ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਜੱਸੀ ਤਾਂ ਅੰਦਰ ਹੀ ਅੰਦਰ ਕੁੜ੍ਹ ਰਹੀ ਸੀ ਤੇ ਮਨ ’ਚ ਕੁੱਝ ਉਬਲ ਰਿਹਾ ਸੀ। ਉਹ ਤਾਂ ਸਿਰਫ਼ ਸਿਸ਼ਟਾਚਾਰ ਵਜੋਂ ਬਾਹਰੋਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਜ ਉਹ ਕਿਸੇ ਦੂਸਰੀ ਔਰਤ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੀ ਨਹੀਂ ਸੀ। ਅੱਜ ਤਾਂ ਬਰਿੱਜ਼ ਅੰਦਰ ਜੱਸੀ ਹੀ ਹੋਣੀ ਸੀ। ਅਰਬੀ ਪਾਇਲਟ ਨੇ ਵਾਰ-ਵਾਰ ਉਸ ਵੱਲ ਵੇਖਣਾ ਸੀ। ਆਨੇ-ਬਹਾਨੇ ਜੱਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਸੀ। ਜੱਸੀ ਦੇ ਮਨ ਅੰਦਰ ਕੁਤ-ਕੁਤਾੜੀਆਂ ਹੋਣੀਆਂ ਸਨ ਤੇ ਦਵਿੰਦਰ ਦੇ ਮਨ ਅੰਦਰ ਜਲਣ, ਜਿਸਦਾ ਜੱਸੀ ਨੇ ਮਿੱਠਾ-ਮਿੱਠਾ ਆਨੰਦ ਤੇ ਸਵਾਦ ਲੈਣਾ ਸੀ ਪਰ ਆਹ ਕੀ, ਜੱਸੀ ਨੂੰ ਆਲਾ-ਦੁਆਲਾ ਤੇ ਸਾਰਾ ਮਾਹੌਲ ਹੀ ਖੋਖਲਾ-ਖੋਖਲਾ ਲੱਗਣ ਲੱਗਾ।

ਏਧਰ ਪਾਇਲਟ ਦੇ ਹੁਸਨ ਦਾ ਜਾਦੂ ਕਿ ਮੇਰੇ ਮਨ ’ਚ ਉਸ ਨਾਲ ਗੱਲਾਂ ਕਰਨ ਦੀ ਉਤਸੁਕਤਾ ਵਧ ਰਹੀ ਸੀ। ਇੱਕ ਹੋਰ ਵੱਡੀ ਹੈਰਾਨੀ ਦੀ ਗੱਲ, ਜੋ ਮਨ ’ਚ ਖਟਕ ਰਹੀ ਸੀ, ‘ਅਰਬ ਮੁਲਕ ਤੇ ਔਰਤ ਪਾਇਲਟ?’ ਇਹ ਗੱਲ ਵੀ ਕੁੱਝ ਅਜੀਬ ਲੱਗੀ ਪਰ ਇਹ ਪਹਿਲਾ ਮੌਕਾ ਸੀ ਕਿ ਲੇਡੀ ਪਾਇਲਟ ਨਾਲ ਵਾਹ ਪਿਆ ਤੇ ਉਹ ਵੀ ਅਰਬ ’ਚ ਜੋ ਮੁਸਲਿਮ ਦੇਸ਼ ਹੈ। ਮੈਂ ਪਾਇਲਟ ਦਾ ਨਾਮ ਪੁੱਛ ਲਿਆ, ਜਿਸਦੀ ਕਿ ਵੈਸੇ ਜ਼ਰੂਰਤ ਨਹੀਂ ਸੀ। ਮੇਰੀ ਗੱਲ ਸੁਣ ਕੇ ਉਹ ਵੀ ਹੈਰਾਨ ਹੋਈ ਤੇ ਬੋਲੀ, “ਮੈਂ ਪਾਇਲਟ ਹਾਂ, ਇਤਨਾ ਕਾਫ਼ੀ ਨਹੀਂ?”

“ਉਹ ਤਾਂ ਠੀਕ ਹੈ, ਇਤਨਾ ਵੀ ਕਾਫ਼ੀ ਹੈ ਪਰ ਮਨ ’ਚ ਕੁੱਝ ਜਾਨਣ ਦੀ ਇੱਛਾ ਹੋਈ, ਇਸੇ ਲਈ।” ਹੋਰ ਕੀ ਕਹਿੰਦਾ।

ਉਹ ਮੇਰੇ ਮਨ ’ਚ ਜਾਗੀ ਜਗਿਆਸਾ ਨੂੰ ਸਮਝ ਗਈ। ਕਹਿੰਦੇ ਨੇ ਔਰਤ ਅੰਦਰ ਇੱਕ ਸੈਂਸ ਵੱਧ ਕੰਮ ਕਰਦੀ ਹੈ। ਉਸਨੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਵੇਖਿਆ, ਥੋੜ੍ਹਾ ਮੁਸਕਰਾਈ ਤੇ ਇਕਦਮ ਰੀਲੈਕਸ ਮੂਡ ’ਚ ਬੋਲੀ, “ਮੇਰਾ ਨਾਮ ਸ਼ੈਲੀ ਹੈ ਤੇ ਮੈਂ ਕੈਥੋਲਿਕ ਈਸਾਈ ਹਾਂ।”

“ਥੈਂਕ-ਯੂ, ਗਰੇਟ। ਤੁਸੀਂ ਸਾਰੀ ਹੀ ਸ਼ੰਕਾ ਮਿਟਾ ਦਿੱਤੀ। ਤੁਸੀਂ ਸੁੰਦਰ ਤਾਂ ਹੋ ਹੀ, ਬੜੇ ਸਮਾਰਟ ਵੀ ਲੱਗ ਰਹੇ ਹੋ।”

“ਅੱਛਾ!” ਉਸਨੂੰ ਚੰਗਾ ਲੱਗਾ। ਆਖ਼ਰਕਾਰ ਇੱਕ ਔਰਤ ਸੀ, ਨੌਜਵਾਨ ਸੀ, ਸੁੰਦਰ ਸੀ, ਆਪਣੀ ਤਾਰੀਫ਼ ਸੁਣ ਕੇ ਉਸ ਖ਼ੁਸ਼ ਹੋਣਾ ਹੀ ਸੀ। ਹੁਣ ਉਹ ਬਰਿੱਜ਼ ਅੰਦਰ ਜਦੋਂ ਵੀ ਏਧਰ-ਓਧਰ ਮੂਵ ਕਰਦੀ, ਬੜੇ ਅੰਦਾਜ਼ ਨਾਲ ਕਦਮ ਪੁੱਟਦੀ। ਕੁੱਝ ਮੜਕ, ਕੁੱਝ ਨਜ਼ਾਕਤ, ਕੁੱਝ ਸੂਝ ਦਾ ਪ੍ਰਦਰਸ਼ਨ ਤੇ ਨਾਲ-ਨਾਲ ਹੁਸਨ ਦੇ ਜਲਵੇ ਵੀ ਬਿਖੇਰ ਜਾਂਦੀ। ਛੋਟੇ-ਛੋਟੇ ਵਾਕਾਂ ’ਚ ਗੱਲ ਕਰਦੀ। ਕਈ ਵਾਰ ਤੋਂ ਕੁੱਝ ਨਾ ਬੋਲਦੀ, ਉਸਦੀਆਂ ਅੱਖਾਂ ਹੀ ਗੱਲ ਕਰਦੀਆਂ। ਗੱਲ ਕਰਨ ਦਾ ਅੰਦਾਜ਼ ਤੇ ਬਾਡੀ-ਲੈਂਗੁਇਜ਼ ਕਮਾਲ ਦੀ ਸੀ। ਮੇਰੇ ਮਨ ’ਚ ਉਸ ਲਈ ਇੱਕ ਖ਼ਾਸ ਕਸ਼ਿਸ਼ ਪੈਦਾ ਹੋ ਚੁੱਕੀ ਸੀ।

44/ਰੇਤ ਦੇ ਘਰ