ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/73

ਇਹ ਸਫ਼ਾ ਪ੍ਰਮਾਣਿਤ ਹੈ

-"ਦਸਮੀ ਕਰਕੇ ਫੇਰ ਮੈਂ ਕਾਲਜ 'ਚ ਚਲਿਆ ਗਿਆ ਸੀ ਜੀ। ਪ੍ਰੈੱਪ ਨਾਨ ਮੈਡੀਕਲ ਕਰਕੇ, ਫੇਰ ਇੰਜਨੀਅਰਿੰਗ ਕੀਤੀ। ਐੱਸ. ਡੀ. ਓ. ਦੇ ਕੋਰਸ ਵਾਸਤੇ ਬਹੁਤ ਕੋਸ਼ਿਸ਼ ਕੀਤੀ, ਪਰ ਕਿਤੇ ਵੀ ਦਾਖ਼ਲਾ ਨਾ ਮਿਲਿਆ।"

-"ਫੇਰ ਓਵਰਸੀਅਰੀ ਕਰ ਲੈਂਦਾ।"

-"ਓਵਰਸੀਅਰੀ ਵੀ ਨ੍ਹੀ ਮਿਲੀ।"

-"ਫੇਰ?"

-"ਫੇਰ ਬੀ. ਐੱਸ. ਸੀ. ਕੀਤੀ।"

-"ਬੀ. ਐੱਡ, ਕਰਕੇ ਮਾਸਟਰ ਬਣ ਜਾਂਦਾ।"

-"ਮਾਸਟਰ 'ਚ ਕੀ ਸੀ ਜੀ। ਮੈਂ ਲੁਧਿਆਣੇ ਗੌਰਮਿੰਟ ਕਾਲਜ 'ਚ ਫੇਰ ਐੱਮ. ਐਸ. ਸੀ. 'ਚ ਦਾਖ਼ਲਾ ਲੈ ਲਿਆ। ਮਖਿਆ, ਕਿਸੇ ਚੰਗੀ ਪੋਸਟ 'ਤੇ ਲੱਗਾਂਗੇ।"

-"ਫਜ਼ਿਕਸ ਜਾਂ ਕਮਿਸਟਰੀ?"

-"ਕਮਿਸਟਰੀ। ਪਰ ਡਵੀਜ਼ਨ ਸੈਕਿੰਡ ਈ ਰਹਿਗੀ ਸੀ। ਕਿਧਰੇ ਕੁੱਛ ਵੀ ਨਾ ਬਣਿਆ। ਪਿੰਡਾਂ ਦੇ ਮੁੰਡਿਆਂ ਨੂੰ ਕੌਣ ਪੁੱਛਦੈ ਜੀ। ਬਥੇਰੇ ਧੱਕੇ ਖਾਧੇ। ਬਹੁਤ ਫਿਰਤ ਕੀਤੀ, ਪਰ ਬੱਸ ਜੀ...ਜਿੱਥੇ ਵੀ ਜਾਂਦਾ, ਦੂਜੇ ਲੋਕ ਨੋਟਾਂ ਦੇ ਥੱਬੇ ਚੌਕੀ ਬੈਠੇ ਹੁੰਦੇ, ਮੇਰੇ ਕੋਲ ਉਹ ਹੈਨੀ ਸੀ।"

-"ਹੁਣ ਜੀ..." ਨਿਰਭੈ ਬੋਲ ਰਿਹਾ ਸੀ ਕਿ ਵਿਹੜੇ ਵਿਚ ਦੂਜੇ ਪਾਸਿਓਂ ਮੋਟਰ ਸਾਈਕਲ ਦੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ। ਉਹ ਉੱਠ ਕੇ ਓਧਰ ਨੂੰ ਹੀ ਭੱਜ ਗਿਆ। ਅਗਲੇ ਬਿੰਦ ਉਹ ਜਵਾਕਾਂ ਨੂੰ ਗਾਲ਼ਾਂ ਕੱਢ ਰਿਹਾ ਸੀ- "ਹੱਟਦੇ ਨ੍ਹੀ, ਸਾਲੇ ਲੰਡੇ ਦੇ। ਵਗ ਜੋ, ਨਹੀਂ ਕੰਨ ਪੱਟ ਕੇ ਹੱਥ 'ਚ ਫੜਾ ਦੂੰ, ਕੰਜਰਾਂ ਦੇ।"

ਜਵਾਕ ਵੀ ਬੋਲ ਰਹੇ ਸਨ। ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਂਦੇ ਜਿਹੇ।

-"ਕੀ ਗੱਲ, ਆਇਐ ਕੋਈ?" ਮਾਸਟਰ ਨੇ ਪੁੱਛਿਆ।

ਨਿਰਭੈ ਕਹਿੰਦਾ, "ਨਹੀਂ ਜੀ, ਔਣਾ ਕੀਹਨੇ ਸੀ। ਆਹ ਗੁਆਂਢੀਆਂ ਦਾ ਦੋਹਤਾ ਆਇਆ ਹੋਇਐ ਇੱਕ ਬਹੁਤ ਖਰੂਦੀ ਐ। ਆਊ, ਆ ਕੇ ਮੋਟਰਸਾਈਕਲ ਦਾ ਹਾਰਨ ਵਜਾਦੂ। ਮਖਿਆ, ਕਾਹਨੂੰ ਮਾਰਨੈ, ਹੁਣ ਕੰਨ 'ਤੇ ਧਰ 'ਤਾ ਇੱਕ, ਹੁਣ ਨ੍ਹੀ ਔਂਦਾ।"

-"ਮੋਟਰ ਸਾਈਕਲ ਤੇਰਾ ਈ ਐ?"

-"ਹਾਂ ਜੀ, ਆਪਣਾ ਈ ਐ।"

-"ਕਿਹੜਾ ਐ?"

-"ਰਾਇਲ ਅਨਫੀਲਡ ਐ ਜੀ। ਪਿੰਡਾਂ 'ਚ ਤਾਂ ਇਹੀ ਦਿੰਦੈ ਕੰਮ। ਟਿੱਬਾ ਟੁੱਬਾ ਇਹਦੇ ਸਾਹਮਣੇ ਕੋਈ ਚੀਜ਼ ਨ੍ਹੀ।" ਨਿਰਭੈ ਹੱਸਿਆ।

ਮਾਸਟਰ ਜੰਗੀਰ ਸਿੰਘ ਨੇ ਬਿੰਦ ਡੂੰਘਾ ਸੋਚਿਆ। ਪਤਾ ਨਹੀਂ ਕੀ ਤੇ ਫੇਰ ਉਹ ਨੇ ਤਰੀਕੇ ਜਿਹੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹੀ।

ਜੱਗ ਤੇ ਗਲਾਸ ਨਿਰਭੈ ਓਧਰ ਸਬਾਤ ਵੱਲ ਰੱਖਣ ਗਿਆ ਤਾਂ ਮਾਸਟਰ ਨੇ ਵਿਉਂਤ ਬਣਾਈ। ਹੁਣ ਗੱਲ ਕੀਤੀ ਜਾਵੇ, ਵੀਹ ਰੁਪਏ ਲਏ ਜਾਣ ਤੇ ਤੁਰਦੇ ਹੋਈਏ। ਟਾਈਮ ਵੀ ਪੰਜ ਦਾ ਹੋ ਗਿਆ। ਉਹ ਨੇ ਹੋਰ ਦੋ ਮੁੰਡਿਆਂ ਦੇ ਘਰੀਂ ਵੀ ਜਾਣਾ ਸੀ।

ਰੋਜ਼ਗਾਰ

73