ਪੰਨਾ:ਰਾਵੀ - ਗੁਰਭਜਨ ਗਿੱਲ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਲੈ ਹੋਇਆ ਕੀ ਮੇਰਾ ਹਾਲ ਹੈ।
ਭੀੜ ਹੈ, ਪਰ ਦੋਸਤੀ ਦਾ ਕਾਲ਼ ਹੈ।

ਵੇਖਿਆ ਅੰਬਰ 'ਚੋਂ ਰਾਤੀਂ ਸ਼ਹਿਰ ਨੂੰ,
ਜਾਪਿਆ ਇਹ ਮੋਤੀਆਂ ਦਾ ਥਾਲ ਹੈ।

ਧਰਤ ਉੱਤੇ ਤੂੰ ਖੜ੍ਹੀ ਨੇ ਇਹ ਕਿਹਾ,
ਭਰਮ ਹੈ, ਇਹ ਰੌਸ਼ਨੀ ਦਾ ਜਾਲ਼ ਹੈ।

ਛਣਕੀਆਂ ਫ਼ਲੀਆਂ ਸ਼ਰੀਂਹ ਤੇ, ਮੈਂ ਕਿਹਾ,
ਸੁਣ ਜ਼ਰਾ ਇਹ ਬਿਰਖ਼ ਦਾ ਜੋ ਤਾਲ ਹੈ।

ਤੂੰ ਕਿਹਾ, ਪੱਤਰ ਹਰੇ ਸੀ ਝੜ ਗਏ,
ਇਹ ਤਾਂ ਓਸੇ ਦਰਦ ਦਾ ਇਕਬਾਲ ਹੈ।

ਪੋਹ ਮਹੀਨੇ ਝੰਬ ਸੁੱਟੀ ਕਾਇਨਾਤ,
ਜਜ਼ਬਿਆਂ ਨੂੰ ਨਿੱਘ ਦੀ ਹੁਣ ਭਾਲ ਹੈ।

ਤੁਰ ਗਏ ਕਿੱਧਰ ਸਾਜ਼ਿੰਦੇ ਤੁਰ ਗਏ,
ਜ਼ਿੰਦਗੀ ਬੇ ਬਹਿਰ ਬੇ ਸੁਰਤਾਲ ਹੈ।

107