ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਪੂਰੇ ਤਜ਼ਰਬੇਕਾਰ ਤੇ ਵਧੀਆ ਹੋਣ। ਸਾਰੀ ਤਿਆਰੀ ਕਰ ਲਵੋ, ਟਾਇਮ ਤੇ ਜਗ੍ਹਾ ਮੈਂ ਬਾਅਦ ਵਿੱਚ ਦੱਸਦਾ ਹਾਂ।” ਸੈਮੂਅਲ ਨੇ ਗੱਲ ਖਤਮ ਕੀਤੀ।

ਜਹਾਜ਼ ਉਸ ਏਰੀਏ ਵਿੱਚ ਦਾਖ਼ਲ ਹੋ ਚੁੱਕਾ ਸੀ, ਜਿੱਥੋਂ ਡਾਕੂਆਂ ਦੇ ਹਮਲੇ ਦਾ ਖ਼ਤਰਾ ਸ਼ੁਰੂ ਹੁੰਦਾ ਸੀ। ਅੱਗੇ ਲੰਬੀ ਰਾਤ ਵੀ ਸੀ। ਜਿਵੇਂ-ਜਿਵੇਂ ਬਾਹਰ ਹਨ੍ਹੇਰਾ ਵਧਦਾ ਰਿਹਾ, ਜਹਾਜ਼ ਅੰਦਰਲੇ ਸਟਾਫ਼ ਵਿੱਚ ਡਰ ਤੇ ਬੇਚੈਨੀ ਦਾ ਅਹਿਸਾਸ ਵਧਦਾ ਰਿਹਾ।

ਜਹਾਜ਼ ਨੇ ਚੈਨਲ ਵੱਲ ਮੋੜ ਕੱਟਿਆ ਤੇ ਨਿਰਧਾਰਤ ਮੰਜ਼ਿਲ ਵੱਲ ਵਧਣਾ ਜਾਰੀ ਰੱਖਿਆ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਹੁਣ ਤੱਕ ਸਭ ਠੀਕ-ਠਾਕ ਸੀ। ਬਾਰਾਂ ਵਜੇ ਡਿਊਟੀ ਵਾਲੇ ਬੰਦਿਆਂ ਦੀ ਸ਼ਿਫਟ ਬਦਲੀ ਕੀਤੀ ਗਈ। ਨਵੇਂ ਬੰਦਿਆਂ ਨੇ ਆ ਕੇ ਡਿਊਟੀਆਂ ਸੰਭਾਲ ਲਈਆਂ ਤੇ ਪਹਿਲਾਂ ਵਾਲੇ ਆਰਾਮ ਕਰਨ ਲਈ ਚਲੇ ਗਏ। ਆਉਣ ਵਾਲਾ ਰਾਤ ਦਾ ਪਹਿਰ ਵੱਧ ਖ਼ਤਰਨਾਕ ਸੀ। ਇੱਕ ਤੋਂ ਤਿੰਨ ਵਜੇ ਦੇ ਵਿਚਕਾਰ ਹਮਲੇ ਦੀ ਸੰਭਾਵਨਾ ਵੱਧ ਸੀ।

ਸੁਸ਼ੀਲ ਨਾਮ ਦਾ ਇੰਡੀਅਨ ਕੈਡਿਟ (ਟਰੇਨੀ-ਅਫ਼ਸਰ) ਦੁਨੀਆਂ ਘੁੰਮਣ ਦਾ ਸ਼ੌਕ ਲੈ ਕੇ ਕੈਡਿਟ ਭਰਤੀ ਹੋਇਆ ਸੀ। ਦੋ ਮਹੀਨੇ ਪਹਿਲਾਂ ਹੀ ਉਹ ਜਹਾਜ਼ ਵਿੱਚ ਆਇਆ ਸੀ। ਮਾਂ-ਬਾਪ ਦਾ ਇਕਲੌਤਾ ਬੇਟਾ, ਨੌਜਵਾਨ ਖ਼ਾਨ, ਨਵਾਂ-ਨਵਾਂ ਚਾਅ। ਉਹ ਸੋਚਦਾ, ‘ਵਾਹ! ਇਹ ਜਹਾਜ਼ੀ ਜ਼ਿੰਦਗੀ ਵੀ ਕਿੰਨੀ ਅਜੀਬ ਹੈ। ਅੱਜ ਕਿਤੇ, ਕੁੱਝ ਦਿਨਾਂ ਬਾਅਦ ਕਿਤੇ। ਨਵੀਂ ਬੰਦਰਗਾਹ, ਨਵਾਂ ਮੁਲਕ, ਨਵੇਂ ਲੋਕ।’

ਉਹ ਦਿੱਲੀ ’ਚ ਜੰਮਿਆਂ ਤੇ ਕੈਡਿਟ ਭਰਤੀ ਹੋਣ ਤੱਕ ਸਿਰਫ਼ ਦਿੱਲੀ ’ਚ ਹੀ ਰਿਹਾ ਸੀ। ਪਿਛਲੇ ਸਾਲ ਬੰਬਈ ਆਇਆ, ਟਰੇਨਿੰਗ ਕੀਤੀ ਤੇ ਹੁਣ ਆਹ ਦੋ ਮਹੀਨਿਆਂ ਵਿੱਚ, ਚਾਰ ਮੁਲਕਾਂ ਦੀਆਂ ਬੰਦਰਗਾਹਾਂ ਵੇਖ ਤੇ ਘੁੰਮ ਚੁੱਕਾ ਸੀ। ਹਮੇਸ਼ਾ ਬੜੇ ਉਤਸ਼ਾਹ 'ਚ ਰਹਿੰਦਾ ਤੇ ਹੁੱਬ-ਹੁੱਬ ਕੇ ਗੱਲਾਂ ਕਰਦਾ ਪਰ ਅੱਜ ਉਹ ਗੰਭੀਰ ਸੀ ਤੇ ਉਦਾਸ ਵੀ। ਇੱਕ ਫਲੱਡ-ਲਾਈਟ ਦੇ ਪਿੱਛੇ ਡਿਉਟੀ ’ਤੇ ਬੈਠਾ ਕੁਝ ਸੋਚ ਰਿਹਾ ਸੀ।

ਪਹਿਲੀ ਵਾਰ ਉਸਨੂੰ ਜਹਾਜ਼ੀ ਜ਼ਿੰਦਗੀ ਤੋਂ ਡਰ ਲੱਗਾ। ਉਹ ਬਹੁਤ ਘਬਰਾਇਆ ਹੋਇਆ ਸੀ। ਉਸਨੂੰ ਮਾਂ-ਬਾਪ, ਘਰ, ਕਾਲਜ ਦੇ ਦਿਨ, ਦੋਸਤ-ਮਿੱਤਰ ਤੇ ਹੋਰ ਬੜਾ ਕੁੱਝ ਯਾਦ ਆ ਰਿਹਾ ਸੀ। ਕਿੱਥੇ ਦਿੱਲੀ ਦੀ ਭੱਜ-ਨੱਠ ਦੀ ਜ਼ਿੰਦਗੀ ਤੇ ਕਿੱਥੇ ਇਸ ਡਰਾਵਣੀ ਹਨ੍ਹੇਰੀ ਰਾਤ ਦੀ ਚੁੱਪ ਤੇ ਸੰਨਾਟਾ। ਮਨ ਹੀ ਮਨ ਸੋਚਣ ਲੱਗਾ, ਕਿਸੇ ਪਲ ਵੀ ਡਾਕੂ ਹਮਲਾ ਕਰ ਸਕਦੇ ਹਨ। ਕਿਸੇ ਡਾਕੂ ਵੱਲੋਂ ਚਲਾਈ ਗੋਲੀ ਉਸ ਦੀ ਛਾਤੀ ਵਿੱਚ ਆ ਵੱਜੀ ਤਾਂ ਉਸ ਦੀ ਮੌਤ ਹੋ ਸਕਦੀ ਹੈ। ਉਹ ਕਦੇ ਵੀ ਘਰ ਨਹੀਂ ਪਰਤੇਗਾ ਤੇ ਇੱਥੇ ਹੀ ਸਦਾ

30/ਰੇਤ ਦੇ ਘਰ