ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/53

ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਸਰੀਰ ਵਿਚ ਤਾਂ ਇੱਕ ਅੱਗ ਸੀ, ਜਿਹੜੀ ਹੁਣ ਬੁਝਣ ਤੀਕ ਹੀ ਨਹੀਂ ਸੀ ਆਉਂਦੀ। ਠੰਡੀ ਹੋਣਾ ਜਾਣਦੀ ਹੀ ਨਹੀਂ ਸੀ। ਬਿਮਲ ਉਸ ਅੱਗ ਦੇ ਸੇਕ ਵਿਚ ਆਪਣੀ ਜ਼ਿੰਦਗੀ ਦੀਆਂ ਬਰਫ਼ ਸਿਖ਼ਰਾਂ ਪਿਘਲਾਉਂਦਾ ਰਿਹਾ ਸੀ, ਪਰ ਇੱਕ ਤਰ੍ਹਾਂ ਨਾਲ ਉਹ ਉਸ ਅੱਗ ਵਿਚ ਆਪਣੀ ਚਰਬੀ ਢਾਲ ਰਿਹਾ ਸੀ। ਆਪਣੇ ਲਹੂ ਨੂੰ ਰਿੜਕ ਰਿਹਾ ਸੀ।

ਫਿਰ ਕੀ ਹੋਇਆ?

ਉਸ ਕੁੜੀ ਨੂੰ ਕੋਈ ਹੋਰ ਗਰਮ ਲਹੂ ਲੱਭ ਗਿਆ।

ਬਿਮਲ ਦੇ ਲਹੂ ਵਿਚ ਨਫ਼ਰਤ ਦੇ ਬੀਜ ਉੱਗ ਪਏ। ਉਸ ਕੁੜੀ ਨਾਲ ਉਸ ਨੂੰ ਉਨੀ ਹੀ ਘਿਰਣਾ ਹੋ ਗਈ, ਜਿੰਨੀ ਪਹਿਲਾਂ ਮੁਹੱਬਤ ਸੀ। ਸਾਰੀਆਂ ਕੁੜੀਆਂ ਹੀ ਉਸ ਨੂੰ ਬੇਵਫ਼ਾ ਦਿਸਣ ਲੱਗੀਆਂ। ਇਸਤਰੀ ਹਮੇਸ਼ਾ ਧੋਖਾ ਦਿੰਦੀ ਹੈ। ਉਸ ਦੀ ਕਵਿਤਾ ਦਾ ਧੁਰਾ ਬਣ ਗਿਆ।

ਹੁਣ ਉਸ ਕੁੜੀ ਦਾ ਖਿਆਲ ਬਿਮਲ ਦੇ ਪਿੱਛੇ ਪਿਆ ਹੋਇਆ ਹੈ।

ਉਹ ਸੋਚਦਾ ਹੈ ਕਿ ਇਸ ਜਿਲ੍ਹਣ ਉਹ ਨਿਕਲ ਨਹੀਂ ਸਕੇਗਾ। ਇਹ ਜਿਲ੍ਹਣ ਉਸ ਦੀ ਆਪਣੀ ਹੈ, ਜਿਸ ਨਾਲ ਕਿਸੇ ਹੋਰ ਦੀ ਕੋਈ ਦਿਲਚਸਪੀ ਨਹੀਂ। ਜੋ ਕੁਝ ਉਹ ਲਿਖਦਾ ਹੈ, ਉਹ ਸਾਹਿਤ ਨਹੀਂ ਬਣ ਰਿਹਾ। ਲਿਖਣ ਦਾ ਫਿਰ ਕੀ ਅਰਥ? ਇਸ ਤੋਂ ਤਾਂ ਚੰਗਾ ਹੈ ਨਾ ਈ ਲਿਖੇ। ਪਰ ਜੇ ਨਾ ਲਿਖੇ ਤਾਂ ਮਨ ਹੌਲਾ ਕਿਵੇਂ ਹੋਵੇ?

ਮਨ ਹੌਲਾ ਤਾਂ ਉਹ ਆਪਣੇ ਦੋਸਤਾਂ ਮਿੱਤਰਾਂ ਵਿਚ ਉਸ ਕੁੜੀ ਦੀਆਂ ਗੱਲਾਂ ਕਰਕੇ ਕਰ ਸਕਦਾ ਹੈ, ਪਰ ਇਸ ਤਰ੍ਹਾਂ ਤਾਂ ਉਹ ਕਰਨਾ ਨਹੀਂ ਚਾਹੁੰਦਾ। ਇਸ ਤਰ੍ਹਾਂ ਤਾਂ ਉਸ ਦੇ ਦੋਸਤ ਉਸ ਨੂੰ ਝੁੱਡੂ ਆਖਣਗੇ। ਕਹਿਣਗੇ, "ਸਾਲਾ, ਇਸ਼ਕ ਕਰਨ ਦਾ। ਕੁੜੀ ਹੱਥੋਂ ਨਿਕਲ ਗਈ, ਤੇਰਾ ਰਹਿ ਕੀ ਗਿਆ ਓਏ, ਮਜਨੂੰ ਕੇ ਲੌਂਡੇ? ਚੱਪਣੀ ਵਿਚ ਨੱਕ ਡੋਬ ਕੇ ਮਰ ਹੁਣ, ਪਿਆਰੇ।'

ਉਹ ਸੋਚਦਾ ਹੈ ਕਿ ਇਸ ਦਰਦ ਦੀ ਮੁਨਿਆਦ ਵੀ ਤਾਂ ਪੁੱਗੇਗੀ ਹੀ। ਉਹ ਚਾਹੁੰਦਾ ਹੈ ਕਿ ਉਸ ਕੁੜੀ ਸਬੰਧੀ ਉਹ ਢੇਰ ਸਾਰੀਆਂ ਕਵਿਤਾਵਾਂ ਲਿਖੇ ਐਨੀਆਂ ਕਵਿਤਾਵਾਂ ਲਿਖੇ ਕਿ ਉਸ ਦੇ ਮਨ ਅੰਦਰ ਕੋਈ ਕੰਡਾ ਅਟਕਿਆ ਨਾ ਰਹੇ। ਉਸ ਦਾ ਮਨ ਪਵਿੱਤਰ ਤੇ ਸਾਫ਼ ਹੋ ਜਾਵੇ। ਉਸ ਦੀਆਂ ਕਵਿਤਾਵਾਂ ਸਾਹਿਤ ਦਾ ਅੰਗ ਬਣਨ ਭਾਵੇਂ ਨਾ, ਪਰ ਉਸ ਦਾ ਮਨ ਜ਼ਰੂਰ ਧੋ ਦੇਣ।

ਆਪਣਾ ਦਰਦ

53