ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/41

ਇਹ ਸਫ਼ਾ ਪ੍ਰਮਾਣਿਤ ਹੈ

ਉਂਗਲ ਨੂੰ ਉਵੇਂ ਜਿਵੇਂ ਆਪਣੇ ਮੂੰਹ ਵਿੱਚ ਲੈ ਲਿਆ, ਉੱਚੀ ਉੱਚੀ ਹੱਸਦੀ ਉਹ ਸਾਡੇ ਘਰੋਂ ਨੱਠ ਗਈ।
ਦੋ ਤਿੰਨ ਦਿਨਾਂ ਬਾਅਦ ਮੇਰੀ ਭੂਆ ਆਈ ਸੀ ਤੇ ਮੈਨੂੰ ਆਪਣੇ ਨਾਲ ਹੀ ਆਪਣੇ ਪਿੰਡ ਲੈ ਗਈ ਸੀ। ਮੈਂ ਦੋ ਮਹੀਨੇ ਵਾਪਸ ਨਹੀਂ ਸੀ ਆਇਆ।
ਜਦ ਵਾਪਸ ਆਇਆ ਸਾਂ, ਨਸੀਮ ਮੈਨੂੰ ਸਿਆਣੀ ਸਿਆਣੀ ਲੱਗੀ ਸੀ। ਮੁੰਡੇ ਕੁੜੀਆਂ ਵਿੱਚ ਆ ਕੇ ਉਹ ਖੇਡਦੀ ਨਹੀਂ ਸੀ। ਘਰ ਹੀ ਬਹੁਤਾ ਰਹਿੰਦੀ। ਡਰੀ ਡਰੀ ਬਾਹਰ ਨਿਕਲਦੀ। ਪਤਾ ਨਹੀਂ ਕੀ ਗੱਲ? ਮੈਨੂੰ ਕਿਸੇ ਨੇ ਕੁਝ ਨਾ ਦੱਸਿਆ। ਉਸ ਦੀ ਮਾਂ ਉਸ ਨੂੰ ਗੱਲ ਗੱਲ ਤੇ ਝਿੜਕਦੀ ਸੀ।
ਮੈਂ ਵੀ ਹੁਣ ਨਸੀਮ ਨੂੰ ਘੱਟ ਹੀ ਬੁਲਾਉਂਦਾ, ਪਰ ਮੇਰੇ ਨਾਲ ਬੋਲਣੋਂ ਤਾਂ ਉਹ ਸੰਗਦੀ ਨਹੀਂ ਸੀ। ਉਸ ਦੀ ਮਾਂ ਵੀ ਮੈਨੂੰ ਕਹਿੰਦੀ ਰਹਿੰਦੀ-“ਕਰਮਿਆਂ ਬੱਚੂ, ਹੁਣੇ ਮੁੱਖ ਮੋਡਦਾ ਜਾਨੋਂ। ਵੱਡਾ ਹੋਇਆ ਤਾਂ ਤੇਰੀ ਸਰਦਾਰੀ ਦੀ ਦੂਕ ਕੌਣ ਝੱਲੂ? ਹੁਣ ਤੂੰ ਸਾਡੇ ਘਰ ਔਦਾ ਕਿਉਂ ਨ੍ਹੀ?'
ਪਰ ਮੈਂ ਹੈਰਾਨ ਸਾਂ ਤਾਂ ਇਸ ਗੱਲੋਂ ਕਿ ਉਹ ਨਸੀਮ ਨੂੰ ਕਿਉਂ ਵੱਢੂ ਖਾਊਂ ਕਰਦੀ ਰਹਿੰਦੀ ਹੈ?
ਸਾਵਣ ਦਾ ਮਹੀਨਾ ਆਇਆ। ਸਾਈਂ ਦੇ ਡੇਰੇ ਕੱਵਾਲੀਆਂ ਜੰਮਣ ਲੱਗੀਆਂ। ਮਲੇਰਕੋਟਲੇ ਦੇ ਕੱਵਾਲਾਂ ਨੇ ਤਿੰਨ ਦਿਨ ਮਹਿਫ਼ਲ ਗਰਮ ਰੱਖੀ। 'ਔਹ ਦਿੱਸੇ ਵੇ, ਕੁੱਲੀ ਯਾਰ ਦੀ ਘੜਿਆ। ਔਹ ਦਿੱਸੇ ਵੇ।’ ਦੇ ਬੋਲ ਹਰ ਜ਼ਬਾਨ 'ਤੇ ਚੜ੍ਹ ਗਏ।
ਇੱਕ ਦਿਨ ਮੈਂ ਬਾਹਰੋਂ ਆਇਆ। ਆਉਣ ਸਾਰ ਕੋਠੇ 'ਤੇ ਚੜ੍ਹ ਗਿਆ। ਕੋਠੇ ਤੋਂ ਹੀ ਮੇਰੀ ਨਿਗਾਹ ਪਈ, ਨਸੀਮ ਆਪਣਾ ਵਿਹੜਾ ਸੁੰਭਰ ਰਹੀ ਸੀ ਤੇ ਹੌਲੀ ਹੌਲੀ ਗਾ ਰਹੀ ਸੀ-'ਔਹ ਦਿੱਸੇ ਵੇ, ਕੁੱਲੀ ਯਾਰ ਦੀ ਘੜਿਆ।' ਮੈਂ ਆਪਣੇ ਕੋਠੇ ਦੇ ਬਨੇਰੇ ਕੋਲ ਪੰਥੀ ਮਾਰ ਕੇ ਬੈਠ ਗਿਆ ਤੇ ਕੱਵਾਲਾਂ ਵਾਂਗ ਬਾਹਾਂ ਕੱਢ ਕੇ ਉੱਚੀ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ- 'ਔਹ ਦਿੱਸੇ ਵੇ...।' ਨਸੀਮ ਚੁੱਪ ਹੋ ਗਈ।
ਘਰ, ਵੀਹੀ ਗਲੀ ਵਿੱਚ, ਖੇਤ, 'ਔਹ ਦਿੱਸੇ ਵੇ' ਹਰ ਵੇਲੇ ਮੇਰੇ ਮੂੰਹ 'ਤੇ ਰਹਿੰਦਾ। ਜਦ ਕਦੇ ਵੀ ਨਸੀਮ ਮੈਨੂੰ ਦਿੱਸਦੀ, ਮੈਨੂੰ ਮਹਿਸੂਸ ਹੁੰਦਾ, ਜਿਵੇਂ ਉਹ ਵੀ ਇਹੀ ਕੁਝ ਗੁਣਗਣਾ ਰਹੀ ਹੋਵੇ।
ਇੱਕ ਦਿਨ ਸਾਡੀ ਕਪਾਹ ਚੁਗਣ ਪੰਜ ਛੀ ਚੁਗਾਵੀਆਂ ਗਈਆਂ। ਉਨ੍ਹਾਂ ਵਿੱਚ ਨਸੀਮ ਵੀ ਸੀ। ਪਿਛਲੇ ਪਹਿਰ ਖੂਹ ਵਾਲੇ ਤੂਤ ਥੱਲੇ ਨਸੀਮ ਪਾਣੀ ਪੀਣ ਆਈ। ਮੈਂ ਚਾਹ ਦੇ ਪਤੀਲੇ ਥੱਲੇ ਚੁੱਲ੍ਹੇ ਵਿੱਚ ਅੱਗ ਮਚਾ ਰਿਹਾ ਸਾਂ। “ਸੀਮਾ‘ਔਹ ਦਿੱਸੇ ਵੇ' ਵਾਲੀ ਕੱਵਾਲੀ ਤੇਰੇ ਸਾਰੀ ਯਾਦ ਐ?” ਮੈਂ ਪੁੱਛਿਆ। ਤੇ ਉਹ ਹੌਲੀ ਹੌਲੀ ਮੈਨੂੰ ਸੁਣਾਉਣ ਲੱਗ ਪਈ- 'ਔਹ ਦਿੱਸੇ ਵੇ ਕੁੱਲੀ ਯਾਰ ਦੀ ਘੜਿਆ। ਔਹ ਦਿੱਸੇ ਵੇ।' ਔਹ ਦਿੱਸੇ ਵੇ।' ਉਸ ਦੇ ਬੋਲ ਵਿੱਚ ਮਿਸ਼ਰੀ ਘੁਲੀ ਹੁੰਦੀ ਸੀ। ਗਾਉਂਦੀ ਗਾਉਂਦੀ ਜਦ ਉਹ ਅੱਖਾਂ ਝਮਕਦੀ ਸੀ ਤਾਂ ਇਉਂ ਲੱਗਦਾ ਸੀ, ਜਿਵੇਂ ਲੱਗੜੀ ਦੇ ਫੁੱਲਾਂ ਦੀ ਬਾਰਸ਼ ਹੁੰਦੀ ਹੋਵੇ। ਇੱਕ ਟੱਪਾ ਅਜੇ ਰਹਿੰਦਾ ਸੀ, ਮੈਂ ਉਸ ਨੂੰ ਵਿਚੇ ਟੋਕ ਦਿੱਤਾ- 'ਜਾਹ ਸੀਮਾ, ਔਹ ਪਤਾ ਨ੍ਹੀ ਕੀ ਸੋਚਦੀਆਂ ਹੋਣਗੀਆਂ।

--੦--

ਨਸੀਮ ਦਾ ਘਰ

41