ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/128

ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਭਾਲ ਟੋਲ ਤੋਂ ਬਾਅਦ ਪਤਾ ਲੱਗਿਆ ਕਿ ਉਹ ਤਾਂ ਮਲਕੀਤੀ ਮੱਲ ਸੇਠ ਦੇ ਘਰ ਕੰਮ ਕਰਦਾ ਹੈ, ਮਲਕੀਤੀ ਮੱਲ ਦਾ ਘਰ ਪੁੱਛ ਕੇ ਮੈਂ ਉੱਥੇ ਪਹੁੰਚਿਆ ਤੇ ਦੇਖਿਆ ਕਿ ਨਿੱਕਾ ਗਾਰੇ ਦੀ ਘਾਣੀ ਵਿੱਚ ਗੋਡਿਆਂ ਤੱਕ ਧਸਿਆ ਹੋਇਆ ਕਹੀ ਨਾਲ ਮਿੱਟੀ ਵੱਢ ਰਿਹਾ ਸੀ। ਮਲਕੀਤੀ ਮੱਲ ਦਾ ਨਵਾਂ ਮਕਾਨ ਬਣ ਰਿਹਾ ਸੀ। ਮੈਨੂੰ ਦੇਖ ਕੇ ਨਿੱਕਾ ਬਣਾਉਟੀ ਮੁਸਕਾਨ ਬੁੱਲ੍ਹਾਂ 'ਤੇ ਲੈ ਆਇਆ। ਮੁਸਕਾਨ ਦੇ ਨਾਲ ਹੀ ਉਸ ਦੇ ਮੂੰਹ ਵਿਚਲੇ ਸੋਨੇ ਦੇ ਦੰਦ ਨੇ ਵੀ ਮੱਧਮ ਜਿਹੀ ਦਮਕ ਮਾਰੀ, ਜਿਸ ਨੂੰ ਹੁਣ ਕਰੇੜਾ ਲੱਗ ਚੁੱਕਿਆ ਸੀ। ਉਸ ਨੂੰ ਬੁਲਾਉਣ ਲਈ 'ਸੋਨੀ ਭਗਤ’ ਸ਼ਬਦ ਮੇਰੇ ਸੰਘ ਵਿੱਚ ਹੀ ਅੜ ਗਿਆ।ਚਿੱਠੀ ਫੜਾ ਕੇ ਮੇਰੇ ਮੂੰਹੋਂ ਇੱਕ ਵੀ ਗੱਲ ਨਾ ਸਰੀ ਤੇ ਨਿੱਕਾ ਵੀ ਜਿਵੇਂ ਗੁੰਨਰ ਵੱਟਾ ਹੋ ਗਿਆ।♦

128

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ