ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/74

ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਵੀ ਪਹੁੰਚਣਾ ਸੀ। ਸਾਈਕਲ 'ਤੇ ਦੋ-ਡੇਢ ਘੰਟਾ ਲੱਗਣਾ ਸੀ। ਮਸ਼ਾਂ ਕਿਤੇ ਹਨੇਰੇ ਹੋਏ ਪਿੰਡ ਪਹੁੰਚ ਸਕੇਗਾ।

ਨਿਰਭੈ ਅਜੇ ਬੈਠਕ ਵਿਚ ਆਇਆ ਨਹੀਂ ਸੀ ਕਿ ਇੱਕ ਹੋਰ ਬੰਦਾ ਓਥੇ ਆ ਕੇ ਬੈਠ ਗਿਆ। ਉਹ ਨੇ ਮਾਸਟਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਮਾਸਟਰ ਕਹਿੰਦਾ-"ਨਿਰਭੈ ਸੂੰ ਨੂੰ ਮਿਲਣੈ, ਭਾਈ ਸਾਅਬ?"

-"ਹਾਂ ਜੀ।"

-"ਘਰ ਈ ਐ। ਹੈਧਰ ਹੋਣਾ ਐ। ਔਂਦੈ ਬੱਸ।"

-"ਮਿਲ ਗਿਆ ਜੀ। ਓਸੇ ਨੇ ਮੈਨੂੰ ਐਥੇ ਬੈਠਕ 'ਚ ਬੈਠਣ ਨੂੰ ਆਖਿਐ।"

ਮਾਸਟਰ ਚੁੱਪ ਹੋ ਕੇ ਬੈਠ ਗਿਆ।

ਨਿਰਭੈ ਨੇ ਓਧਰ ਹੀ ਦਸ ਪੰਦਰਾਂ ਮਿੰਟ ਲਾ ਦਿੱਤੇ, ਆਇਆ ਹੀ ਨਾ। ਮਾਸਟਰ ਉਸ ਨੂੰ ਬੁਰੀ ਤਰ੍ਹਾਂ ਉਡੀਕ ਰਿਹਾ ਸੀ। ਅਜੇ ਤਾਂ ਉਸ ਨੇ ਆਪਣੀ ਕਿਤਾਬ ਛਾਪਣ ਬਾਰੇ ਭੁਮਿਕਾ ਵੀ ਬੰਨ੍ਹਣੀ ਸੀ। ਤੇ ਫੇਰ ਵੀਹ ਰੁਪਈਆਂ ਦੀ ਗੱਲ ਤੋਰਨੀ ਸੀ। ਕੀ ਪਤਾ, ਨਿਰਭੈ ਕੀ ਸੋਚੇਗਾ? ਉਹ ਦੇ ਸਰੀਰ ਨੂੰ ਅੱਚਵੀ ਲੱਗ ਗਈ। ਥੋੜ੍ਹੀ ਦੇਰ ਬਾਅਦ ਫੇਰ ਨਿਰਭੈ ਆਇਆ। ਮੋਮੀ ਕਾਗਜ਼ ਵਿਚ ਵਲ੍ਹੇਟਿਆ ਕੁਝ ਕਾਲਾ ਕਾਲਾ ਉਹ ਦੇ ਹੱਥਾਂ ਵਿਚ ਸੀ। ਉਹ ਨੇ ਉਹ ਚੀਜ਼ ਬੈਠਕ ਵਿਚ ਬੈਠੇ ਉਸ ਬੰਦੇ ਨੂੰ ਫੜਾਈ ਤੇ ਆਖਿਆ-"ਇੱਕ ਕਿੱਲੋ ਐ। ਘਰ ਜਾ ਕੇ ਜੋਖ ਲੀਂ ਬੇਸ਼ੱਕ।"

-"ਲੈ ਜੋਖਣ ਨੂੰ ਕੀ ਐ, ਨਿਰਭੈ ਸਿਆਂ। ਤੇਰੇ ਨਾਲ ਤਾਂ ਕਦੋਂ ਦਾ ਵਿਹਾਰ ਐ। ਤੈਨੂੰ ਕਿਤੇ ਜਾਣਦਾ ਨ੍ਹੀ ਮੈਂ। ਇਹ ਤਾਂ ਮਾਤਬਰੀ ਦੇ ਸੌਦੇ ਐ। ਉਹ ਬੰਦੇ ਤਾਂ ਹੋਰ ਈ ਹੁੰਦੇ ਨੇ।"

ਬੈਠਕ ਵਿਚ ਬੈਠੇ ਬੰਦੇ ਨੇ ਮੋਮੀ ਕਾਗਜ਼ ਦਾ ਲਿਫ਼ਾਫ਼ਾ ਦਰੀ ਦੇ ਬਣੇ ਝੋਲੇ ਵਿਚ ਪਾਇਆ ਤੇ ਉੱਤੋਂ ਝੋਲੇ ਦੀਆਂ ਤਣੀਆਂ ਸੰਵਾਰ ਕੇ ਬੰਨ੍ਹ ਲਾਈਆਂ। ਫੇਰ ਆਪਣੇ ਕੁੜਤੇ ਦੀ ਅੰਦਰਲੀ ਜੇਬ ਵਿਚੋਂ ਉਸ ਨੇ ਸੌ ਸੌ ਦੇ ਨੋਟਾਂ ਦੀ ਥਹੀ ਕੱਢੀ ਤੇ ਇੱਕ ਇੱਕ ਕਰਕੇ ਦਸ ਨੋਟ ਨਿਰਭੈ ਨੂੰ ਫੜਾ ਦਿੱਤੇ। ਬੋਲਿਆ-"ਠੀਕ ਐ?"

-"ਹਾਂ, ਠੀਕ ਐ। ਖ਼ਰੇ ਦੁੱਧ ਅਰਗੇ। ਫੇਰ ਨਿਰਭੈ ਨੇ ਸੁਲਾਹ ਮਾਰੀ-"ਲੋੜ ਐ ਤਾਂ ਫੇਰ ਦੇ ਜੀਂ ਥੋੜ੍ਹੇ ਘਣੇ।"

-"ਨਾ ਨਾ, ਸ਼ਾਬ ਤਾ ਮੁੱਕਦਾ ਈ ਚੰਗੈ।" ਉਹ ਨੇ ਪਾਣੀ ਵੀ ਨਹੀਂ ਪੀਤਾ। ਉੱਠਿਆ ਤੇ ਕਿਸੇ ਛਾਂ ਵਾਂਗ ਨਿਰਭੈ ਦੇ ਘਰੋਂ ਬਾਹਰ ਹੋ ਗਿਆ।

-"ਹੋਰ ਫੇਰ, ਮਾਸਟਰ ਜੀ? ਅੱਜ ਕਿਧਰੋਂ ਭੁੱਲੇ ਚੁੱਕੇ ਆ 'ਗੇ ਤੁਸੀਂ?" ਆਰਾਮ ਨਾਲ ਬੈਠ ਕੇ ਨਿਰਭੈ ਪੁੱਛਣ ਲੱਗਿਆ।

-"ਬੱਸ ਯਾਰ, ਮੈਂ ਕਿਹਾ, ਜ਼ਰਾ ਆਪਣੇ ਸ਼ਾਗਿਰਦਾਂ ਨੂੰ ਮਿਲ ਈ ਲਵਾਂ।" ਤੇ ਫੇਰ ਅਗਲੇ ਬਿੰਦ ਹੀ ਮਾਸਟਰ ਜੰਗੀਰ ਸਿੰਘ ਨੇ ਆਪਣੀ ਕਿਤਾਬ ਛਾਪਣ ਦੀ ਗੱਲ ਛੇੜ ਦਿੱਤੀ।

ਨਿਰਭੈ ਕਹਿੰਦਾ-'ਜਿੱਥੇ ਕਿਤੇ ਵੀ ਥੋਡੀ ਕਵਿਤਾ ਛਪਦੀ ਐ, ਮਾਸਟਰ ਜੀ, ਮੈਂ ਜ਼ਰੂਰ ਪੜ੍ਹਦਾ। ਜਦੋਂ ਤੁਸੀਂ ਸਾਨੂੰ ਦਸਮੀ 'ਚ ਅੰਗਰੇਜ਼ੀ ਪੜ੍ਹੋਂਦੇ ਹੁੰਦੇ ਸੀ, ਓਦੋਂ ਜਦੋਂ ਦੇ

74

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ