ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਨਾਹਲ/ਨਿਉਲ: ਉੱਠ ਦੀ ਪੈਰ-ਕੜੀ
ਉੱਠਾਂ ਕੀ ਨਾਹਲ/ਨਿਉਲ ਮਾਰ ਡੇਵੋ, ਹਨੇਰੀ ਵਿਚ ਭੱਜ ਨੇ ਵੰਞਿਨ।
(ਉੱਠਾਂ ਦੀਆਂ ਪੈਰ ਕੜੀਆਂ ਜੜ ਦਿਉ, ਹਨੇਰੀ ਵਿੱਚ ਦੌੜ ਨਾ ਜਾਣ)
ਨਾਖ: ਨਾਸ਼ਪਾਤੀ
ਨਾਖਾਂ ਚੂੰ ਖੱਟਾ-ਮਿੱਠਾ ਡੁਹੀਂ ਰਸ ਨਿਕਲਦੇ ਹਿਨ।
(ਨਾਸ਼ਪਾਤੀਆਂ ਵਿਚੋਂ ਖੱਟਾ-ਮਿੱਠਾ ਦੋਹੇਂ ਰਸ ਨਿਕਲਦੇ ਨੇ)
ਨਾਂਗ: ਸੱਪ/ਨਾਗ
ਨਾਂਗ ਤਾਂ ਲੰਘ ਗਿਐ, ਲਕੀਰਾਂ ਕੁਟਦੇ ਰਾਹਸੋ।
(ਨਾਗ ਤਾਂ ਲੰਘ ਗਿਆ ਹੈ, ਲਕੀਰ ਨੂੰ ਕੁਟਦੇ ਰਹੋਗੇ)
ਨਾਜ਼ਨੀਨ: ਨਖ਼ਰੇਲੋ
ਤੜਿੰਗ ਕੀਊ ਥੀਂਦੀ, ਜਗ ਵਿਚ ਨਾਜ਼ਨੀਨਾਂ ਦੀ ਕੋਈ ਤੋਟ ਹੇ।
(ਆਕੜ ਨਾ, ਜਗ ਵਿਚ ਨਖਰੇਲਿਆਂ ਦੀ ਕੋਈ ਘਾਟ ਹੈ)
ਨਾਜ਼ਲ ਹੋਣਾ: (ਕਹਿਰ) ਢਹਿਣਾ
ਰਹਿਮ ਕਰੋ ਹਾਕਮੋਂ, ਕਿਥਾਹੀਂ ਕੁਦਰਤ ਦਾ ਕਹਿਰ ਨਾਜ਼ਲ ਹੋ ਵੈਸੀ।
(ਹਾਕਮੋ, ਤਰਸ ਕਰੋ, ਕਿਤੇ ਕੁਦਰਤ ਦਾ ਕਹਿਰ ਨਾ ਢਹਿ ਪਵੇ)
ਨਾਦ: ਗੂੰਜ
ਮੰਦਰਾਂ ਦੇ ਸੰਖਾਂ ਤੇ ਮਸੀਤਾਂ ਦੀ ਨਮਾਜ਼ ਦੇ ਨਾਦ ਕਿਤੇ ਭਿੜ ਨਾ ਪਵਣ।
(ਮੰਦਰਾਂ ਦੇ ਸੰਖਾਂ ਤੇ ਮਸੀਤਾਂ ਦੀ ਅਜ਼ਾਨ ਦੀਆਂ ਗੂੰਜਾਂ ਕਿਤੇ ਲੜ ਨਾ ਪੈਣ)
ਨਾਮ: ਸ਼ਰਮਿੰਦਾ
ਨਾਜ਼ਮ ਦੇ ਲੁੱਚ-ਪਉ ਪਿਛੂੰ ਸਰਕਾਰ ਨਾਦਮ ਥਈ ਪਈ ਹੇ।
(ਰਾਜਪਾਲ ਦੇ ਲੱਚ-ਪਉ ਕਰਕੇ ਸਰਕਾਰ ਸ਼ਰਮਿੰਦਾ ਹੋਈ ਪਈ ਹੈ)
ਨਾਦਰ ਵਿਰਲੀ
ਸਮਾਜ ਚੂੰ ਸੇਵਾ ਤੇ ਨੇਕੀ ਨਾਦਰ ਹੋ ਰਹੀ ਹੇ।
(ਸਮਾਜ ਵਿਚੋਂ ਸੇਵਾ ਤੇ ਨੇਕੀ ਵਿਰਲੀ ਹੁੰਦੀ ਜਾ ਰਹੀ ਹੈ)
ਨਾਨਬਾਈ: ਰਸੋਈਆ/ਰਸੋਈਅਨ
ਛਾਉਣੀ ਦਾ ਨਾਨਬਾਈ ਕੋਈ ਡੀਹਾਂ ਤੂੰ ਨਦਾਰਦ ਹੇ।
(ਛਾਉਣੀ ਦਾ ਰਸੋਈਆ, ਕਈ ਦਿਨਾਂ ਤੋਂ ਗਾਇਬ ਹੈ)
ਨਾਫ਼/ਨੇਫ਼ਾ:ਧੁੰਨੀ/ਧੁੰਨੀ ਤੇ ਬੰਨ੍ਹਣ ਵਾਲਾ ਨਾਲੇ ਦਾ ਘਰ/ਨਿਉਂਗ)
ਨੇਫ਼ੇ ਦਾ ਨਾੜਾ, ਨਾਫ਼ ਤੂੰ ਹੇਠੂੰ ਬੰਨ, ਢਿਢ ਵੱਡਾ ਹੇਈ ਨਾ।
(ਨਿਊਂਗ ਵਾਲਾ ਨਾਲਾ ਧੁੰਨੀ ਤੋਂ ਹੇਠਾ ਬੰਨ੍ਹ, ਢਿੱਡ ਵੱਡਾ ਹਈ ਨਾਂ)
ਨਾਮਾਕੂਲ ਤਰਕ ਰਹਿਤ
ਨਾਮਾਕੂਲ ਦਲੀਲ ਕੌਣ ਮਨੇਸੀ।
(ਤਰਕ ਰਹਿਤ ਦਲੀਲ ਕੌਣ ਮੰਨੂਗਾ)
ਨਾਰਾ: ਪਹਿਲਾ ਗਾੜਾ ਦੁੱਧ
ਗਾਂ ਦੇ ਨਾਰੇ ਦੀ ਬਹੁਲੀ ਤੇ ਮਾਂ ਦੇ ਨਾਰੇ ਦੀ ਚੁੰਘਾਈ, ਅੰਮ੍ਰਿਤ ਹੋਵੇ।
(ਗਾਂ ਦੇ ਗਾੜ੍ਹੇ ਦੁਧ ਦੀ ਬਹੁਲੀ ਤੇ ਮਾਂ ਦੀ ਪਹਿਲੀ ਚੁੰਘਾਈ, ਅੰਮ੍ਰਿਤ ਹੋਵਣ)

(133)