ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/33

ਇਹ ਸਫ਼ਾ ਪ੍ਰਮਾਣਿਤ ਹੈ

ਚੰਦਨ ਉਸ ਦਿਨ ਸ਼ਾਹਕੋਟ ਤੋਂ ਸ਼ਾਮੀ ਘਰ ਪਹੁੰਚਿਆ ਤਾਂ ਉਹ ਦੀ ਮਾਂ ਵਿਹੜੇ ਵਿੱਚ ਪਲੂੰਘੜੀ ’ਤੇ ਬੈਠੀ ਗਲੋਟੇ ਅਟੇਰ ਰਹੀ ਸੀ। ਮਿਹਰ ਆਟਾ ਗੁੰਨ੍ਹ ਰਿਹਾ ਸੀ। ਕੁਲਜੀਤ ਰੋ ਰਿਹਾ ਸੀ। ਮਿਹਰ ਨੇ ਦੱਸਿਆ, ਉਹ ਚਿੜੀ ਬਣਾਉਣ ਲਈ ਆਟਾ ਮੰਗਦਾ ਹੈ। ਨਿੱਤ ਆਟਾ ਖਰਾਬ ਕਰ ਦਿੰਦਾ ਹੈ। ਚੰਦਨ ਵਿਹੜੇ ਵਿੱਚ ਆਇਆ ਤਾਂ ਕੁਲਜੀਤ ਫਿਰ ਜ਼ਿੱਦ ਕਰਨ ਲੱਗਿਆ। ਚੰਦਨ ਨੇ ਇੱਕ ਚਪੇੜ ਉਹ ਦੇ ਕੰਨ ਤੇ ਜੜ ਦਿੱਤੀ। ਰੋਂਦਾ ਚਿਚਲਾਉਂਦਾ ਉਹ ਗਲੀ ਵਿੱਚ ਦੌੜ ਗਿਆ।ਕਾਫ਼ੀ ਦੇਰ ਮੁੜਿਆ ਹੀ ਨਾ ਤੇ ਫਿਰ ਚੰਦਨ ਨੂੰ ਉਹ ਦੇ ਲਈ ਮੋਹ ਜਾਗਣ ਲੱਗਿਆ। ਕੱਛੇ-ਬੁਨੈਣ ਵਿੱਚ ਹੀ ਉਹ ਕੁਲਜੀਤ ਨੂੰ ਲੱਭਣ ਲਈ ਹਥਾਈ ਵੱਲ ਚੱਲ ਪਿਆ। ਮਿੰਦਰੋ ਪਾਥੀਆਂ ਦਾ ਟੋਕਰਾ ਲਈ ਆ ਰਹੀ ਸੀ। ਹਸਰਤ ਭਰੀਆਂ ਨਿਗਾਹਾਂ ਨਾਲ ਉਹ ਉਹਦੇ ਵੱਲ ਝਾਕਣ ਲੱਗਿਆ। ਉਹ ਨੇੜੇ ਆਈ ਤਾਂ ਚੰਦਨ ਵੱਲ ਅੱਖਾਂ ਪੁੱਟੀਆਂ। ਮਿੰਦਰੋ ਦੀਆਂ ਅੱਖਾਂ ਵਿੱਚ ਉਦਾਸੀ, ਗ਼ਮ ਤੇ ਪਛਤਾਵੇ ਦੇ ਰਲੇ-ਮਿਲੇ ਭਾਵ ਸਨ। ਪੁੱਛਣ ਲੱਗੀ, "ਅੰਜ ਕਿੰਨੀ ਤਰੀਕ ਹੋ ’ਗੀ, ਚੰਦਨ?'

‘ਉਣੱਤੀ ਜੂਨ ਐ।'

ਉਹ ਚੁੱਪ ਖੜੀ ਰਹੀ।

‘ਛੇਵੇਂ ਮਹੀਨੇ ਦੀ ਉਣਤੀ। ਇੱਕ ਘੱਟ ਤੀਹ।' ਚੰਦਨ ਨੇ ਸਪਸ਼ਟ ਕੀਤਾ।

‘ਨਵਾਂ ਮਹੀਨਾ ਚੜ੍ਹਨ ਚ ਫੇਰ ਤਾਂ...'

'ਅੱਛਾ।' ਕਹਿ ਕੇ ਉਹ ਘਰ ਨੂੰ ਤੁਰ ਗਈ। ਜਾਂਦੀ ਹੋਈ ਉਹ ਉਹ ਦੇ ਵਲ ਫਿਰ ਝਾਕੀ ਸੀ।

ਰੋਟੀ-ਟੁੱਕ ਖਾਣ ਪਿੱਛੋਂ ਉਹ ਤੇ ਕੁਲਜੀਤ ਦਰਵਾਜ਼ੇ ਦੀ ਛੱਤ 'ਤੇ ਮੰਜੇ ਵਿਛਾ ਕੇ ਪੈ ਗਏ। ਕੁਲਜੀਤ ਨਿੱਕੀਆਂ-ਨਿੱਕੀਆਂ ਗੱਲਾਂ ਮਾਰਨ ਲੱਗਿਆ। ਅਸਮਾਨ 'ਤੇ ਗਰਦ ਚੜ੍ਹੀ ਹੋਈ ਸੀ। ਤਾਰਾ ਕੋਈ ਨਹੀਂ ਦਿੱਸਦਾ ਸੀ। ਹਵਾ ਚੱਲ ਰਹੀ ਸੀ। ਗਲੀ ਵਿੱਚ ਛੋਟੇ-ਛੋਟੇ ਮੁੰਡੇ-ਕੁੜੀਆਂ ਖੇਡ ਰਹੇ ਸਨ।ਇਕਦਮ ਕੁਲਜੀਤ ਕਹਿਣ ਲੱਗਿਆ, 'ਪਾਪਾ, ਮੈਂ ਵਗ ਜਾਂ?'

‘ਜਾਹ।" ਚੰਦਨ ਨੇ ਬੇਧਿਆਨਾ ਹੋ ਕੇ ਆਖ ਦਿੱਤਾ।

ਚੰਦਨ ਮਿੰਦਰੋ ਬਾਰੇ ਸੋਚ ਰਿਹਾ ਸੀ। ਪਤਾ ਖੁੱਸ ਗਿਆ, ਬੱਚਾ ਕੋਈ ਨਹੀਂ, ਗੁਜ਼ਾਰਾ ਵੀ ਮੁਸ਼ਕਲ ਨਾਲ ਹੀ ਹੋ ਰਿਹਾ ਹੈ। ਕਿਵੇਂ ਇਹ ਦਿਨ ਜਿਹੇ ਕੱਟੀ ਜਾ ਰਹੀ ਹੈ। ਉਮਰ ਚਾਲ੍ਹੀ ਤੋਂ ਉੱਤੇ ਹੈ। ਬੁੱਢੀ ਤਾਂ ਨਹੀਂ ਹੋ ਗਈ। ਮਰਦ ਭੋਗ ਲਈ ਇਹ ਦੇ ਮਨ ਵਿੱਚ ਕਦੇ ਕੋਈ ਗੱਲ ਆਉਂਦੀ ਤਾਂ ਹੋਵੇਗੀ। ਕਦੇ-ਕਦੇ ਸ਼ਿੱਦਤ ਨਾਲ ਸੋਚਦੀ ਹੋਵੇਗੀ ਤਾਂ ਸਿਰ ਪਟਕ ਕੇ ਰਹਿ ਜਾਂਦੀ ਹੋਵੇਗੀ। ਕੋਈ ਹੋਰ ਰਾਹ ਹੀ ਲੱਭ ਲੈਂਦੀ, ਚੰਦਰੀ। ਜਦ ਤੋਂ ਉਹ ਬਾਪ ਕੋਲ ਆ ਕੇ ਬੈਠੀ ਹੈ, ਕਦੇ ਵੀ ਕੋਈ ਮਾੜੀ ਗੱਲ ਇਹ ਦੀ ਵੀ ਨਹੀਂ ਸੁਣੀ। ਕਿੰਨਾ ਜ਼ਬਤ ਹੈ ਇਹ ਦੇ ਵਿੱਚ। ਜ਼ਬਤ ਤਾਂ ਕੀ ਹੈ ਸਬਰ ਹੈ। ਪਰ ਇਹ ਮਰਦ ਨੂੰ ਚਾਹੁੰਦੀ ਤਾਂ ਜ਼ਰੂਰ ਹੋਵੇਗੀ। ਵਿੱਚੇ ਵਿੱਚ। ਕੁੜ੍ਹੀ-ਮੱਚੀਂ ਜਾਂਦੀ ਹੋਵੇਗੀ। ਸ਼ਕਲ ਤਾਂ ਦੇਖੋ ਕੋਈ, ਸੁੱਕ ਕੇ ਟਾਂਡਾ ਬਣੀ ਪਈ ਹੈ।

ਫਿਰ ਉਹ ਆਪਣੇ ਬਾਰੇ ਸੋਚਣ ਲੱਗਿਆ। ਉਹ ਦੀ ਜ਼ਿੰਦਗੀ ਵੀ ਤਾਂ ਮਿੰਦਰੋ ਵਰਗੀ ਹੀ ਹੈ। ਰੇਸ਼ਮਾ ਕੋਲ ਕਿਹੜਾ ਜਾਵੇ, ਐਂਡੀ ਦੂਰ। ਤੇ ਨਾਲੇ ਓਥੇ ਕੀ ਸੁਖਾਲਾ ਹੀ ਹੈ, ਇਹ ਕੰਮ। ਸੌ ਪਾਪੜ ਵੇਲਣੇ ਪੈਂਦੇ ਨੇ।

ਅੱਧਾ ਆਦਮੀ

33