ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵਿੱਚ ਲਿਫ਼ਾਫ਼ਾ ਵੀ ਸੀ। ਲਿਫ਼ਾਫ਼ਾ ਉਹਨੇ ਕਮਲਾ ਵੱਲ ਕੀਤਾ। ਉਹਨੇ ਫੜ ਲਿਆ। ਦੇਖਿਆ ਅੰਬਾਂ ਦਾ ਭਰਿਆ ਹੋਇਆ। 'ਰੋਟੀ ਦੇਹ...' ਉਹ ਕੜਕਿਆ। ਕਮਲਾ ਫਰਿੱਜ ਖੋਲ੍ਹਣ ਲੱਗੀ।

ਉਹ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ। ਬਿਜਲੀ ਦੀ ਟਿਊਬ ਜਗਾ ਕੇ ਪੱਖਾ ਛੱਡ ਲਿਆ ਸੀ। ਉਹ ਰੋਟੀ ਦੀਆਂ ਪਲੇਟਾਂ ਲੈ ਕੇ ਆਈ। ਉਹ ਨੇ ਦੇਖਿਆ, ਉਹ ਦੰਦ ਪੀਹ ਰਿਹਾ ਸੀ। ਫੇਰ ਉਹ ਗਾਲ੍ਹਾਂ ਕੱਢਣ ਲੱਗਿਆ..

ਇੱਕ ਬੁਰਕੀ ਮੂੰਹ ਵਿੱਚ ਪਾਈ ਤੇ ਕੜਕਿਆ, 'ਇਹ ਕੱਦੂ.. ਸਾਡੇ ਵਾਸਤੇ ਹੋਰ ਸਬਜ਼ੀਆਂ..

ਉਹ ਉਹਦੇ ਜ਼ਰਾ ਨੇੜੇ ਹੋ ਕੇ ਬੈਠਣ ਲੱਗੀ ਤਾਂ ਉਹਨੇ ਉਸ ਦੇ ਮੋਢੇ 'ਤੇ ਧੱਫ਼ਾ ਦੇ ਮਾਰਿਆ।

ਪੰਜ-ਚਾਰ ਬੁਰਕੀਆਂ ਹੀ ਖਾਧੀਆਂ ਹੋਣਗੀਆਂ। ਪਾਣੀ ਪੀ ਕੇ ਬੈੱਡ 'ਤੇ ਟੇਢਾ ਹੋ ਗਿਆ। ਜਿਵੇਂ ਹਵਾ ਨੂੰ ਗਾਲ੍ਹਾਂ ਦੇ ਰਿਹਾ ਹੋਵੇ, 'ਉਹ ਕੁੱਤੀਏ, ਤੇਰਾ ਕਿਤੇ ਭਲਾ ਨੀਂ ਹੋਊਗਾ।'

'ਨਾ ਹੋਵੇ ਮੇਰਾ ਭਲਾ, ਥੋਡਾ ਭਲਾ ਕਰੇ ਰੱਬ। ਭਾਂਡੇ ਚੁੱਕਣ ਲੱਗੀ ਉਹ ਆਖ ਰਹੀ ਸੀ। ਅੱਗੇ ਉਹ ਤੋਂ ਬੋਲਿਆ ਨਹੀਂ ਗਿਆ। ਉਹਨੂੰ ਹਿੱਝਕੀ ਲੱਗੀ ਹੋਈ ਸੀ।

'ਓਏ ਤੈਨੂੰ ਨੀਂ ਆਖਦਾ ਮੈਂ, ਮੈਂ ਤਾਂ ਓਸ ...।'

ਕਮਲਾ ਨੇ ਪਾਣੀ ਦਾ ਗਿਲਾਸ ਲਿਆਂਦਾ ਤੇ ਉਹਨੂੰ ਮੋਢੇ ਤੋਂ ਫੜ ਕੇ ਬੈਠਾ ਕਰ ਲਿਆ। ਗਲਾਸ ਉਹਦੇ ਮੂੰਹ ਨੂੰ ਲਾ ਦਿੱਤਾ। ਪਾਣੀ ਪੀ ਕੇ ਉਹ ਗਾਲ੍ਹਾਂ ਕੱਢਦਾ ਕੱਢਦਾ ਸੌਂ ਗਿਆ ਤੇ ਫੇਰ ਘਰਾੜੇ ਮਾਰਨ ਲੱਗਿਆ।

ਕਮਲਾ ਨੇ ਕਾਫ਼ੀ ਕੁਝ ਸਮਝ ਲਿਆ ਸੀ। ਉਹਦੀ ਜੂਠੀ ਛੱਡੀ ਸਬਜ਼ੀ ਤੇ ਰੋਟੀਆਂ ਲੈ ਕੇ ਉਹ ਬੈਠ ਗਈ। ਆਪਣੇ ਕਮਰੇ ਵਿੱਚ ਰੋਟੀ ਖਾ ਰਹੀ ਕਮਲਾ ਦਿਮਾਗੀ ਤੌਰ ਤੇ ਹਲਕਾ-ਹਲਕਾ ਮਹਿਸੂਸ ਕਰ ਰਹੀ ਸੀ।

ਅਗਲੇ ਦਿਨ ਆਪਣੀ ਪੁੜਪੁੜੀ 'ਤੇ ਉਹਨੇ ਕਾਗਤੀ ਨਹੀਂ ਲਾਈ।

ਪਤੀ

183