ਪੰਨਾ:ਲਹਿਰਾਂ ਦੇ ਹਾਰ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਵਿੱਛੁੜੀਆਂ ਅੱਖੀਆਂ।

ਅਜਕ ਅਜਕ ਭਾਦੋਂ ਜਿਉਂ ਬਰਸਨ——
ਸੁਕ ਸੁਕ ਭਰ ਭਰ ਆਵਨ——
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ,
ਤਾਂਘ ਦਰਸ ਦੀ ਵਧਦੀ:
ਭੁੱਖੀਆਂ ਦਰਦ ਰਞਾਣੀਆਂ ਅਖੀਆਂ
ਥੱਲੇ ਲਹਿੰਦੀਆਂ ਜਾਵਨ ॥੪॥

ਤ੍ਰੇਲ ਤੇ ਸੂਰਜ।



ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ;
'ਦਰਸ-ਪਯਾਸ' ਹੁਣ ਰੂਪ ਮਿਰਾ ਹੈ,
ਮੈਂ ਵਿਚ ਹੋਰ ਨ ਬਾਕੀ,——
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ॥੫॥

-੧੧-