ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਖੇਤ ਮਜ਼ਦੂਰ, ਮੱਧ ਵਰਗ, ਦਲਿਤ ਤੇ ਪ੍ਰਵਾਸ ਬਾਰੇ ਵੀ ਲਿਖਿਆ ਜਾ ਰਿਹਾ ਹੈ ਤੇ ਸਾਡੇ ਆਲੋਚਕਾਂ ਨੇ ਵੀ ਇਨ੍ਹਾਂ ਵਿਸ਼ਿਆਂ ਨੂੰ ਬੜੀ ਬਾਰੀਕੀ ਨਾਲ ਲਿਆ ਹੈ। ਸਮੁੰਦਰ ਦਾ ਪੰਜਾਬ ਨਾਲ ਵਾਹ-ਵਾਸਤਾ ਨਾ ਹੋਣ ਕਰਕੇ, ਨਾ ਇਸ ਬਾਰੇ ਲਿਖਿਆ ਗਿਆ ਤੇ ਨਾ ਹੀ ਆਲੋਚਕਾਂ ਦਾ ਕੋਈ ਬਹੁਤਾ ਧਿਆਨ ਗਿਆ। ਹਾਂ ਸਮੁੰਦਰ ਬਾਰੇ ਕੁਝ ਅਨੁਵਾਦ ਹੋਇਆ ਸਾਹਿਤ ਪਾਠਕਾਂ ਕੋਲ ਜਰੂਰ ਪਹੁੰਚਿਆ ਤੇ ਪੜ੍ਹਿਆ ਵੀ ਗਿਆ। ਫਿਰ ਵੀ ਮੈਨੂੰ ਖ਼ੁਸ਼ੀ ਹੈ ਕਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀ ਕਿਤਾਬ 'ਪੰਜਾਬੀ ਕਹਾਣੀ ਸਰੋਕਾਰ ਤੇ ਸੰਰਚਨਾ' 'ਚ ਮੇਰੀ ਕਿਤਾਬ ਤੇ ਡਾ. ਗੁਰਇਕਬਾਲ ਨੇ ਬੜੀ ਬਾਰੀਕੀ ਨਾਲ ਘੋਖ ਕਰਕੇ ਪੂਰੇ ਨੌ ਪੇਜ਼ ਦਾ ਸ਼ਾਨਦਾਰ ਚੈਪਟਰ ਲਿਖਿਆ। ਮਨਮੋਹਨ ਬਾਵਾ, ਸੁਖਵੰਤ ਕੌਰ ਮਾਨ, ਅਤਰਜੀਤ, ਕੁਲਦੀਪ ਸਿੰਘ ਬੇਦੀ, ਸੋਮਾ ਸਬਲੋਕ, ਜੋਰਾ ਸਿੰਘ ਸੰਧੂ, ਅਮਨਪਾਲ ਸਾਰਾ, ਕੁਲਜੀਤ ਮਾਨ, ਹਰਪ੍ਰੀਤ ਸੇਖਾ ਤੇ ਬਲਬੀਰ ਕੌਰ ਸੰਘੇੜਾ ਦੇ ਬਰਾਬਰ ਮੇਰੀ ਕਿਤਾਬ ਦਾ ਨੋਟਿਸ ਲਿਆ ਗਿਆ, ਇਹ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਹੋਰ ਕਈ ਥਾਵਾਂ 'ਤੇ ਵੀ ਕਿਤਾਬ ਦਾ ਜ਼ਿਕਰ ਹੁੰਦਾ ਰਿਹਾ।

ਹੁਣ ਦੁਨੀਆਂ ਇੱਕ ਪਿੰਡ ਬਣ ਚੁੱਕੀ ਹੈ ਤੇ ਹਰ ਵਿਧਾ ਤੇ ਮੌਲਿਕ ਸਾਹਿਤ ਦੀ ਰਚਨਾ ਹੋ ਰਹੀ ਹੈ। 'ਸਮੁੰਦਰ ਦਾ ਆਦਮੀਂ' ਤੋਂ ਬਾਦ 'ਰੇਤ ਦੇ ਘਰ' ਕਹਾਣੀਆਂ ਦੀ ਮੇਰੀ ਦੂਸਰੀ ਕਿਤਾਬ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਆਲੋਚਕਾਂ ਦਾ ਹੋਰ ਧਿਆਨ ਖਿੱਚੇਗੀ। ਆਲੋਚਕ ਸਮੁੰਦਰ ਦੇ ਵਿਸ਼ੇ ਬਾਰੇ ਲਿਖੀ ਜਾ ਰਹੀ ਕਹਾਣੀ ਨੂੰ ਵੀ ਆਪਣੇ ਕਾਲਮਾਂ 'ਚ ਯੋਗ ਸਥਾਨ ਦੇ ਕੇ, ਲੇਖਕ ਤੇ ਪਾਠਕ ਦੋਵਾਂ ਨੂੰ ਇਸ ਵਿਸ਼ੇ ਬਾਰੇ ਲਿਖਣ ਤੇ ਪੜ੍ਹਨ ਲਈ ਉਤਸ਼ਾਹਤ ਕਰਨਗੇ। ਇਹ ਕਿਤਾਬ ਆਪ ਜੀ ਦੇ ਹੱਥਾਂ 'ਚ ਸੌਂਪਣ ਦੀ ਖ਼ੁਸ਼ੀ ਲੈ ਰਿਹਾ ਹਾਂ ਤੇ ਆਪ ਦੇ ਹੁੰਗਾਰੇ ਦੀ ਉਡੀਕ ਰਹੇਗੀ।

- ਪਰਮਜੀਤ ਮਾਨ

8/ਰੇਤ ਦੇ ਘਰ