾਅ ਲੋਹਾ ਪੰਘਾਰੇ ਤੇ ਡੁੱਖ ਦਿਲਾਂ ਕੂੰ।
(ਅੱਗ ਦੀ ਤਪਸ਼ ਲੋਹਾ ਪਿਘਲਾਏ ਤੇ ਦੁੱਖਾਂ ਦੀ ਦਿਲਾਂ ਨੂੰ)
ਪੱਚ: ਹਜ਼ਮ
ਵੇ ਹੋਸ਼ ਕੂੰ ਹੱਥ ਪਾ, ਹਰਾਮ ਦਾ ਮਾਲ ਕਿਵੇਂ ਪਚਸੀਹਾ।
(ਵੇ ਹੋਸ਼ ਕਰ, ਹਰਾਮ ਦਾ ਮਾਲ ਕਿਵੇਂ ਹਜ਼ਮ ਹੋਊ)
ਪੱਛ: ਕੱਟ
ਫੋੜਾ ਪੱਕਿਆ ਪਿਆਈ, ਪੰਛ ਲਾ ਕੇ ਪੂੰ ਕੱਢ।
(ਫੋੜਾ ਭਰਿਆ ਪਿਆ ਹਈ, ਕਟ ਲਾ ਕੇ ਪਾਕ ਕਢ)
ਪੱਛੀ/ਠੂਲ੍ਹਾ: ਖੱਜੀ ਦੀ ਟੋਕਰੀ/ਢਕਣ ਵਾਲੀ ਟੋਕਰੀ
ਰੰਗੀਨ ਪੱਛੀ ਤੇ ਠੁਲ੍ਹਾ ਸ਼ਿੰਗਾਰ ਮਾਲ ਦੀਆਂ ਡੱਟੀਆਂ ਹਨ।
(ਰੰਗੀਨ ਖੋਜੀ ਦੀ ਟੋਕਰੀ ਤੇ ਢੱਕੀ ਹੋਈ ਟੋਕਰੀ ਸ਼ਿੰਗਾਰ ਨਾਲ ਭਰੀਆਂ ਸਨ)
ਪੰਞ: ਪੰਜ
ਪੰਞੇ ਉਂਗਲਾਂ ਹਿੱਕੋ ਜਿਹੀਆਂ ਕਡਣ ਹੂੰਦੀਆਂ ਹਿਨ।
(ਪੰਜੇ ਉਂਗਲਾਂ ਇਕੋ ਜਿਹੀਆਂ ਕਦ ਹੁੰਦੀਆਂ ਨੇ)
ਪੱਟ: ਰੇਸ਼ਮ
ਪੱਟ ਦੇ ਵਿਛਾਵਣ ਨਾਲ ਨਿੰਦਰ ਦੀ ਪਕੀ ਜ਼ਾਮਨੀ ਕਡੂੰ ਹੇ।
(ਰੇਸ਼ਮੀ ਵਿਛੌਣੇ ਨੀਂਦ ਦੀ ਪੱਕੀ ਜ਼ਾਮਨੀ ਕਦੋਂ ਹਨ)
ਪੱਟ ਸੱਟ: ਪੁੱਟ ਦੇ
ਉਠ ਜਵਾਨਾਂ, ਤੈਂਡਾ ਕੰਮ ਹੇ ਜ਼ੁਲਮ ਕੀ ਜੜ੍ਹ ਪੁੱਟ ਸੱਟ।
(ਜਾਗ ਜਵਾਨਾਂ, ਤੇਰਾ ਕੰਮ ਹੈ, ਜ਼ੁਲਮ ਦੀ ਜੜ ਪੁੱਟ ਦੇ)

(137)