ਪੰਨਾ:ਲਹਿਰਾਂ ਦੇ ਹਾਰ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਕ ਕਣੀਂ ਕਲੇਜੇ ਅੰਦਰ,
ਉਹ ਘਰ ਪਈ ਪਯਾਰੀ
ਗੋਮੁਖ ਗੰਗੋਤਰ* ਕਰ ਰਸਤਾ,
ਨਿਕਲੀ ਬਾਹਰ ਵਾਰੀ।
ਪਤਲੀ ਸਾਫ ਧਾਰ ਇਹ ਨਿੱਕੀ,
ਉੱਜਲ ਠੰਢੀ ਸੁਹਣੀ,
ਟਿਕਦੀ ਨਹੀਂ ਟਿਕਾਈ ਏਥੇ,
ਤਿਲਕ ਪਈ ਮਨ ਮੁਹਣੀ।
ਉਠੀ ਓਸ ਹਿਮਾਲੇ ਗੋਦੀ,
ਮੱਲਕੜੇ ਖਿਸਕੰਦੜੀ,
ਹੇਠਾਂ ਤੁਰੀ ਹਿਠਾਹ ਜਾਂਦੀ ਹੈ
ਪਰਬਤ ਕੁੱਖ ਫਿਰੰਦੜੀ,
ਪੱਥਰ ਟੱਕਰ ਖਾ ਨਾ ਰੁਕਦੀ,
ਮੋੜ ਖਾਇ ਫਿਰ ਟੁਰਦੀ,
ਰੋਕ ਅਟਕ ਤੋਂ ਅਟਕੇ ਨਾਹੀਂ
ਮੋੜਿਆਂ ਫਿਰੇ ਨ ਮੁੜਦੀ।
ਸਗੋਂ ਰਲਾਵੇ ਨਾਲ ਆਪਣੇ
ਧਾਰਾ ਜੋ ਦਿਸਿ ਆਵੇ
ਹਰ ਪਾਣੀ ਹਰ ਬੂੰਦ ਬੁਲਾਵੇ,
ਅਪਣੇ ਵਿਚ ਸਮਾਵੇ।


  • ਜਿਸ ਥਾਉਂ ਤੋਂ ਗੰਗਾ ਨਿਕਲਦੀ ਹੈ ਉਸਦਾ ਨਾਉਂ ਗੰਰਤੀ ਹੈ।

-੧੦੩-