ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ’ਤੇ ਕੋਈ ਜਾਦੂਮਈ ਅਸਰ ਹੋਇਆ। ਭੁੱਲ ਗਈ ਕਿੱਥੇ ਖੜ੍ਹੀ ਹਾਂ। ਅਚਾਨਕ ਮੇਰੇ ਮੂੰਹੋਂ ਇਹ ਬੋਲ ਹੋ ਗਿਆ, “ਕੋਈ ਗੱਲ ਨਹੀਂ।” ਤੇ ਮੈਂ ਚੁੱਪ-ਚਾਪ ਰੇਤ ਦੀ ਉਸ ਢੇਰੀ ਕੋਲ ਦੁਬਾਰਾ ਬੈਠ ਗਈ। ਬੈਠਣ ਸਾਰ ਖ਼ਿਆਲ ਆਇਆ, “ਹੈਂਅ! ਆਹ ਕੀ! ਮੈਂ ਤਾਂ ਖ਼ੁਦ ਪੰਜਾਬੀ ਬੋਲ ਗਈ। ਐਨੇ ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਹਾਂ, ਆਹ ਕੀ ਕਰ ਬੈਠੀ।' ਤੇ ਮੈਂ ਪ੍ਰੇਸ਼ਾਨੀ ਮਹਿਸੂਸ ਕਰਨ ਲੱਗੀ।

ਮੇਰੇ ਮੂੰਹੋਂ ਪੰਜਾਬੀ ਸੁਣ ਕੇ ਤੂੰ ਜਾਣ ਦੀ ਬਜਾਏ ਉੱਥੇ ਹੀ ਖੜੋ ਗਿਆ। ਤੇਰੀ ਪ੍ਰੇਸ਼ਾਨੀ ਕਾਫ਼ੀ ਹੱਦ ਤੱਕ ਗਾਇਬ ਹੋ ਗਈ। ਤੂੰ ਮੁਸਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਇੱਕ ਬੇਹੂਦਾ ਸਵਾਲ ਵੀ ਪੁੱਛਿਆ, “ਮੈਂ ਪਾਕਿਸਤਾਨੀ ਹਾਂ ਜਾਂ ਇੰਡੀਅਨ?”

ਮੈਂ ਕੋਈ ਜਵਾਬ ਨਹੀਂ ਸੀ ਦਿੱਤਾ। ਗੁੱਸੇ ਭਰੀਆਂ ਨਜ਼ਰਾਂ ਨਾਲ ਤੇਰੇ ਵੱਲ ਵੇਖਿਆ ਸੀ। ਤੂੰ ਫਿਰ ਸੌਰੀ ਕਹਿ ਦਿੱਤਾ। ਫੇਰ ਮੇਰੇ ਸਾਹਮਣੇ ਕੁੱਝ ਫਾਸਲੇ ਤੇ ਰੇਤ ਉੱਪਰ ਬੈਠ ਗਿਆ। ਸੋਚਣ ਲੱਗੀ, ‘ਹੁਣ ਕੀ ਕਰਾਂ, ਕਿਵੇਂ ਖਹਿੜਾ ਛੁਡਾਵਾਂ।’ ਫੇਰ ਪਤਾ ਨੀ ਮੈਨੂੰ ਕੀ ਹੋਇਆ ਕਿ ਅਚਾਨਕ ਰੇਤ ਦੇ ਬਣੇ ਘਰ ਵੱਲ ਇਸ਼ਾਰਾ ਕਰਕੇ ਪੁੱਛ ਬੈਠੀ, “ਰੇਤ ਦੇ ਇਸ ਘਰ ਵਿੱਚ ਤੈਨੂੰ ਕੀ ਸੋਹਣਾ ਲੱਗਾ?”

“ਘਰ, ਮਹਿਲ ਹੋਵੇ ਜਾਂ ਝੌੰਪੜੀ, ਇੱਟਾਂ ਦਾ ਹੋਵੇ ਜਾਂ ਰੇਤ ਮਿੱਟੀ ਦਾ, ਘਰ ਤਾਂ ਬੱਸ ਘਰ ਹੁੰਦਾ ਹੈ। ਜਦ ਢਹਿੰਦਾ ਹੈ, ਟੁੱਟਦਾ ਹੈ, ਦਰਦ ਤਾਂ ਹੁੰਦਾ ਹੀ ਹੈ। ਟੁੱਟੇ ਘਰਾਂ ਦਾ ਦਰਦ ਉਹੀ ਸਮਝ ਸਕਦੇ ਨੇ, ਜਿਨ੍ਹਾਂ ਦੇ ਆਪਣੇ ਘਰ ਟੁੱਟੇ ਹੋਣ।” ਐਨੀ ਗੱਲ ਕਹਿ ਤੂੰ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਜ਼ਮੀਨ ਵੱਲ ਦੇਖਣ ਲੱਗ ਪਿਆ।

ਤੇਰੀਆਂ ਗੱਲਾਂ ’ਚ ਕੋਈ ਦਰਦ ਸੀ। ਫਿਲਾਸਫ਼ਰਾਂ ਵਰਗੀ ਬੋਲੀ ਤੇ ਭਾਰੀ ਆਵਾਜ਼ ਨੇ ਮੈਨੂੰ ਹੈਰਾਨ ਕੀਤਾ। ਸੋਚਣ ਲੱਗੀ, ‘ਕੀ ਤੇਰਾ ਵੀ ਕੋਈ ਘਰ ਸੀ, ਜੋ ਟੁੱਟ ਚੁੱਕਾ ਹੈ।’ ਕੁੱਝ ਸੋਚ ਕੇ ਮੈਂ ਰੇਤ ਦਾ ਉਹ ਘਰ ਉਸੇ ਤਰ੍ਹਾਂ ਛੱਡ ਦਿੱਤਾ।

‘ਚਲੋ....ਬਾਕੀ ਛੱਡੋ। ਆਪਾਂ ਛੋਟੀਆਂ-ਛੋਟੀਆਂ ਗੱਲਾਂ ਕਰਨ ਲੱਗੇ। ਤੂੰ ਬੋਲਦਾ ਰਿਹਾ। ਮੈਂ ਸੁਣਦੀ ਰਹੀ। ਗੱਲਾਂ ਕਰਦਾ-ਕਰਦਾ ਤੂੰ ਐਨਾ ਭਾਵੁਕ ਹੋ ਗਿਆ, ਜ਼ਿੰਦਗੀ ਦੀਆਂ ਉਹ ਪਰਤਾਂ ਵੀ ਖੋਲ੍ਹ ਦਿੱਤੀਆਂ, ਜੋ ਸਿਰਫ਼ ਖ਼ਾਸ ਆਪਣਿਆਂ ਕੋਲ ਹੀ ਖੋਲ੍ਹੀਆਂ ਜਾਂਦੀਆਂ ਨੇ।

ਮੈਂ ਹੈਰਾਨ, ‘ਬੜਾ ਅਜੀਬ ਇਨਸਾਨ ਹੈ। ਨਾ ਮੇਰਾ ਨਾਮ ਜਾਣਦਾ ਹੈ, ਨਾ ਘਰ, ਪਿੰਡ, ਸ਼ਹਿਰ, ਜਾਤ, ਕੰਮਕਾਰ। ਆਪਣਾ ਸਭ ਕੁੱਝ ਮੇਰੇ ਸਾਹਮਣੇ ਇੰਝ ਖਿਲਾਰ ਦਿੱਤਾ, ਜਿਵੇਂ ਚਿਰਾਂ ਤੋਂ ਮੈਨੂੰ ਜਾਣਦਾ ਹੋਵੇ।’

ਤੇਰੀ ਦੁੱਖਾਂ ਭਰੀ ਕਹਾਣੀ ਮੇਰੇ ’ਤੇ ਅਸਰ ਕਰਨ ਲੱਗੀ। ਤੇਰੇ ਦੁੱਖਾਂ

110/ਰੇਤ ਦੇ ਘਰ