ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/79

ਇਹ ਸਫ਼ਾ ਪ੍ਰਮਾਣਿਤ ਹੈ

“ਕਰੀਬ ਤਿੰਨ ਸਾਲ ਪਰ ਐਂ ਮੰਨ ਅਜੇ ਵੀ ਪੰਜਾਬ ’ਚ ਹੀ ਹਾਂ। ਰੋਜ਼ ਦੋ ਵਾਰ ਗੱਲ ਕਰਦਾ ਹਾਂ। ਰੋਜ਼ ਘਰਦਿਆਂ ਦਾ ਰੋਣਾ-ਧੋਣਾ ਸੁਣਦਾ ਹਾਂ। ਹੋਰ ਵੀ ਬਥੇਰਾ ਕੁੱਝ ਸੁਣਦਾਂ।” ਮੈਂ ਨੋਟ ਕੀਤਾ, ਇਹ ਗੱਲਾਂ ਕਰ ਕੇ ਉਹ ਖ਼ੁਸ਼ ਨਹੀਂ ਸੀ।

“ਹੁਣ ਕਦੋਂ ਜਾਣੈ ਫੇਰ ਪੰਜਾਬ?” ਮੈਂ ਫਿਰ ਸਵਾਲ ਕੀਤਾ।

“ਪੰਜਾਬ! ਕੋਈ ਪਤਾ ਨੀ।” ਪੰਜਾਬ, ਉਸ ਨੇ ਇਸ ਢੰਗ ਨਾਲ ਕਿਹਾ, ਜਿਵੇਂ ਕਹਿ ਰਿਹਾ ਹੋਵੇ, ਪੰਜਾਬ ਕਾਹਦੇ ਲਈ?

“ਏਥੇ ਮੈਕਸੀਕੋ ਕਿਵੇਂ ਪਹੁੰਚੇ?”

“ਪਹੁੰਚਿਆ ਕਾਹਦਾ, ਕਈ ਥਾਂਈਂ ਧੱਕੇ ਖਾ-ਖਾ ਏਥੇ ਤੱਕ ਅੱਪੜ ਗਿਆ। ਅੱਗੇ ਦੇਖੋ।”

ਮੈਂ ਸਮਝ ਗਿਆ। ਇਹ ਦੋ ਨੰਬਰ ਵਾਲਾ ਕੋਈ ਵਿੰਗਾ-ਟੇਢਾ ਕੇਸ ਹੈ। ਪੰਜਾਬ ਦੇ ਲਾਲਚੀ ਏਜੰਟਾਂ ਦਾ ਫਸਾਇਆ ਕੋਈ ਮੁਰਗਾ। ਪਤਾ ਨੀ ਕਿੱਧਰ-ਕਿੱਧਰ ਦੀ ਗੇੜੇ ਖਵਾ ਕੇ ਏਥੇ ਲਿਆ ਫਸਾਇਆ ਹੋਣੈ।

ਮਨ ਹੀ ਮਨ ਏਜੰਟਾਂ ’ਤੇ ਬੜਾ ਗੁੱਸਾ ਆਇਆ, ‘ਪਤੰਦਰੋ ਪਤਾ ਨੀ ਕਿੰਨੇ ਲੱਖ ਲਏ ਹੋਣੇ ਨੇ। ਫੇਰ ਕਿਹੜੇ-ਕਿਹੜੇ ਮੁਲਕਾਂ ਦੀਆਂ ਚੋਰੀ-ਛੁਪੇ ਹੱਦਾਂ ਪਾਉਂਦੇ ਇਹਨੂੰ ਏਥੇ ਮੈਕਸੀਕੋ ’ਚ ਲਿਆ ਕੇ ਛੱਡ ਗਏ। ਦੱਸੋ ਇਹ ਧਗੜਾ ਹੁਣ ਏਥੇ ਕੀ ਕਰੇ? ਏਥੇ ਕਿਹੜੇ ਨੌਕਰੇ ਨੇ। ਸਾਰਾ ਮੈਕਸੀਕੋ ਤਾਂ ਪਹਿਲਾਂ ਹੀ ਚੋਰੀ-ਛੁਪੇ ਅਮਰੀਕਾ ਦਾਖ਼ਲ ਹੋਣ ਨੂੰ ਫਿਰਦੈ, ਇਹਨੂੰ ਇੱਥੇ ਕੰਮ ਕਿੱਥੇ। ਫੇਰ ਮਨ ’ਚ ਆਇਆ, ਇਹਨੂੰ ਵੀ ਇਹੀ ਲਾਲਚ ਦਿੱਤਾ ਹੋਊ ਬਈ ਅੱਗੇ ਅਮਰੀਕਾ ਟਪਾ ਦਿਆਂਗੇ। ਬਥੇਰੇ ਪੁੱਠੇ-ਸਿੱਧੇ ਸੁਪਨੇ ਦਿਖਾਉਂਦੇ ਨੇ ਕੰਜਰ ਦੇ। ਹੁਣ ਇਹ ਵੀ ਉਸ ਦਿਨ ਦੀ ਉਡੀਕ ’ਚ ਹੋਣੈ ਕਿ ਕਦੋਂ ਅਮਰੀਕਾ ’ਚ ਦਾਖ਼ਲ ਹੋਵਾਂਗੇ।’

ਬੈਠੇ-ਬੈਠੇ ਲਾਗਲੇ ਪਿੰਡ ਦਾ ਇੱਕ ਕੇਸ ਯਾਦ ਆ ਗਿਆ। ਇਸ ਵਾਰ ਛੁੱਟੀ ਦੌਰਾਨ ਪਿੰਡ ਦੇ ਲੋਕਾਂ ਤੋਂ ਹੀ ਗੱਲਾਂ ਸੁਣੀਆਂ ਸਨ। ਏਜੰਟਾਂ ਨੇ ਅਮਰੀਕਾ ਲੰਘਾਉਣ ਦੀ ਗੱਲ ਕਰਕੇ ਵੀਹ ਲੱਖ ਲੈ ਲਿਆ। ਰੋਂਦੇ-ਪਿਟਦੇ ਬਾਪੂ ਨੇ ਜ਼ਮੀਨ '’ਤੇ ਗੂਠਾ ਲਾ ਕੇ ਪੈਸੇ ਦੇ ਦਿੱਤੇ। ਕੀ ਕਰਦਾ, ਘਰ ਦੀਆਂ ਬੁੱਢੀਆਂ ਹੀ ਨੀ ਸੀ ਮਾਣ, ‘ਵੇ ਜ਼ਮੀਨ ਤੈਨੂੰ ਵਾਧੂ ਲੈ ਦੂ, ਤੂੰ ਇੱਕ ਵਾਰ ਮੁੰਡੇ ਨੂੰ 'ਮਰੀਕਾ (ਅਮਰੀਕਾ) ਤਾਂ ਭੇਜ।’

ਚਾੜ੍ਹ ’ਤਾ ਜਹਾਜ਼, ਸਾਰਾ ਟੱਬਰ ਖ਼ੁਸ਼। ਮਹੀਨੇ ਕੁ ਬਾਅਦ ਪਤਾ ਲੱਗਿਆ ਕਿਹੜਾ ਅਮਰੀਕਾ, ਏਜੰਟਾਂ ਨੇ ਮੁੰਡਾ ਮਨੀਲਾ ਜਾ ਕੇ ਲਾਹਤਾ। ਪਾਸਪੋਰਟ ਲੈ ਕੇ ਆਪ ਕਿਧਰੇ ਹੋਰ ਖਿਸਕ ਗਏ। ਲੋਕ ਗੱਲਾਂ ਕਰਦੇ ਸੀ ਬਈ ਹੁਣ ਸਾਰਾ ਟੱਬਰ ਪਿਟਦੈ। ਲੀਡਰਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਨੇ। ਇਹ

79/ਰੇਤ ਦੇ ਘਰ