ਇਹ ਸਫ਼ਾ ਪ੍ਰਮਾਣਿਤ ਹੈ

ਜਿਨੇਂ ਤੇਰੇ ਵਲ ਵੀ ਏ ਕੈਰੀ ਅੱਖ ਵੇਖਿਐ,
ਕਾਲ ਨੇ ਬਲਾਵਾ ਦਿਤਾ ਉਹਨੂੰ ਲਲਕਾਰ ਕੇ।
ਧੰਨ ਧੰਨ ਧੰਨ ਗੁਰੂ ਬੀਰਤਾ ਦੇ ਪੁੰਜ ਮਾਹੀ,
ਦੁਖ ਕਟੇ ਦੇਸ਼ ਦੇ ਤੂੰ ਜ਼ਿੰਦਗੀ ਨੂੰ ਵਾਰ ਕੇ।


ਰਾਜ ਛਡ ਤਾਜ ਛਡ ਬਾਜ ਛਡ ਸਾਜ ਛਡ,
ਸਭੋ ਮਹਾਰਾਜ ਛਡ ਮਲੀਆਂ ਮੁਸੀਬਤਾਂ।
ਲਾਲ ਤੇਰੇ ਛੋਟੇ ਛੋਟੇ, ਜਿਗਰ ਦੇ ਟੋਟੇ ਟੋਟੇ,
ਹੋ ਗਏ ਪੋਟੇ ਪੋਟੇ ਝਲੀਆਂ ਮੁਸੀਬਤਾਂ।
ਤੇਰੇ ਈ ਖਿਆਲ ਨੇ ਉਚੇ ਇਕਬਾਲ ਨੇ,
ਲਡਿਕਿੜੇ ਜਿਹੇ ਲਾਲ ਨੇ ਦਲੀਆਂ ਮੁਸੀਬਤਾਂ।
ਆਕੇ ਮੈਦਾਨ ਵਿਚ ਯੁਧ ਘਮਸਾਨ ਵਿਚ,
ਜੋਸ਼ ਕਿਰਪਾਨ ਵਿਚ ਠਲ੍ਹੀਆਂ ਮੁਸੀਬਤਾਂ।


ਤੇਰੇ ਹੈ ਦਵਾਰੇ ਉਤੇ ਆਇਆ ਜਿਹੜਾ ਚਲ ਕੇ,
ਤੇਰੇ ਜੋਗਾ ਹੋ ਗਿਆ ਦੁਨੀਆਂ ਵਿਸਾਰ ਕੇ।
ਟੋਲਿਆ ਜਹਾਨ ਸਾਰਾ ਸਾਨੀ ਨਹੀਂ ਕੋਈ ‘ਸੇਵਕ',
ਖੁਸ਼ੀਆਂ ਮਨਾਏ ਜਿਹੜਾ ਪੁਤਰਾਂ ਨੂੰ ਵਾਰ ਕੇ।