ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਕਸੀਮ


'ਤਕਸੀਮ' ਤਾਂ ਤੁਸੀਂ ਜਾਣਦੇ ਹੋ: ਇੱਕ ਪਏ-ਦਾਅ ਲਕੀਰ, ਦੋਵੇਂ ਸਿਰਿਆਂ ਤੋਂ ਹੇਠਾਂ ਵੱਲ ਖਿੱਚੀਆਂ ਤੇ ਫਿਰ ਬਾਹਰ ਵੱਲ ਨੂੰ ਜਾਂਦੀਆਂ ਦੋ ਚਾਪਾਂ, ਅਰਧ-ਚੰਦ ਅਕਾਰ ਦੀਆਂ। ਬੱਸ, ਇਸ ਪ੍ਰਕਾਰ ਹੀ ਸਨ ਉਸ ਦੀਆਂ ਮੁੱਛਾਂ। ਉਤਲੇ ਬੁੱਲ੍ਹ 'ਤੇ ਛੋਟੇ-ਛੋਟੇ ਵਾਲਾਂ ਦੀ ਸਿੱਧੀ ਰੇਖਾ ਤੇ ਫਿਰ ਦੋਵੇਂ ਸਿਰਿਆਂ ਤੋਂ ਲੰਬੇ-ਲੰਬੇ ਕੁੰਡਲ, ਥੱਲੇ ਨੂੰ ਆ ਕੇ ਇਕਦਮ ਉਤਾਂਹ ਉੱਠੇ ਹੋਏ। ਕੁੰਡਲਾਂ ਨੂੰ ਉਹ ਮਰੋੜਾ ਦੇ ਕੇ ਰੱਖਦਾ। ਉਤਾਂਹ ਚੁੱਕਦਾ ਜਾਂ ਸਿੱਧਾ ਕਰਦਾ, ਪਰ ਉਹ ਫਿਰ ਆਪਣੀ ਅਸਲ ਸ਼ਕਲ ਵਿੱਚ ਕੁੰਡਲ ਬਣ ਜਾਂਦੇ। ਫ਼ਿਕਸਰ ਲਾ ਕੇ ਚਿਪਕਾਈ ਬਹੁਤ ਘੱਟ ਤੇ ਕੱਕੇ ਵਾਲਾਂ ਦੀ ਦਾੜ੍ਹੀ ਤੇ ਉਸ ਦੀਆਂ ਮੁੱਛਾਂ ਹੋਰ ਵੀ ਤਕਸੀਮ ਬਣ ਕੇ ਉੱਘੜਦੀਆਂ। ਉਸ ਦੇ ਸਾਥੀਆਂ ਨੇ ਉਸ ਦਾ ਨਾਉਂ ਤਕਸੀਮ ਰੱਖ ਛੱਡਿਆ ਸੀ। ਲਛਮਣ ਸਿੰਘ ਤਾਂ ਉਸ ਨੂੰ ਕਦੇ ਹੀ ਕੋਈ ਆਖਦਾ ਜਾਂ ਫਿਰ ਮਹੀਨੇ ਪਿੱਛੋਂ ਤਨਖ਼ਾਹ ਲੈਣ ਵੇਲੇ ਕਲਰਕ ਦੇ ਮੂੰਹੋਂ ਉਸ ਦਾ ਨਾਉਂ ਸੁਣਿਆ ਜਾਂਦਾ-'ਚੱਲ ਬਈ, ਲਛਮਣ ਸਿੰਘ ਲਾ ਟਿਕਟ

ਲਛਮਣ ਸਿੰਘ ...ਲੱਛੂ ....ਲੱਛੂ .... .ਲੱਛਾ...ਵਾਲਾ ਦਾ ਲੱਛਾ....ਤੇ ਫਿਰ ਵਾਲਾਂ ਤੋਂ ਗੱਲ ਤੁਰ ਕੇ ਉਸ ਦੀਆਂ ਮੁੱਛਾਂ 'ਤੇ ਆ ਅਟਕਦੀ। ਉਹ ਗੁੱਸਾ ਨਹੀਂ ਕਰਦਾ ਸੀ। ਖਿਝਦਾ, ਮੋੜਵੇਂ ਜਵਾਬ ਕਰਦਾ ਤਾਂ ਸਾਥੀ ਹੋਰ ਛੇੜਦੇ। ਉਸ ਨੂੰ ਕੋਈ ਕੁਝ ਕਹੀ ਜਾਂਦਾ, ਉਹ ਮੁਸਕਰਾ ਹੀ ਛੱਡਦਾ। ਮੁਸਕਰਾਉਣ ਨਾਲ ਉਸ ਦੀਆਂ ਮੁੱਛਾਂ ਦੀ ਤਕਸੀਮ ਹੋਰ ਉੱਘੜ-ਉੱਘੜ ਪੈਂਦੀ।

ਉਸ ਦੇ ਸਾਥੀ ਲਖਬੀਰ, ਭਰਪੂਰ, ਜਸਵਿੰਦਰ ਤੇ ਹਰਨੇਕ ਇੱਕੋ ਜਿਹੀ ਉਮਰ ਦੇ, ਇੱਕੋ ਜਿਹੀਆਂ ਆਦਤਾਂ ਦੇ ਮਾਲਕ ਸਨ। ਲਖਬੀਰ ਕੁਝ ਚੁਸਤ, ਸਿਆਣਾ ਤੇ ਬਾਕੀਆਂ ਤੇ ਪ੍ਰਭਾਵ ਰੱਖਦਾ। ਚਾਰੇ ਹੀ ਛੜੇ-ਛੜਾਂਗ। ਇੱਕ ਚੁਬਾਰਾ ਕਿਰਾਏ 'ਤੇ ਲੈ ਕੇ ਇਕੱਠੇ ਰਹਿੰਦੇ। ਜਿਸ ਦਿਨ ਤਨਖ਼ਾਹ ਮਿਲਦੀ, ਉਹ ਪੀਣ ਦਾ ਪ੍ਰੋਗਰਾਮ ਬਣਾ ਲੈਂਦੇ। ਪੀਂਦੇ ਤੇ ਪੂਰਾ ਸ਼ੁਗਲ ਕਰਦੇ। ਇੱਕ ਵਾਰ ਉਨ੍ਹਾਂ ਨੇ ਤਕਸੀਮ ਨੂੰ ਵੀ ਚੁਬਾਰੇ ਵਿੱਚ ਬੁਲਾ ਲਿਆ। ਉਹ ਪਰਿਵਾਰ ਸਮੇਤ ਵੱਖਰੇ ਮਕਾਨ ਵਿੱਚ ਸੀ।

ਤਕਸੀਮ ਵਿੱਚ ਹੀਣ-ਭਾਵ ਪੈਦਾ ਹੁੰਦਾ ਜਾਂਦਾ ਸੀ। ਸਾਥੀਆਂ ਵਿੱਚ ਬੈਠ ਕੇ ਉਹ ਕੋਈ ਸੁਭਾਇਕੀ ਗੱਲ ਕਰਦਾ ਤਾਂ ਵੀ ਉਸ ਦੀ ਗੱਲ ਦਾ ਮਖੌਲ ਉਡਾ ਦਿੱਤਾ ਜਾਂਦਾ ਤੇ ਫਿਰ ਉਸ ਨੂੰ ਤਾਂ ਬੋਲਣ ਹੀ ਨਾ ਦਿੱਤਾ ਜਾਂਦਾ।ਮਖੌਲ ਤੇ ਮਖੌਲ। ਉਹ ਚੁੱਪ ਕਰਕੇ ਬੈਠ ਜਾਂਦਾ। ਉੱਤੋਂ-ਉੱਤੋਂ ਮੁਸਕਰਾਉਂਦਾ, ਪਰ ਅੰਦਰਲੇ ਮਨੋਂ ਹੀਣਾ ਹੋ ਚੁੱਕਿਆ ਹੁੰਦਾ।

ਤਕਸੀਮ

175