ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/91

ਇਹ ਸਫ਼ਾ ਪ੍ਰਮਾਣਿਤ ਹੈ

ਕਾਪੀ 'ਤੇ ਉਤਾਰ ਕੇ ਸਕੂਲ ਲੈ ਆਇਆ। ਤੇ ਫੇਰ ਸਕੂਲ ਦੇ ਗਿਆਨੀ ਮਾਸਟਰ ਨੂੰ ਉਨ੍ਹਾਂ ਨੇ ਇਹ ਅੱਖਰ ਦਿਖਾਏ ਸਨ। ਗਿਆਨੀ ਪੁਰਾਣੇ ਵਖ਼ਤਾਂ ਦਾ ਉਰਦ ਫ਼ਾਰਸੀ ਪੜ੍ਹਿਆ ਹੋਇਆ ਸੀ, ਅਰਬੀ ਵੀ ਜਾਣਦਾ ਹੋਵੇਗਾ। ਉਹ ਨੇ ਅੱਖਰ ਉਠਾ ਕੇ ਫੇਰ ਉਨ੍ਹਾਂ ਨੂੰ ਉਸ ਦਾ ਮਤਲਬ ਸਮਝਾਇਆ ਸੀ। ਉਨ੍ਹਾਂ ਨੇ ਉਨ੍ਹਾਂ ਅੱਖਰਾਂ ਨੂੰ ਆਪਣੀਆਂ ਕਾਪੀਆਂ 'ਤੇ ਪੰਜਾਬੀ ਵਿਚ ਲਿਖ ਲਿਆ ਸੀ ਤੇ ਫੇਰ ਮੂੰਹ ਜ਼ੁਬਾਨੀ ਯਾਦ ਵੀ ਕੀਤਾ। ਉਹ ਅੱਖਰ ਸਨ-"ਸੁਬਹਾਨ ਅੱਲਾਹ ਵਲ ਹਮਦੁਲ ਇੱਲਾਹ ਵਲਾ ਇੱਲਾਹ ਇਲ ਲੱਲਾਹ ਵੱਲਾ ਹੂ ਅਕਬਰ।" ਇਨ੍ਹਾਂ ਅੱਖਰਾਂ ਦੇ ਅਰਥ ਵੀ ਉਨ੍ਹਾਂ ਨੇ ਲਿਖੇ ਤੇ ਯਾਦ ਕੀਤਾ-"ਰੱਬ ਪਾਕ ਹੈ। ਤਮਾਮ ਤਰੀਫ਼ਾਂ ਓਸੇ ਲਈ ਹਨ। ਰੱਬ ਤੋਂ ਬਗੈਰ ਹੋਰ ਕੋਈ ਇਬਾਦਤ ਦੇ ਲਾਇਕ ਨਹੀਂ। ਰੱਬ ਹੀ ਸਭ ਤੋਂ ਵੱਡਾ ਹੈ।"

ਤੇ ਫੇਰ ਜਦੋਂ ਉਹ ਵਿਆਹੇ-ਵਰੇ ਹੋ ਗਏ ਸਨ, ਹਰਦੇਵ ਸਿੰਘ ਨੇ ਆਪਣਾ ਸਾਰਾ ਮਕਾਨ ਢਾਹ ਕੇ ਨਵਾਂ ਬਣਾਇਆ ਸੀ ਤਾਂ ਉਹ ਨੇ ਇਹ ਮਹਿਰਾਬੀ ਬਾਰ ਵਾਲਾ ਦਰਵਾਜ਼ਾ ਨਹੀਂ ਢਾਹਿਆ ਸੀ। ਉਹ ਕਹਿੰਦਾ ਹੁੰਦਾ-"ਇਹ ਨਹੀਂ ਢਾਹੁਣਾ। ਇਸ 'ਤੇ ਕੁਰਾਨ ਦੇ ਅੱਖਰ ਲਿਖੇ ਹੋਏ ਨੇ। ਉਹ ਇਹ ਵੀ ਕਹਿੰਦਾ-"ਇਹੀ ਕੁਛ ਗੁਰਬਾਣੀ ਕਹਿੰਦੀ ਐ, ਇਹੀ ਗੱਲਾਂ ਹਿੰਦੂਆਂ ਦੇ ਗ੍ਰੰਥ ਕਹਿੰਦੇ ਐ।' ਆਪਣੀ ਮਖ਼ਸੂਸ ਹਾਸੀ ਹੱਸਦਾ-"ਹੂੰ... ਫੇਰ ਇਹ ਫ਼ਰਕ ਕੀ ਹੋਇਆ? ਵੱਟਾਂ ਤਾਂ ਬੰਦਿਆਂ ਨੇ ਬਣਾ ਲੀਆਂ। ਰੱਬ ਤਾਂ ਸਭ ਦਾ ਇੱਕੋ ਐ।"

ਦੂਜੀ ਖੰਘੂਰ ਸੁਣ ਕੇ ਅੰਦਰੋਂ ਕੁੜੀ ਆਈ ਇਹ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਕੁੜੀ ਸੀ। ਬਹੁਤ ਨੇੜੇ ਹੋ ਕੇ ਉਹ ਨੇ ਰਾਮ ਨਰਾਇਣ ਨੂੰ ਸਿਆਣ ਲਿਆ। ਚਾਚਾ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਈ। ਰਾਮ ਨਰਾਇਣ ਨੇ ਉਹਦਾ ਸਿਰ ਪਲੋਸਿਆ ਤੇ ਉਹ ਨੂੰ ਬੁੱਕਲ ਵਿਚ ਲੈ ਲਿਆ। ਪੁੱਛਿਆ-"ਕਿੱਥੇ ਐ ਬਾਪੂ ਤੇਰਾ?" ਉਹ ਕਹਿੰਦੀ-"ਬਾਪੂ ਤੇ ਬੇਬੇ ਤਾਂ ਬਾਹਰਲੇ ਘਰ ਮੈਸ ਦੀ ਧਾਰ ਕੱਢਦੇ ਐ। ਤੁਸੀਂ ਅੰਦਰ ਆ ਜੋ।"

ਉਹ ਅੰਦਰ ਦਰਵਾਜ਼ੇ ਵਿਚ ਜਾ ਬੈਠਾ। ਬਿਜਲੀ ਜਗ ਰਹੀ ਸੀ। ਛੋਟੀ ਕੁੜੀ ਨਾਲ ਉਹ ਦੀਆਂ ਦੋ ਚਾਰ ਗੱਲਾਂ ਹੁੰਦੀਆਂ ਸੁਣ ਕੇ ਤੇ ਉਹ ਦਾ ਬੋਲ ਸਿਆਣ ਕੇ ਦੂਜੀਆਂ ਕੁੜੀਆਂ ਵੀ ਦਰਵਾਜ਼ੇ ਵਿਚ ਆ ਖੜ੍ਹੀਆਂ। ਸਭ ਨੇ ਵਾਰੀ ਵਾਰੀ ਸਤਿ ਸ੍ਰੀ ਅਕਾਲ ਆਖੀ। ਮੰਜੇ ਤੋਂ ਉੱਠ ਕੇ ਉਹ ਨੇ ਸਭ ਦਾ ਸਿਰ ਪਲੋਸਿਆ।

ਹਰਦੇਵ ਸਿੰਘ ਤੇ ਉਹ ਦੀ ਘਰ ਵਾਲੀ ਬਾਹਰਲੇ ਘਰੋਂ ਆਏ ਤਾਂ ਉਹ ਮੰਜੀ 'ਤੋਂ ਖੜ੍ਹਾ ਹੋ ਗਿਆ। ਚਾਰੇ ਕੁੜੀਆਂ ਅੰਦਰ ਚਲੀਆਂ ਗਈਆਂ ਸਨ। ਹਰਦੇਵ ਨੂੰ ਦੇਖਦੇ ਹੀ ਰਾਮ ਨਰਾਇਣ ਦੀ ਭੁੱਬ ਨਿਕਲ ਗਈ। ਉਹ ਜੱਫੀ ਪਾ ਕੇ ਮਿਲੇ। ਹਰਦੇਵ ਸਿੰਘ ਦੀ ਘਰ ਵਾਲੀ ਦੁੱਧ ਦੀ ਬਾਲਟੀ ਰਸੋਈ ਵਿਚ ਰੱਖ ਕੇ ਦਰਵਾਜ਼ੇ ਵਿਚ ਆਈ ਤੇ ਖੂੰਜੇ ਵਿਚ ਪਈ ਇੱਕ ਬੋਰੀ ਭੁੰਜੇ ਵਿਛਾ ਦਿੱਤੀ। ਰਾਮ ਨਰਾਇਣ ਬੋਰੀ 'ਤੇ ਬੈਠ ਗਿਆ ਕੋਲ ਹੀ ਹਰਦੇਵ ਸਿੰਘ ਥਮਲੇ ਦੀ ਢੋਹ ਲਾ ਕੇ ਪੈਰਾਂ ਭਾਰ ਬੈਠਾ ਸੀ। ਰਾਮ ਨਰਾਇਣ ਨਵਾਂ ਸਵਾਲ ਕਰਦਾ ਤਾਂ ਹਰਦੇਵ ਸਿੰਘ ਸਾਰੀ ਗੱਲ ਖੋਲ੍ਹ ਕੇ ਦੱਸਦਾ। ਓਥੇ ਬੈਠਿਆਂ ਨੂੰ ਹੀ ਛੋਟੀ ਕੁੜੀ ਚਾਹ ਦੇ ਗਲਾਸ ਫੜਾ ਗਈ। ਉਹ ਘੁੱਟ ਘੁੱਟ ਕਰਕੇ ਚਾਹ ਪੀਣ ਲੱਗੇ। ਹਰਦੇਵ ਸਿੰਘ ਕਹਿ ਰਿਹਾ ਸੀ-"ਚੰਗਾ ਕੀਤਾ ਰਾਮੂ, ਤੂੰ ਆ ਗਿਆ। ਮੈਨੂੰ ਪਤਾ ਸੀ, ਕਿਸੇ ਦਿਨ ਤੂੰ ਆਏਂਗਾ।"

ਮਿੱਟੀ ਦੀ ਜ਼ਾਤ

91