ਇਹ ਸਫ਼ਾ ਪ੍ਰਮਾਣਿਤ ਹੈ
ਇਕ ਸੀਨ ਦੇਖ ਕੇ
ਪੌਣ ਪੁਰੇ ਦੀ ਵੱਗੀ ਡਾਲਾਂ ਝੂੰਮ ਗਈਆਂ।
ਜਿਉਂ ਅੰਬੀਂ ਮੁਟਿਆਰਾਂ ਝੂਟੇ ਲੈਣ ਪਈਆਂ।
ਚਰ੍ਹੀਆਂ ਸਰ ਸਰ ਕੀਤੀ ਜੀਆ ਮੌਲ ਗਿਆ।
ਜੰਮੂੰ ਰੰਗੀ ਘਟ ਦਾ ਸਾਇਆ ਆਣ ਪਿਆ।
ਸਜ਼ਬਾ ਸਾਇਆ ਮਿਲ ਜੰਗਾਲੀ ਹੋਣ ਲੱਗਾ।
ਮੇਰੇ ਦਿਲ ਦੀ ਸਾਰੀ ਕਾਲਖ ਧੋਣ ਲੱਗਾ।
ਅੰਬਰੋਂ ਲਿਸ਼ਕੀ ਬਿਜਲੀ ਦੋਧੀ ਰੰਗ ਬਣਿਆ।
ਪਲ ਵਿਚ ਪੁੰਨਿਆ ਮੱਸਿਆ ਤਾਣਾ ਆ ਤਣਿਆ
ਬੱਦਲ ਸਹਿਜੇ ਸਹਿਜੇ ਅਰਸ਼ੋਂ ਝੁੱਕ ਪਿਆ।
ਧਰਤੀ ਦੀ ਤਕ ਰੌਣਕ ਸੋਹਣਾ ਰੁੱਕ ਗਿਆ।
ਗੁਣ ਉੱਤੇ ਗੁਣ ਵਾਲਾ ਰੀਝਾਂ ਕਰ ਬਹਿੰਦਾ।
ਰੀਝ ਭਰੀ ਭੋਂ ਵੱਲੇ ਦਰਿਆ ਖੁਦ ਵਹਿੰਦਾ।
ਰੀਝਾਂ ਦਾ ਸਰਦਾਰ ਮੋਰ ਔਹ ਆਇਆ ਹੈ।
ਅੱਖਾਂ ਵਿਚ ਬੱਦਲ ਦਾ ਰੰਗ ਸਮਾਇਆ ਹੈ।
੪੫.