ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/52

ਇਹ ਸਫ਼ਾ ਪ੍ਰਮਾਣਿਤ ਹੈ

ਬਿਮਲ ਹੈਰਾਨ ਹੈ। ਇਕ ਸਮਾਂ ਸੀ ਜਦੋਂ 'ਲਾਟ' ਵਾਲੇ ਉਸ ਦੀਆਂ ਕਵਿਤਾਵਾਂ ਆਪ ਚਿੱਠੀ ਲਿਖ ਕੇ ਮੰਗਵਾਇਆ ਕਰਦੇ ਸਨ ਤੇ ਹੁਣ ...।

ਪਿਛਲੇ ਮਹੀਨੇ ਇੱਕ ਮਾਸਕ ਪੱਤਰ ਵਿਚ ਉਸ ਦੀਆਂ ਪੰਜ ਕਵਿਤਾਵਾਂ ਇੱਕ ਸਾਥ ਛਪੀਆਂ ਸਨ। ਪਟਿਆਲੇ ਤੋਂ ਇੱਕ ਕੁੜੀ ਨੇ ਚਿੱਠੀ ਲਿਖੀ-'ਤੁਹਾਡੀਆਂ ਕਵਿਤਾਵਾਂ ਪੜ੍ਹ ਕੇ ਰਸਾਲਾ ਚੁੱਲ੍ਹੇ ਵਿਚ ਡਾਹ ਦਿੱਤਾ। ਔਰਤ ਜ਼ਾਤ ਨੂੰ ਗਾਲ਼ਾਂ ਕੱਢਣ ਤੋਂ ਬਿਨਾਂ ਇਨ੍ਹਾਂ ਵਿਚ ਸੀ ਵੀ ਕੀ? ਇਉਂ ਲੱਗਦਾ ਹੈ ਜਿਵੇਂ ਕਦੇ ਕਿਸੇ ਚੰਗੀ ਕੁੜੀ ਨਾਲ ਤੁਹਾਡਾ ਵਾਹ ਹੀ ਨਹੀਂ ਪਿਆ ਹੁੰਦਾ ਜੇ ਇਹੋ ਜਿਹੀਆਂ ਕਵਿਤਾਵਾਂ ਹੀ ਲਿਖਣੀਆਂ ਹਨ ਤਾਂ ਬਿਹਤਰ ਹੈ ਕਿ ਨਾ ਹੀ ਲਿਖੋ?

ਬਿਮਲ ਸੋਚਦਾ ਹੈ ਕਿ ਲੇਖਕ ਆਪਣੇ ਲਈ ਫਿਰ ਕਦ ਲਿਖੇ?

ਦੂਜੇ ਬਿੰਦ ਉਹ ਸੋਚਦਾ ਹੈ ਕਿ ਉਸ ਨੇ ਲੋਕਾਂ ਲਈ ਵੀ ਤਾਂ ਬਹੁਤ ਕੁਝ ਲਿਖਿਆ ਹੈ। ਹੁਣ ਲਿਖਣਾ ਚਾਹੁੰਦਾ ਹੈ। ਅਸਲ ਵਿਚ ਤਾਂ ਉਹ ਚਾਹੁੰਦਾ ਹੈ ਕਿ ਜਨਤਾ ਲਈ ਹੀ ਲਿਖੇ। ਆਮ ਜਨਤਾ ਗਰੀਬ ਹੈ, ਬੇਸਹਾਰਾ ਹੈ, ਦੁਖੀ ਹੈ ਤੇ ਬੇਰੁਜ਼ਗਾਰ। ਆਜ਼ਾਦੀ ਮਿਲੀ ਨੂੰ ਪਊਆ ਸਦੀ ਬੀਤ ਗਈ, ਪਰ ਉਹੀ ਉਵੇਂ, ਜਿਵੇਂ ਰਿਸ਼ਵਤਖੋਰੀ ਹੈ। ਕੁਨਬਾ ਪਰਵਰੀ ਹੈ, ਉਹ ਨੀਚ ਹੈ ਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਆਰਥਕ ਨਾਬਰਾਬਰੀ। ਇਹ ਸਭ ਕੁਝ ਲਿਖਣਾ ਚਾਹੁੰਦਾ ਹੈ, ਬੜੀ ਸ਼ਿੱਦਤ ਨਾਲ ਲਿਖਣਾ ਚਾਹੁੰਦਾ ਹੈ, ਪਰ ਉਸ ਦਾ ਆਪਣਾ ਆਪ ਉਸ ਦੇ ਦਿਮਾਗ਼ ਵਿਚ ਐਨਾ ਭਰ ਗਿਆ ਹੈ। ਜਿਵੇਂ ਹੋਰ ਕੁਝ ਤਾਂ ਉਹ ਸੋਚ ਹੀ ਨਾ ਸਕਦਾ ਹੋਵੇ।

ਬਿਮਲ ਦੀ ਜ਼ਿੰਦਗੀ ਸਧਾਰਨ ਚਾਲ ਚੱਲ ਰਹੀ ਸੀ। ਆਪਣੀ ਮਸਤ ਚਾਲ। ਨਾ ਕੋਈ ਦੁੱਖ, ਨਾ ਕੋਈ ਗ਼ਮ, ਨਾ ਫ਼ਿਕਰ। ਇੱਕ ਕੁੜੀ ਉਸਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਆਈ, ਜਿਵੇਂ ਕੋਈ ਦਰਵਾਜ਼ਾ ਤੋੜ ਕੇ ਮੱਲੋ ਮੱਲੀ ਘਰ ਆ ਵੜੇ। ਪਰ ਜਦ ਘਰ ਆ ਹੀ ਵੜੇ ਤਾਂ ਇਉਂ ਲੱਗੇ ਜਿਵੇਂ ਉਹ ਤਾਂ ਕੋਈ ਆਪਣਾ ਹੀ ਕੋਈ ਹੈ। ਸਬੰਧੀ, ਮਿੱਤਰ ਜਾਂ ਕੁਝ ਵੀ।

ਦੋ ਸਾਲ ਉਹ ਕੁੜੀ ਬਿਮਲ ਨਾਲ ਇਸ ਤਰ੍ਹਾਂ ਜੁੜੀ ਰਹੀ, ਜਿਵੇਂ ਉਨ੍ਹਾਂ ਦੀ ਪਿਛਲੇ ਜਨਮ ਦੀ ਕੋਈ ਸਾਂਝ ਹੋਵੇ।

ਉਸ ਦੇ ਦਫ਼ਤਰ ਵਿਚ ਹੀ ਤਾਂ ਉਹ ਕੰਮ ਕਰਦੀ ਸੀ। ਦਫ਼ਤਰੋਂ ਛੁੱਟੀ ਲੈਂਦੇ ਤੇ ਉਹ ਪਤਾ ਨਹੀਂ ਕਿੱਥੇ ਗ਼ਾਇਬ ਹੋ ਜਾਂਦੇ। ਕਦੇ ਕਦੇ ਤਾਂ ਬਿਨਾਂ ਦੱਸੇ ਹੀ ਦਫ਼ਤਰੋਂ ਨੱਸ ਜਾਂਦੇ। ਦਫ਼ਤਰ ਵਿਚ ਵੀ ਤਾਂ ਅੰਨ੍ਹੀ ਪਈ ਹੋਈ ਸੀ। 'ਬਾਸ' ਪਤਾ ਨਹੀਂ ਕਿੱਥੇ ਰਹਿੰਦਾ ਸੀ। ਹਫ਼ਤੇ ਵਿਚ ਇੱਕ ਦੋ ਦਿਨ ਦਫ਼ਤਰ ਆਉਂਦਾ ਸੀ। ਆਉਂਦਾ ਸੀ ਤਾਂ ਦੋ ਤਿੰਨ ਘੰਟਿਆਂ ਤੋਂ ਵੱਧ ਕਦੇ ਨਹੀਂ ਸੀ ਬੈਠਦਾ। ਸੁਪਰਡੈਂਟ ਦੀ ਚੱਲਦੀ ਸੀ। ਪੰਜ ਕਰੇ, ਪੰਜਾਹ ਕਰੇ। ਸੁਪਰਡੈਂਟ ਦੇ ਤਾਂ ਬਿਮਲ ਵੀਹ ਵਾਰੀ ਕੰਮ ਆਇਆ ਸੀ।

ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਕਿ ਉਹ ਇਸ ਕਿਸਮ ਦੇ ਇਸ਼ਕ ਤੋਂ ਥੱਕ ਗਿਆ ਸੀ। ਉਸ ਕੁੜੀ ਵਿਚੋਂ ਉਸ ਨੂੰ ਬਦਬੂ ਜਿਹੀ ਆਉਂਦੀ। ਕੰਜਰੀ ਤੋਂ ਵੱਧ ਉਹ ਕੀ ਸੀ। ਚੰਗਾ ਖਵਾਓ ਪਿਆਓ, ਜਦੋਂ ਮਰਜ਼ੀ ਜਿੱਥੇ ਜੀਅ ਕਰੇ, ਲੈ ਜਾਓ।

ਪਰ ਖਾਣ ਪੀਣ ਦੀ ਵੀ ਉਹ ਭੁੱਖੀ ਨਹੀਂ ਸੀ। ਉਹ ਤਾਂ ਕਈ ਵਾਰੀ ਆਪ ਵੀ ਬੜਾ ਖ਼ਰਚ ਕਰ ਦਿੰਦੀ।

52

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ