ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/42

ਇਹ ਸਫ਼ਾ ਪ੍ਰਮਾਣਿਤ ਹੈ

‘ਮਾਈ ਗਾਡ, ਵੱਟ ਏ ਬਿਉਟੀ! ਐ ਹੁਸਨ ਪਰੀਏ ਮਾਡਲਿੰਗ ਜਾਂ ਫਿਲਮ ਇੰਡਸਟਰੀ ’ਚ ਚਲੀ ਜਾਂਦੀ। ਤੇਰੀ ਤਾਂ ਉਥੇ ਹੋਰ ਬਹੁਤੀ ਕਦਰ ਪੈਂਦੀ। ਆਹ ਕਿਹੜੀ ਪਾਇਲਟ ਦੀ ਵਰਦੀ ਪਾ ਲਈ। ਜਹਾਜ਼ੀ ਲੋਕ ਤਾਂ ਜਲ-ਪਰੀਆਂ ਦੇ ਸੁਪਨੇ ਲੈ-ਲੈ ਜਿਉਂਦੇ ਨੇ ਤੇ ਤੂੰ ਸਾਖ਼ਸ਼ਾਤ ਪਰੀ ਬਣ ਸਾਹਮਣੇ ਆ ਖੜ੍ਹੀ। ਤੇਰੀ ਜਵਾਨੀ ਤੇ ਆਹ ਹੁਸਨ ਦਾ ਡੰਗ ਕੋਈ ਕਿਵੇਂ ਝੱਲੂ?’ ਮਨ ਹੀ ਮਨ ਸੋਚੀ ਜਾਵਾਂ ਤੇ ਉਸ ਵੱਲ ਵੇਖੀ ਜਾਵਾਂ।

ਮੇਰੇ ਮੋਢੇ ਦੇ ਬੈਜ਼ ਵੇਖ ਉਹ ਚੁਸਤ-ਦਰੁਸਤ ਆਵਾਜ਼ ਵਿੱਚ ਬੋਲੀ, “ਹੈਲੋ ਕੈਪਟਨ” ਤੇ ਨਾਲ ਹੀ ਹੱਥ ਮਿਲਾਉਣ ਲਈ ਉਸਨੇ ਆਪਣਾ ਸੱਜਾ ਹੱਥ ਅੱਗੇ ਵਧਾਇਆ।

ਮੈਂ ਸੰਭਲਿਆ ਤੇ ਝੱਟ ਹੀ ਆਪਣਾ ਹੱਥ ਅੱਗੇ ਵਧਾ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਲਿਆ। ਗੋਰਾ-ਗੋਰਾ ਹੱਥ ਕੂਲਾ ਕੇ ਨਰਮ ਸੀ। ਉਸ ਦੀਆਂ ਅੱਖਾਂ ’ਚ ਚਮਕ ਸੀ। ਪੂਰੇ ਆਤਮ ਵਿਸ਼ਵਾਸ ਨਾਲ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਵੇਖ ਰਹੀ ਸੀ। ਉਸਨੇ ਹੱਥ ਮਿਲਾਉਣ ਦਾ ਸਿਰਫ਼ ਸਿਸ਼ਟਾਚਾਰ ਨਹੀਂ ਸੀ ਕੀਤਾ, ਸਗੋਂ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਸੀ।

“ਵੈਲਕਮ-ਵੈਲਕਮ” ਜੋਸ਼ ਨਾਲ ਹੱਥ ਮਿਲਾਉਂਦਿਆਂ ਚਿਹਰੇ ’ਤੇ ਮੁਸਕਰਾਹਟ ਲਿਆ ਮੈਂ ਉਸਦਾ ਸਵਾਗਤ ਕੀਤਾ।

“ਸਭ ਤਿਆਰ ਹੈ ਕੈਪਟਨ - ਸ਼ੈਲ ਵੁਈ ਮੂਵ।” ਉਸਦੀ ਆਵਾਜ਼ ’ਚ ਸਪੱਸ਼ਟਤਾ ਸੀ।

“ਹਾਂ ਹਾਂ, ਵੁਈ ਆਰ ਰੈਡੀ ਟੂ ਮੂਵ।” ਮੈਂ ਵੀ ਪੂਰੇ ਆਤਮ-ਵਿਸ਼ਵਾਸ ਨਾਲ ਜਵਾਬ ਦਿੱਤਾ।

“ਓ.ਕੇ. ਕੈਪਟਨ, ਲੈਟ ਅਸ ਮੂਵ।”

ਇੱਕ ਤਾਂ ਉਸਦਾ ਹੁਸਨ ਵੇਖ ਖਲਬਲੀ ਮੱਚ ਉੱਠੀ ਸੀ, ਦੂਸਰਾ “ਲੈਟ ਅਸ ਮੂਵ” ਕਹਿ ਉਸਨੇ ਹੋਰ ਖਲਬਲੀ ਮਚਾ ਦਿੱਤੀ। ਨਾ ਕੋਈ ਰਿਕਾਰਡ ਮੰਗਿਆ, ਨਾ ਕੋਈ ਪੇਪਰ ਮੰਗੇ, ਨਾ ਕੋਈ ਮਸ਼ੀਨਰੀ ਸਬੰਧੀ ਜਾਣਕਾਰੀ, ਨਾ ਕੋਈ ਹੋਰ ਗੱਲ, ਆਉਣ ਸਾਰ ਮੂਵ ਦਾ ਸੰਦੇਸ਼ ਚਾੜ੍ਹ ਦਿੱਤਾ।

ਜਹਾਜ਼ ਨੇ ਫਟਾਫਟ ਲੰਗਰ ਉਠਾਇਆ, ਇੰਜਣ ਸਟਾਰਟ ਕੀਤਾ ਤੇ ਬੰਦਰਗਾਹ ਵੱਲ ਵਧਣ ਲੱਗਾ। ਸਭ ਕੁੱਝ ਐਨੀ ਛੇਤੀ-ਛੇਤੀ ਹੋਇਆ ਕਿ ਮੈਂ ਜੱਸੀ ਨੂੰ ਪਾਇਲਟ ਨਾਲ ਮਿਲਾਉਣਾ ਹੀ ਭੁੱਲ ਗਿਆ। ਮਿਲਾਉਣ ਦੀ ਗੱਲ ਤਾਂ ਦੂਰ, ਮੈਨੂੰ ਤਾਂ ਬਰਿੱਜ਼ ਅੰਦਰ ਉਸਦੀ ਹੋਂਦ ਹੀ ਭੁੱਲ ਗਈ ਕਿ ਮੇਰੀ ਪਤਨੀ ਵੀ ਏਥੇ ਹਾਜ਼ਰ ਹੈ।

ਨਾਲ ਇੱਕ ਫ਼ਿਕਰ ਵੀ ਹੋ ਗਿਆ। ‘ਇਹਦੀ ਤਾਂ ਉਮਰ ਬੜੀ ਘੱਟ ਲੱਗਦੀ ਹੈ, ਜਿੱਥੇ ਪਾਇਲਟ ਦਾ ਤਜ਼ਰਬਾ। ਇਹ ਜਹਾਜ਼ ਨੂੰ ਠੀਕ-ਠਾਕ ਬਰਥ

42/ਰੇਤ ਦੇ ਘਰ