ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਸੁਰੇਸ਼ ਨੇ ਆਪਣੇ ਮਾਲਕ ਸੇਠ ਸਰੂਤੀ ਸ਼ਾਹ ਬਾਰੇ ਗੱਲ ਸ਼ੁਰੂ ਕੀਤੀ। ਸੇਠ ਸਰੂਤੀ ਸ਼ਾਹ ਦਾ ਨਾਮ ਸੁਣ ਅੰਜਲੀ ਅੰਦਰ ਹੀ ਅੰਦਰ ਥੋੜ੍ਹਾ ਤ੍ਰਭਕੀ ਪਰ ਚੁੱਪ ਬੈਠੀ ਸੁਣਦੀ ਰਹੀ। ਹੁਣ ਸੁਰੇਸ਼ ਸੇਠ ਜੀ ਦੀ ਸ਼ਖ਼ਸੀਅਤ ਬਾਰੇ, ਸੋਚ ਬਾਰੇ, ਰੁਤਬੇ ਬਾਰੇ, ਏਥੇ ਭੇਜਣ ਦੇ ਮਕਸਦ ਬਾਰੇ, ਸਾਰਾ ਕੁੱਝ ਬੜੇ ਹੀ ਸਲੀਕੇ ਨਾਲ ਬਿਆਨ ਕਰੀ ਜਾ ਰਿਹਾ ਸੀ।

ਜਿਵੇਂ-ਜਿਵੇਂ ਉਹ ਬੋਲਦਾ ਗਿਆ, ਅੰਜਲੀ ਦੇ ਚਿਹਰੇ ’ਤੇ ਪ੍ਰਭਾਵ ਬਦਲਦੇ ਰਹੇ। ਸੁਰੇਸ਼ ਜੋ ਕਹਿ ਰਿਹਾ ਸੀ, ਉਸ ਤੋਂ ਅੰਜਲੀ ਨੂੰ ਹੈਰਾਨੀ ਹੋ ਰਹੀ ਸੀ। ਹੁਣ ਉਸਦਾ ਚਿਹਰਾ ਇਸ ਤਰ੍ਹਾਂ ਸੀ, ਜਿਵੇਂ ਗੁੱਸਾ ਆ ਰਿਹਾ ਹੋਵੇ ਤੇ ਅੰਦਰ ਕੁੱਝ ਧੁਖਣ ਲੱਗਾ ਹੋਵੇ ਪਰ ਸੁਰੇਸ਼ ਦੇ ਚਿਹਰੇ 'ਤੇ ਕੋਈ ਤਣਾਅ ਨਹੀਂ, ਕੋਈ ਘਬਰਾਹਟ ਨਹੀਂ, ਸਗੋਂ ਹੋਰ ਮਾਸੂਮੀਅਤ ਸੀ। ਗੱਲਾਂ-ਗੱਲਾਂ ’ਚ ਸੁਰੇਸ਼ ਨੇ ਸੇਠ ਜੀ ਬਾਰੇ, ਉਨ੍ਹਾਂ ਦੇ ਕਾਰੋਬਾਰ ਬਾਰੇ, ਸਾਗਰ ਏਅਰ-ਲਾਈਨ ਵਿੱਚ ਹਿੱਸੇਦਾਰੀ ਬਾਰੇ ਤੇ ਹੋਰ ਬਹੁਤ ਕੁੱਝ, ਅੰਜਲੀ ਨੂੰ ਸਭ ਸਮਝਾ ਦਿੱਤਾ। ਬਹੁਤ ਵੱਡੀ ਰਾਮ ਕਹਾਣੀ ਤੇ ਮਾਇਆ ਜਾਲ ਨੂੰ ਬੜੇ ਘੱਟ ਤੇ ਸੁਲਝੇ ਸ਼ਬਦਾਂ 'ਚ ਉਹ ਇੰਝ ਬਿਆਨ ਕਰ ਗਿਆ, ਜਿਵੇਂ ਕੋਈ ਕੁੱਜੇ ਵਿੱਚ ਸਮੁੰਦਰ ਬੰਦ ਕਰ ਦੇਵੇ।

ਅੰਜਲੀ ਦੇ ਹਾਵ-ਭਾਵ ਦੇਖ ਕੇ ਆਪਣੀ ਗੱਲ ਕਹਿ ਸੁਰੇਸ਼ ਚੁੱਪ ਹੋ ਗਿਆ। ਸ਼ਾਇਦ ਅੰਜਲੀ ਨੇ ਕੋਈ ਮਾਮੂਲੀ ਇਸ਼ਾਰਾ ਵੀ ਕਰ ਦਿੱਤਾ ਹੋਵੇ। ਸੁਰੇਸ਼ ਹੁਣ ਅੰਜਲੀ ਵੱਲ ਹੀ ਦੇਖ ਰਿਹਾ ਸੀ ਤੇ ਉਸਦਾ ਪੱਖ ਜਾਨਣਾ ਚਾਹੁੰਦਾ ਸੀ।

ਅੰਜਲੀ ਨੂੰ ਇਹ ਗੱਲ ਸਾਫ਼ ਹੋ ਚੁੱਕੀ ਸੀ ਕਿ ਸੁਰੇਸ਼ ਨੂੰ ਕਿਸਨੇ ਭੇਜਿਆ ਹੈ ਪਰ ਕਿਉਂ ਭੇਜਿਆ ਹੈ, ਇਸ ਬਾਰੇ ਮਨ ਅੰਦਰ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸਨ। ਅੰਜਲੀ ਦੀ ਕਮਰ ਸੋਫੇ ਦੀ ਬੈਕ ਰੈਸਟ ਤੋਂ ਹਟ ਕੇ ਅੱਗੇ ਨੂੰ ਆ ਚੁੱਕੀ ਸੀ। ਉਹ ਲੱਗ-ਭੱਗ ਸਿੱਧੀ ਹੋ ਕੇ ਬੈਠ ਗਈ। ਹੁਣ ਅੰਜਲੀ ਬੋਲ ਰਹੀ ਸੀ। ਸ਼ਬਦਾਂ ’ਚ ਕੋਈ ਰੁੱਖਾਪਣ ਨਹੀਂ ਸੀ ਪਰ ਸੰਜੀਦਗੀ ਤੇ ਮਿਠਾਸ ਵੀ ਨਹੀਂ ਸੀ। ਉਹ ਹਰ ਗੱਲ ਨਾਲ ਹੱਥ ਦਾ ਐਕਸ਼ਨ ਵੀ ਕਰ ਰਹੀ ਸੀ।

ਸੁਰੇਸ਼ ਚੁੱਪ-ਚਾਪ ਬਿਲਕੁਲ ਸ਼ਾਂਤ ਬੈਠਾ ਸੀ। ਨਜ਼ਰ ਅੰਜਲੀ ਦੇ ਚਿਹਰੇ ’ਤੇ ਟਿਕੀ ਹੋਈ ਸੀ। ਉਹ ਬੜੇ ਹੀ ਧਿਆਨ ਨਾਲ ਅੰਜਲੀ ਨੂੰ ਸੁਣ ਰਿਹਾ ਸੀ ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਜਲੀ ਜੋ ਕੁੱਝ ਵੀ ਬੋਲ ਰਹੀ ਸੀ, ਸੁਰੇਸ਼ ਨੂੰ ਕੁੱਝ ਵੀ ਬੁਰਾ ਨਹੀਂ ਸੀ ਲੱਗ ਰਿਹਾ। ਉਸਨੂੰ ਇਸ ਤਰ੍ਹਾਂ ਦੇ ਵਿਵਹਾਰ ਤੇ ਰੀਐਕਸ਼ਨ ਦੀ ਉਮੀਦ ਸੀ, ਸ਼ਾਇਦ ਇਸਤੋਂ ਵੀ ਵੱਧ ਦੀ।

ਥੋੜ੍ਹੀ ਦੇਰ ਬਾਅਦ ਅੰਜਲੀ ਚੁੱਪ ਹੋ ਗਈ। ਹੁਣ ਉਹ ਦੁਬਾਰਾ ਸੋਫੇ ਨਾਲ ਢੋਹ ਲਾ ਕੇ ਬੈਠ ਗਈ। ਮਨ ’ਚ ਥੋੜਾ ਗੁੱਸਾ ਵੀ ਸੀ ਤੇ ਉਹ ਇਸ ਟਾਪਿਕ 'ਤੇ ਹੋਰ ਗੱਲ ਨਹੀਂ ਸੀ ਕਰਨਾ ਚਾਹੁੰਦੀ। ਸਿਰ ਥੋੜ੍ਹਾ ਪਿੱਛੇ ਨੂੰ ਲਟਕਾ

53/ਰੇਤ ਦੇ ਘਰ