ਪੰਨਾ:ਰੇਤ ਦੇ ਘਰ – ਪਰਮਜੀਤ ਮਾਨ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਦੱਸਿਆ। ਮੇਰਾ ਸ਼ੱਕ ਹੋਰ ਪੱਕਾ ਹੋਣ ਲੱਗਾ ਕਿ ਗੱਲ ਕੋਈ ਹੈ ਵੀ ਜ਼ਰੂਰ ਤੇ ਹੈ ਵੀ ਗੰਭੀਰ।

ਐਨੀ ਲੰਬੀ ਗੱਲ ਦੱਸਣ ਤੋਂ ਬਾਅਦ ਹੁਣ ਵਿਜੈ ਚੁੱਪ ਸੀ। ਸੁਣ ਕੇ ਮੈਂ ਹੈਰਾਨ ਤਾਂ ਹੁੰਦਾ ਰਿਹਾ ਪਰ ਕਿਤੇ ਵੀ ਟੋਕਿਆ ਨਾ। ਸੋਚਿਆ, ਮਨਾ ਇਹ ਤਾਂ ਬਹੁਤ ਵੱਡਾ ਬੋਝ ਮਨ ’ਤੇ ਲਈ ਫਿਰਦੈ, ਕੱਢ ਲੈਣ ਦੇ ਸਾਰੀ ਭੜਾਸ। ਇਹਦਾ ਮਨ ਹੌਲਾ ਹੋ ਸਕੇ।

ਹੁਣ ਅਸੀਂ ਦੋਵਾਂ ਨੇ ਆਪਣੇ-ਆਪਣੇ ਗਿਲਾਸ ਚੁੱਕੇ ਤੇ ਖਾਲੀ ਕਰ ਦਿੱਤੇ। ਮੈਂ ਹਲਕਾ-ਹਲਕਾ ਪੈੱਗ ਹੋਰ ਪਾਉਣ ਲੱਗਾ। ਵਿਜੈ ਦੇ ਗਿਲਾਸ ’ਚ ਪੈੱਗ ਪਾਉਣ ਵੇਲੇ ਮੈਂ ਬਿਨਾਂ ਬੋਲੇ ਉਸ ਵੱਲ ਦੇਖਿਆ। ਉਹ ਚੁੱਪ ਹੀ ਰਿਹਾ ਤੇ ਨਾ ਕੋਈ ਇਸ਼ਾਰਾ ਕਰਕੇ ਪੈੱਗ ਪਾਉਣ ਤੋਂ ਰੋਕਿਆ। ਉਸਦੀ ਸਹਿਮਤੀ ਸਮਝ ਮੈਂ ਹੌਲੇ-ਹੌਲੇ ਪੈੱਗ ਹੋਰ ਪਾ ਲਏ ਤੇ ਸਿੱਧਾ ਹੋ ਕੇ ਬੈਠ ਗਿਆ।

ਵਿਜੈ ਨੇ ਚਿੱਤ ਕਰਾਰਾ ਕੀਤਾ ਤੇ ਫਿਰ ਦੱਸਣ ਲੱਗਾ, “ਕੁਲਜੀਤ ਦੇ ਆਉਣ ’ਤੇ ਅਗਲੇ ਦਿਨ ਤੋਂ ਮੈਂ ਉਹਦੇ ਨਾਲ ਤਿਆਰੀ ਕਰਵਾਉਣ ਲੱਗ ਪਿਆ। ਕੰਪਨੀ ਦਫ਼ਤਰ ਜਾਣਾ, ਸਤਿਬੀਰ ਦੀ ਮੌਤ ਬਾਰੇ ਹੋਰ ਜਾਣਕਾਰੀ ਲੈਣਾ, ਉਸਦੇ ਜਹਾਜ਼ ਵਿਚਲੇ ਨਿੱਜੀ ਸਮਾਨ ਬਾਰੇ ਪਤਾ ਕਰਨਾ, ਮੁਆਵਜ਼ੇ ਦੀ ਗੱਲ ਕਰਨਾ ਆਦਿ। ਫਿਰ ਸਕੂਲ ਜਾ ਕੇ ਬੱਚੇ ਦਾ ਨਾਮ ਕਟਵਾਉਣਾ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣਾ, ਛੋਟੀ-ਮੋਟੀ ਖਰੀਦਦਾਰੀ ਕਰਨੀ, ਸਮਾਨ ਦੀ ਪੈਕਿੰਗ ਆਦਿ ਕਈ ਕੰਮ ਸਨ, ਜੋ ਕਰਨੇ ਸਨ। ਸ਼ੁਰੂ ਵਿੱਚ ਮੈਂ ਚਾਹਿਆ ਸੀ ਕਿ ਕਮਲੇਸ਼ ਨਾਲ ਰਹੇ ਤੇ ਮੱਦਦ ਕਰੇ ਪਰ ਉਸਦਾ ਵਤੀਰਾ ਵੇਖ ਮੈਂ ਚੁੱਪ ਕਰ ਗਿਆ। ਹੁਣ ਮੈਂ ਵੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ ਤੇ ਕੁਲਜੀਤ ਦੀ ਹਰ ਤਰ੍ਹਾਂ ਦੀ ਮੱਦਦ ਕਰਨਾ ਮੈਂ ਆਪਣਾ ਫ਼ਰਜ਼ ਸਮਝਦਾ ਸੀ। ਉਸ ਵਿਚਾਰੀ ਦਾ ਹੋਰ ਬੰਬਈ ਵਿੱਚ ਹੈ ਵੀ ਕੌਣ ਸੀ?

ਤੁਰੇ ਫਿਰਦੇ ਅਸੀਂ ਕੰਮ ਦੇ ਨਾਲ-ਨਾਲ ਗੱਲਾਂ ਵੀ ਕਰਦੇ ਰਹਿੰਦੇ। ਗੱਲਾਂ-ਗੱਲਾਂ ਵਿੱਚ ਕੁਲਜੀਤ ਨੇ ਦੱਸਿਆ, “ਭਾਅ ਜੀ, ਸ਼ਾਇਦ ਉਨ੍ਹਾਂ ਵੀਜ਼ੇ ਸਬੰਧੀ ਕਿਸੇ ਨਾਲ ਕੋਈ ਗੱਲ ਕਰ ਲਈ ਸੀ। ਉਨ੍ਹਾਂ ਨੇ ਸਾਨੂੰ ਕੈਨੇਡਾ ਸੈੱਟ ਕਰਨ ਬਾਰੇ ਮੈਨੂੰ ਦੱਸਿਆ ਸੀ। ਭਾਅ ਜੀ ਅਸੀਂ ਸਭ ਨੇ ਕੈਨੇਡਾ ਚਲੇ ਜਾਣਾ ਸੀ। ਆਹ ਤਾਂ ਕਿਧਰੇ ਚਿੱਤ-ਚੇਤੇ ਵੀ ਨਹੀਂ ਸੀ।” ਗੱਲਾਂ ਕਰਦੀ-ਕਰਦੀ ਕੁਲਜੀਤ ਦਾ ਮਨ ਭਰ ਆਉਂਦਾ। ਉਸਦੀਆਂ ਗੱਲਾਂ ਸੁਣ ਮੇਰਾ ਮਨ ਵੀ ਭਰ ਆਉਂਦਾ।

ਕੁਲਜੀਤ ਦੇ ਪੰਜਾਬ ਜਾਣ ਦੀ ਸਾਰੀ ਤਿਆਰੀ ਹੋ ਚੁੱਕੀ ਸੀ। ਬੁੱਕ ਕਰਨ ਵਾਲਾ ਸਾਰਾ ਸਮਾਨ ਬੁੱਕ ਕਰਵਾ ਦਿੱਤਾ। ਨਾਲ ਲਿਜਾਣ ਵਾਲਾ ਸਮਾਨ ਪੈਕ ਕਰ ਦਿੱਤਾ। ਸੀਟ ਪਹਿਲਾਂ ਹੀ ਰਿਜ਼ਰਵ ਕਰਵਾ ਲਈ ਸੀ। ਨਿਸ਼ਚਿਤ ਦਿਨ

102/ਰੇਤ ਦੇ ਘਰ