ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/34

ਇਹ ਸਫ਼ਾ ਪ੍ਰਮਾਣਿਤ ਹੈ

ਗੁਲਵੰਤ ਨੇ ਚਪੜਾਸੀ ਤੋਂ ਪਾਣੀ ਦਾ ਗਲਾਸ ਮੰਗਵਾਇਆ।

"ਪਾਣੀ ਪੀਓ, ਕਮਲਾ ਜੀ, ਪਹਿਲਾਂ, ਚਾਹ ਘਰ ਚੱਲ ਕੇ ਪੀਨੇ ਆਂ। ਨਾਲੇ ਥੋਡੇ ਭਾਬੀ ਜੀ ਨੂੰ ਮਿਲਣਾ।"

ਕਮਲਾ ਨੇ ਗਲਾਸ ਮੂੰਹ ਨੂੰ ਲਾਇਆ ਹੀ ਸੀ। ਇੱਕ ਘੁੱਟ ਭਰੀ ਸੀ। ਇੱਕੋ ਘੁੱਟ ਮੂੰਹ ਵਿਚ ਜ਼ਹਿਰ ਬਣ ਬੈਠੀ। ਗਲਾਸ ਉਸ ਨੇ ਮੇਜ਼ 'ਤੇ ਧਰ ਦਿੱਤਾ। ਪਾਣੀ ਦੀ ਘੱਟ ਮਸਾਂ ਸੰਘੋ ਥੱਲੇ ਕੀਤੀ। ਉਹ ਗੁਲਵੰਤ ਦੇ ਚਿਹਰੇ ਵੱਲ ਝਾਕੀ ਤੇ ਝਾਕਦੀ ਹੀ ਰਹੀ। ਉਸ ਦੀਆਂ ਅੱਖਾਂ ਗਹਿਰੀਆਂ ਹੋ ਗਈਆਂ ਸਨ।

"ਕੀ ਦੇਖਦੇ ਓ, ਕਮਲਾ ਜੀ?" ਗੁਲਵੰਤ ਬੋਲਿਆ।

"ਅੱਛਾ ਜੀ, ਮੈਂ ਚਲੀ ਆਂ। ਚਾਹ ਦੀ ਕੋਈ ਲੋੜ ਨਹੀਂ। ਮੈਂ ਤਾਂ ਸਰਸੇ ਤੋਂ ਆਈ ਸੀ। ਕਿਸੇ ਦੱਸਿਆ ਸੀ, ਤੁਸੀਂ ਏਥੇ ਓਂ। ਸੋਚਿਆ, ਮਿਲ ਈ ਜਾਵਾਂ। ਬੱਸ, ਠੀਕ ਐ। ਮੈਂ ਚਲੀ ਆਂ।"

ਨਹੀਂ, ਅੱਜ ਤਾਂ ਨਾ ਜਾਓ, ਕਮਲਾ ਜੀ। ਅੱਜ ਰਹੋ। ਕੱਲ੍ਹ ਨੂੰ ਜਾਣਾ।'

"ਨਹੀਂ, ਬੱਸ।"

"ਚੰਗਾ, ਜੇ ਜਾਣਾ ਈ ਐ, ਤਾਂ ਸ਼ਾਮ ਨੂੰ ਜਾਣਾ।"

"ਨਹੀਂ, ਬੱਸ, ਠੀਕ ਐ।" ਉਹ ਖੜ੍ਹੀ ਹੋ ਗਈ।

ਗੁਲਵੰਤ ਉਸ ਨੂੰ ਅੱਡੇ ਤੀਕ ਛੱਡਣ ਆਇਆ।

ਬਾਰਾਂ ਵੱਜ ਚੁੱਕੇ ਸਨ।

ਬਰਨਾਲੇ ਪੁੱਜ ਕੇ ਉਸ ਬੱਸ ਬਦਲੀ। ਸ਼ਹਿਰ ਪਹੁੰਚੀ। ਚਾਰ ਵੱਜ ਗਏ ਸਨ। ਉਹ ਬੱਸ ਸਟੈਂਡ 'ਤੇ ਹੀ ਖੜ੍ਹੀ ਰਹੀ। ਸੋਚਦੀ ਸੀ ਕਿ ਰਾਜੇਸ਼ ਹੁਣੇ ਸਕੂਲੋਂ ਆਵੇਗਾ ਤੇ ਉਹ ਉਸ ਨੂੰ ਮਿਲੇਗੀ। ਉਸ ਦੇ ਸਕੂਲ ਦੇ ਸਾਰੇ ਟੀਚਰ ਆ ਚੁੱਕੇ ਸਨ। ਰਾਜੇਸ਼ ਨਹੀਂ ਸੀ ਆਇਆ।

"ਕਮਲਾ, ਅੱਜ ਤੂੰ ਸਕੂਲ ਨਹੀਂ ਆਈ?" ਉਸ ਦੀ ਇੱਕ ਕੁਲੀਗ ਨੇ ਪੁੱਛਿਆ।

"ਪਿੰਡ ਗਈ ਸੀ। ਘਰ ਦਿਆਂ ਨੇ ਬੁਲਾਇਆ ਸੀ।"

"ਹੈਡਮਾਸਟਰ ਸਾਅਬ ਪੁੱਛਦੇ ਸੀ, ਕਹਿੰਦੇ ਸੀ-ਲੀਵ ਹੈ ਕਿਸੇ ਕੋਲ ਕਮਲਾ ਦੀ?"

"ਰਾਜੇਸ਼ ਆਇਆ ਸੀ।"

"ਰਾਜੇਸ਼?" ਕੁਲੀਗ ਕੁੜੀ ਨੇ ਬੁੱਲ੍ਹ ਘੁੱਟੇ ਤੇ ਅੱਖਾਂ ਵਿਚ ਸ਼ਰਾਰਤ ਭਰ ਕੇ ਦੱਸਿਆ, "ਰਜੇਸ਼ ਨਹੀਂ ਆਇਆ।"

ਤੇਰਾ ਚਿਹਰਾ ਉਦਾਸ ਜਿਹਾ ਕਿਉਂ ਐ, ਕਮਲਾ?"

"ਐਵੇਂ ਬੱਸ, ਸਫ਼ਰ ਦੀ ਥਕਾਵਟ ਹੈ।"

ਕੁਲੀਗ ਕੁੜੀ ਚਲੀ ਗਈ।

ਕਮਲਾ ਭਗਤ ਸਿੰਘ ਕਾਲੋਨੀ ਵਿਚ ਨਹੀਂ ਗਈ। ਰਿਕਸ਼ਾ ਲਿਆ ਤੇ ਮਾਡਲ ਟਾਊਨ ਨੂੰ ਚੱਲ ਪਈ।

ਰਾਜੇਸ਼ ਦੇ ਕਮਰੇ ਅੱਗੇ ਪੁਲੀਸ ਦਾ ਪਹਿਰਾ ਸੀ। ਪੋਸਟ ਮਾਰਟਮ ਲਈ ਉਸ ਦੀ ਲਾਸ ਹਸਪਤਾਲ ਪਹੁੰਚ ਚੁੱਕੀ ਸੀ। ਉਸਦੇ ਮੇਜ਼ 'ਤੇ ਪਈ ਸ਼ੀਸ਼ੀ ਤੋਂ ਪੁਲਿਸ ਨੇ ਅੰਦਾਜ਼ਾ ਲਾਇਆ ਸੀ ਉਸ ਨੇ ਪਿਛਲੀ ਰਾਤ ਨੀਂਦ ਦੀਆਂ ਗੋਲੀਆਂ ਕੁਝ ਜ਼ਿਆਦਾ ਹੀ ਖਾ ਲਈਆਂ ਹੋਣਗੀਆਂ।

34

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ