ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/71

ਇਹ ਸਫ਼ਾ ਪ੍ਰਮਾਣਿਤ ਹੈ

“ਆਹ ਕੁੱਝ ਦਿਖਾਉਣ ਨੂੰ ਮੈਨੂੰ ਜਹਾਜ਼ ’ਚ ਲਿਆਂਦਾ ਸੀ। ਜਿੱਦਣ ਦੀ ਆਈ ਹਾਂ, ਸਿਰ ਚੱਕਰ ਖਾਂਦਾ ਰਹਿੰਦਾ ਹੈ। ਸਾਰਾ ਜਹਾਜ਼ ਡਿੱਕ-ਡੋਲੇ ਖਾਂਦਾ ਰਹਿੰਦੈ। ਕੈਬਿਨ ’ਚੋਂ ਬਾਹਰ ਨਿਕਲਣ ਨੂੰ ਜੀਅ ਨਹੀਂ ਕਰਦਾ। ਚਾਰ-ਚੁਫੇਰੇ ਪਾਣੀ ਹੀ ਪਾਣੀ। ਏਥੇ ਨਾ ਕੋਈ ਧਰਤੀ ਦਿਸਦੀ ਹੈ, ਨਾ ਦਰੱਖ਼ਤ, ਨਾ ਕੋਈ ਜਨੌਰ, ਨਾ ਬੰਦਾ। ਮੈਨੂੰ ਤਾਂ ਹਰ ਵਕਤ ਹੌਲ ਪੈਂਦੇ ਰਹਿੰਦੇ ਨੇ ਬਈ ਕਿਤੇ ਏਥੇ ਪਾਣੀ ’ਚ ਹੀ ਨਾ ਡੁੱਬ ਕੇ ਮਰ ਜਾਈਏ। ਏਥੇ ਕਿਹੜੇ ਅਰਥੀਆਂ ਨੂੰ ਮੋਢੇ ਲੱਗਣਗੇ, ਕਿਹੜੇ ਸਸਕਾਰ ਹੋਣਗੇ, ਕਿਹੜੇ ਫੁੱਲ ਚੁਗੇ ਜਾਣਗੇ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਜਹਾਜ਼ ’ਚ ਨਹੀਂ ਜਾਣਾ। ਅਖੇ ਕੋਈ ਨੀ, ਘੁੰਮ ਕੇ ਦੁਨੀਆਂ ਦੇਖਾਂਗੇ, ਆਹ ਦਿਖਾ ਹੀ ਦੁਨੀਆਂ।”

“ਪੁੱਤ ਤੂੰ ਐਨਾ ਬੋਲਣ ਲੱਗ ਗਈ?” ਹੈਰਾਨੀ ਨਾਲ ਮਾਂ ਨੇ ਪੁੱਛਿਆ।

“ਮੈਂ ਖ਼ੁਦ ਹੈਰਾਨ ਸੀ ਮਾਂ ਕਿ ਮੈਨੂੰ ਕੀ ਹੋ ਗਿਆ। ਮੈਂ ਲਗਾਤਾਰ ਬੋਲੀ ਜਾ ਰਹੀ ਸੀ, ਝਗੜ ਰਹੀ ਸੀ ਪਰ ਰਾਜ ਚੁੱਪ ਸੀ। ਮੈਂ ਕੁੱਝ ਵੀ ਬੋਲੀ ਜਾਂਦੀ ਸੀ ਤੇ ਨਾਲੇ ਰੋਈ ਜਾਂਦੀ ਸੀ।”

ਰਾਜ ਥੋੜ੍ਹਾ ਖਿਝ ਗਿਆ, “ਜੀਤੀ ਕਿਉਂ ਕਮਲੀ ਹੋਈ ਏਂ। ਆਪਾਂ ਕਿਹੜਾ ਜਹਾਜ਼ ਵਿੱਚ ਇਕੱਲੇ ਹਾਂ। ਆਪਣੇ ਨਾਲ ਹੋਰ ਵੀ ਸਾਰੇ ਲੋਕ ਨੇ। ਜਿਹੜੀ ਹੋਰਾਂ ਨਾਲ ਹੋੋੋੋੋੋਊ, ਉਹੀ ਆਪਣੇ ਨਾਲ। ਤੂੰ ਹੌਂਸਲਾ ਰੱਖ।”

ਮੈਂ ਫਿਰ ਬੋਲਣ ਲੱਗ ਪਈ, “ਰਾਜ ਇਹ ਵੀ ਕੋਈ ਜ਼ਿੰਦਗੀ ਐ। ਕੀ ਨੌਕਰੀ ਹੈ ਇਹ। ਆਹ ਐਨੀ ਵੱਡੀ ਗੱਲ ਹੋ ਗਈ। ਕੋਈ ਭੈਣ-ਭਰਾ, ਚਾਚਾ-ਤਾਇਆ ਹੈ ਏਥੇ, ਜੀਹਦੇ ਨਾਲ ਗੱਲ ਕਰ ਸਕੀਏ। ਕੋਈ ਦੁੱਖ ਸਾਂਝਾ ਕਰ ਸਕੀਏ। ਕਿਸੇ ਮਾਂ, ਭੂਆ, ਮਾਸੀ, ਚਾਚੀ, ਤਾਈ ਦੇ ਗਲ ਲੱਗ ਸਕੀਏ। ਭਾਵੇਂ ਰੋ ਕੇ ਹੀ ਸਹੀ ਪਰ ਆਪਣਾ ਢਿੱਡ ਤਾਂ ਕਿਸੇ ਕੋਲ ਹੌਲਾ ਕਰ ਸਕੀਏ।”

“ਕੋਈ ਨੀ ਮਰਨ ਲੱਗਾ ਮੈਂ, ਐਵੇਂ ਨਾ ਦਿਲ ਛੋਟਾ ਕਰੀ ਜਾ। ਸੋਚਿਆ ਹੀ ਨਹੀ ਸੀ ਬਈ ਸਾਲੇ ਇੰਝ ਵੀ ਜਹਾਜ਼ ਵਿੱਚ ਆ ਵੜਨਗੇ। ਇਹ ਤਾਂ ਪਤਾ ਹੀ ਬਾਅਦ ਵਿੱਚ ਲੱਗਾ, ਬਈ ਕੰਜਰ ਦੇ ਡਾਕੂ ਨੇ। ਨਹੀਂ ਮੈਂ ਕਾਹਨੂੰ ਪੰਗਾ ਲੈਂਦਾ। ਆਪੇ ਸਾਲੇ ਲੁੱਟਮਾਰ ਕਰਕੇ ਚਲੇ ਜਾਂਦੇ।” ਰਾਜ ਹੋਰ ਖਿਝ ਗਿਆ।

ਮੈਂ ਵੀ ਹੋਰ ਖਿਝ ਗਈ, “ਅਜੇ ਤਾਂ ਬਾਂਹ 'ਤੇ ਹੀ ਜ਼ਖ਼ਮ ਹੈ, ਸਿਰ ’ਚ ਹੋ ਜਾਂਦਾ ਫੇਰ। ਰੱਬ ਨਾ ਕਰੇ ਅੱਜ ਤੁਹਾਨੂੰ ਕੁੱਝ ਹੋ ਜਾਂਦਾ ਤਾਂ ਮੈਂ ਕੀ ਕਰਦੀ? ਕਿਵੇਂ ਇੰਡੀਆ ਵਾਪਸ ਜਾਂਦੀ? ਇਕੱਲੀ ਕਿਹੜੇ ਘਰ ਜਾ ਕੇ ਵੜਦੀ, ਕਦੇ ਸੋਚਿਐ? ਮੈਨੂੰ ਨਹੀਂ ਪਤਾ, ਅਗਲੀ ਬੰਦਰਗਾਹ ’ਤੇ ਜਹਾਜ਼ ਛੱਡੋ ਤੇ ਘਰ ਚੱਲੋ।” ਮੈਂ ਲਗਾਤਾਰ ਬਹਿਸੀ ਜਾ ਰਹੀ ਸਾਂ।

“ਜੀਤੀ ਬਾਹਰ ਡਾਕੂਆਂ ਦਾ ਹੱਲਾ ਪਿਐ, ਏਧਰ ਤੂੰ ਮੇਰੇ ਨਾਲ ਸਿਰ

71/ਰੇਤ ਦੇ ਘਰ