ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਮਸਾਂ ਬਿੰਦ ਝੱਟ ਮੌਜ-ਮਸਤੀ ਕਰਨ ਦਾ ਮੌਕਾ ਮਿਲਦੈ, ਬਈ ਤੂੰ ਵਧੀਆ ਕੋਈ ਕਰਾਰੀ ਜੀ ਗੱਲ ਕਰ। ਹੁਣ ਮੈਨੂੰ ਉਸ ਉੱਪਰ ਗੁੱਸਾ ਆਉਣ ਲੱਗਾ।

ਉਹ ਚੁੱਪ ਸੀ। ਸਾਰੀ ਗੱਲਬਾਤ ਦੌਰਾਨ ਨਾ ਕੋਈ ਹਾਸਾ ਨਾ ਮੁਸਕਰਾਹਟ। ਹਾਏ ਰੱਬਾ, ਕਿਹੜਾ ਹਾਸਾ। ਹੱਸਣ ਵਾਲੀ ਤਾਂ ਕੋਈ ਗੱਲ ਹੀ ਨੀ ਸ਼ੁਰੂ ਹੋਣ ਦਿੱਤੀ ਪਤੰਦਰ ਨੇ।ਉਹਦੇ ਚਿਹਰੇ ’ਤੇ ਤਾਂ ਕੋਈ ਖੁਸ਼ੀ ਦੇ ਨਿਸ਼ਾਨ ਵੀ ਨਹੀਂ ਸੀ ਆਏ, ਜਿਹੜੇ ਕਿ ਆਮ ਹੀ ਪੰਜਾਬੀ ਭਰਾ ਮਿਲਣ ’ਤੇ ਆ ਜਾਂਦੇ ਨੇ। ਸਮਝ ਨੀ ਸੀ ਆ ਰਹੀ ਕਿ ਇਸ ਨੇ ਮੈਨੂੰ ਬੁਲਾਇਆ ਕਾਹਦੇ ਵਾਸਤੇ।

ਫਿਰ ਮੈਨੂੰ ਅਚਾਨਕ ਖ਼ਿਆਲ ਆਇਆ, “ਕਿਤੇ ਇਹ ਵੀ ਕਿਸੇ ਦਾ ਇੰਤਜ਼ਾਰ ਤਾਂ ਨੀ ਕਰ ਰਿਹਾ। ਮੈਨੂੰ ਸੱਦਣਾ ਤੇ ਮੇਰੇ ਨਾਲ ਗੱਲਾਂ ਕਰਨਾ, ਇਸ ਲਈ ਇੱਕ ਟਾਇਮ ਪਾਸ ਹੀ ਹੋਵੇ। ਜਦੋਂ ਮੈਂ ਬਾਰ ’ਚ ਦਾਖ਼ਲ ਹੋਇਆ ਸੀ, ਜੇ ਪੰਜਾਬੀ ਭਰਾ ਵਾਲਾ ਮੋਹ ਹੁੰਦਾ ਤਾਂ ਉਸੇ ਟਾਇਮ ਮੈਨੂੰ ਆਵਾਜ਼ ਦਿੰਦਾ।”

ਹੁਣ ਅਸੀਂ ਦੋਵੇਂ ਚੁੱਪ ਸਾਂ। ਕੋਈ ਹੋਰ ਗੱਲ ਕਰਨ ’ਚ ਮੇਰੀ ਕੋਈ ਦਿਲਚਸਪੀ ਨਹੀਂ ਸੀ। ਮੈਂ ਬਾਰ-ਗਰਲਜ਼ ਵੱਲ ਵੇਖਣ ਲੱਗਾ। ਚੈਰੀ ਦੇ ਆਉਣ ਦੀ ਹੁਣ ਕੋਈ ਉਮੀਦ ਹੀ ਨਹੀਂ ਸੀ ਲੱਗ ਰਹੀ। ਡਾਂਸ-ਫਲੋਰ ’ਤੇ ਕਈ ਲੋਕ ਕਿਸੇ ਨਾ ਕਿਸੇ ਕੁੜੀ ਨੂੰ ਨਾਲ ਲੈ ਡਾਂਸ ਕਰ ਰਹੇ ਸਨ। ਮੇਰਾ ਕਿਸੇ ਨਾਲ ਡਾਂਸ ਕਰਨ ਨੂੰ ਵੀ ਜੀਅ ਨਹੀਂ ਸੀ ਕਰ ਰਿਹਾ। ਮੇਰੇ ਮਨ ਵਿੱਚ ਤਾਂ ਚੈਰੀ ਵਸੀ ਹੋਈ ਸੀ। ਉਹ ਹੁੰਦੀ ਤਾਂ ਗੱਲ ਹੀ ਹੋਰ ਹੋਣੀ ਸੀ। ਐਨਾ ਪਿਆਰ ਤੇ ਖ਼ੁਸ਼ੀ ਨਾਲ ਡਾਂਸ ਕਰਦੀ, ਉਸ ਨੇ ਮੈਨੂੰ ਵੀ ਡਾਂਸ ਦੇ ਸਭ ਸਟੈਪ ਸਿਖਾ ਦਿੱਤੇ ਹਨ। ਹਰ ਵਾਰ ਜੱਫੀ ਪਾ ਕੇ ਕਹੂ, ‘ਐਨੇ ਚਿਰ ਬਾਅਦ ਆਏ ਹੋ, ਮੇਰੀ ਯਾਦ ਨਹੀਂ ਆਈ?’ ਬੜੀ ਪਿਆਰੀ ਚੀਜ਼ ਹੈ।

ਮੈਂ ਆਪਣੇ ਹੀ ਖ਼ਿਆਲਾਂ 'ਚ ਗੁਆਚਿਆ ਹੋਇਆ ਸੀ ਕਿ ਅਚਾਨਕ ਉਸਨੇ ਹੋਰ ਸਵਾਲ ਕੀਤਾ, “ਤੂੰ ਏਸ ਕਲੱਬ ’ਚ ਕਿਸ ਤਰ੍ਹਾਂ ਆ ਗਿਆ? ਬੰਦਰਗਾਹ ਦੇ ਨਜ਼ਦੀਕ ਤਾਂ ਹੋਰ ਵੀ ਕਈ ਕਲੱਬ ਨੇ। ਐਨੀ ਦੂਰ ਇਸ ਕਲੱਬ ਵਿੱਚ ਕਿਵੇਂ?”

ਗੱਲ ਸੁਣ ਕੇ ਥੋੜੀ ਹੈਰਾਨੀ ਹੋਈ, ‘ਮੈਂ ਕਿਸੇ ਕਲੱਬ ’ਚ ਜਾਵਾਂ, ਏਹਦੇ ’ਚ ਕਿਸੇ ਨੂੰ ਕੀ ਮਤਲਬ।’

ਪਰ ਫੇਰ ਜਲਦੀ ਹੀ ਬੇ-ਪਰਵਾਹ ਹੋ ਕੇ ਮੈਂ ਦੱਸਿਆ, “ਜਦੋਂ ਵੀ ਮੇਰਾ ਜਹਾਜ਼ ਇਸ ਬੰਦਰਗਾਹ ’ਤੇ ਆਉਂਦਾ ਹੈ, ਮੈਂ ਇਸੇ ਕਲੱਬ ਵਿੱਚ ਆਉਂਦਾ ਹਾਂ। ਏਥੇ ਇੱਕ ਕੁੜੀ ਹੈ, ਚੈਰੀ। ਪਹਿਲੀ ਵਾਰ ਮੈਨੂੰ ਏਥੇ ਹੀ ਮਿਲੀ ਸੀ। ਮੈਨੂੰ ਉਹ ਬਹੁਤ ਚੰਗੀ ਲੱਗੀ ਤੇ ਮੈਂ ਉਸ ਨਾਲ ਬਹੁਤ ਡਾਂਸ ਕੀਤਾ। ਫਿਰ ਹਰ ਵਾਰ ਇਸ ਕਲੱਬ 'ਚ ਆਉਣ ਲੱਗਾ। ਕਮਾਲ ਦੀ ਕੁੜੀ ਹੈ, ਉਸ ਨਾਲ ਡਾਂਸ ਕਰਨ ਦਾ ਮਜ਼ਾ ਹੀ ਹੋਰ ਹੈ। ਅੱਜ ਵੀ ਉਸ ਨੂੰ ਮਿਲਣ ਹੀ ਆਇਆ ਸੀ ਪਰ ਦਿਖਾਈ

81/ਰੇਤ ਦੇ ਘਰ