ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਸ਼ਾਇਦ ਮੈਂ ਬਹੁਤ ਜ਼ਿਆਦਾ ਬੋਲ ਗਿਆ। ਕਮਰੇ ’ਚ ਜਾ ਕੇ ਪ੍ਰੇਸ਼ਾਨ ਰਿਹਾ ਤੇ ਹੁਣ ਵੀ ਹਾਂ ਪਰ ਇਹ ਵੀ ਸੱਚ ਹੈ ਕਿ ਜਦ ਤੋਂ ਤੈਨੂੰ ਦੇਖਿਐ, ਤੇਰੇ ਬਾਰੇ ਹੀ ਸੋਚੀ ਜਾ ਰਿਹਾਂ। ਹੋਰ ਕੁਝ ਸੁੱਝ ਹੀ ਨਹੀਂ ਰਿਹਾ।” ਬਿਨਾਂ ਰੁਕੇ ਇੱਕੋ ਸਾਹੇ ਉਸਨੇ ਸਾਰੀ ਗੱਲ ਕਹਿ ਦਿੱਤੀ।

ਮੈਰੀ ਨੇ ਗੌਰ ਨਾਲ ਵਿਜੈ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖਿਆ। ਉਸਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਦੇਖਦੀ ਹੀ ਰਹੀ। ਵਿਜੈ ਦੇ ਚਿਹਰੇ ’ਤੇ ਸਾਦਗੀ ਸੀ। ਨਜ਼ਰਾਂ ਵਿੱਚ ਮੋਹ ਸੀ। ਉਹ ਥੋੜ੍ਹਾ ਮੁਸਕਰਾਈ ਤੇ ਵਿਜੈ ਨੂੰ ਪੁੱਛਿਆ, “ਕੀ ਤੁਹਾਡੀ ਸ਼ਾਦੀ ਹੋ ਚੁੱਕੀ ਹੈ?”

“ਨਹੀਂ।” ਵਿਜੈ ਨੇ ਝੱਟ ਹੀ ਜੁਆਬ ਦਿੱਤਾ। ਵਿਜੈ ਨੇ ਝੂਠ ਬੋਲਿਆ। ਉਸਨੇ “ਨਹੀਂ।” ਕਹਿ ਤਾਂ ਦਿੱਤਾ ਪਰ ਨਾਲ ਹੀ ਸੋਚਿਆ ‘ਪਤੰਦਰਾ ਹੁਣੇ ਤਾਂ ਸ਼ਾਦੀ ਕਰਵਾ ਕੇ ਆਇਐਂ।’

ਇੱਕ ਵਾਰ ਮਨ ’ਚ ਆਇਆ, ‘ਉਸਨੇ ਝੂਠ ਬੋਲ ਕੇ ਠੀਕ ਨਹੀਂ ਕੀਤਾ।’ ਪਰ ਅੰਦਰਲੇ ਸ਼ੈਤਾਨ ਨੇ ਝੱਟ ਅੰਗੜਾਈ ਲਈ ਤੇ ਮਨ ਹਰਾਮੀ ਹੋ ਗਿਆ। ‘ਛੱਡ ਪਰੇ ਐਵੇਂ ਨੀ ਬਾਹਲਾ ਸੋਚੀਦਾ। ਹੁਣ ਪਲਟਣਾ ਠੀਕ ਨੀ। ਇਹ ਗੋਰੀ ਨੂੰ ਕੀ ਫ਼ਰਕ ਪੈਂਦੈ। ਸਭ ਚਲਦੈ, ਲੈ ਨਜ਼ਾਰੇ।’ ਫੇਰ ਗੱਲਾਂ ਕਰਦੇ-ਕਰਦੇ ਰਾਤ ਦੇ ਗਿਆਰਾਂ ਵੱਜ ਗਏ। ਮੈਰੀ ਦੀ ਸ਼ਿਫਟ ਖ਼ਤਮ ਹੋ ਰਹੀ ਸੀ। ਵਿਜੈ ਦਾ ਮਨ ਪੂਰਾ ਸ਼ਾਂਤ ਸੀ ਤੇ ਖ਼ੁਸ਼ ਵੀ।

ਉਸਨੂੰ ਪਤਾ ਹੀ ਨਾ ਲੱਗਾ ਕਦੋਂ ਉਹ ਕਮਰੇ ’ਚ ਗਿਆ ਤੇ ਸੌਂ ਗਿਆ। ਜਦੋਂ ਜਾਗ ਆਈ ਤਾਂ ਦਿਨ ਪੂਰਾ ਚੜ੍ਹ ਚੁੱਕਾ ਸੀ।

ਦੁਪਹਿਰ ਦਾ ਖਾਣਾ ਲੈਣ ਤੋਂ ਬਾਅਦ ਜਦ ਉਹ ਲਾਬੀ ’ਚ ਗਿਆ ਤਾਂ ਮੈਰੀ ਡਿਊਟੀ ’ਤੇ ਆ ਚੁੱਕੀ ਸੀ। ਅੱਜ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ। ਵਿਜੈ ਨੂੰ ਵੇਖ ਉਹ ਮੁਸਕਰਾਈ, “ਹੈਲੋ ਮਿਸਟਰ ਵਿਜੈ।”

ਵਿਜੈ ਨੂੰ ਖ਼ੁਸ਼ੀ ਹੋਈ ਤੇ ਯਕੀਨ ਹੋ ਗਿਆ ਕਿ ਮੈਰੀ ਦੇ ਮਨ ’ਚ ਕੱਲ੍ਹ ਵਾਲੀਆਂ ਗੱਲਾਂ ਦਾ ਕੋਈ ਸ਼ਿਕਵਾ ਨਹੀਂ, ਸਗੋਂ ਉਹ ਤਾਂ ਹੋਰ ਗੱਲਾਂ ਕਰਨਾ ਚਾਹੁੰਦੀ ਹੈ। ਉਹ ਨਜ਼ਦੀਕ ਚਲਾ ਗਿਆ ਤੇ ਗੱਲਾਂ ਕਰਨ ਲੱਗ ਪਏ। ਕੁੱਝ ਚਿਰ ਬਾਅਦ ਹੀ ਉਹ ਤਾਂ ਇੰਝ ਗੱਲਾਂ ਕਰ ਰਹੇ ਸੀ, ਜਿਵੇਂ ਚਿਰਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਣ। ਮੈਰੀ ਆਪਣਾ ਕੰਮ ਵੀ ਕਰਦੀ ਰਹੀ ਤੇ ਗੱਲਾਂ ਵੀ ਕਰਦੀ ਰਹੀ। ਉਹ ਪਿਆਰ, ਸੈਕਸ, ਸ਼ਾਦੀ, ਘਰ-ਪਰਿਵਾਰ, ਅਧਿਆਤਮ, ਹਰੇਕ ਵਿਸ਼ੇ ’ਤੇ ਖੁੱਲ ਕੇ ਗੱਲਾਂ ਕਰਦੇ ਰਹੇ। ਸੈਕਸ ਬਾਰੇ ਗੱਲ ਕਰਦਿਆਂ ਮੈਰੀ ਬੇ-ਝਿਜਕ ਬੋਲਦੀ ਰਹੀ। ਹਾਲਾਂਕਿ ਵਿਜੈ ਝਿਜਕ ਮਹਿਸੂਸ ਕਰਦਾ ਰਿਹਾ।

ਹੌਲੀ-ਹੌਲੀ ਗੱਲਾਂ ਦਾ ਕੇਂਦਰ ਬਿੰਦੂ ਇੰਡੀਆ ਤੇ ਅਮਰੀਕਾ ਦਾ ਪਰਿਵਾਰਕ ਸਿਸਟਮ ਬਣ ਗਿਆ। ਵਿਜੈ ਦਾ ਤਰਕ ਸੀ, “ਤੁਸੀਂ ਲੋਕ ਜ਼ਿੰਦਗੀ

18/ਰੇਤ ਦੇ ਘਰ