ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/198

ਇਹ ਸਫ਼ਾ ਪ੍ਰਮਾਣਿਤ ਹੈ

ਕੁੜੇ ਪਿਓ ਤੇਰੇ ਨੇ ਕੀ ਦੇਖਿਆ? ਜਗੀਰ ਕੌਰ ਚੰਦੋ ਨੂੰ ਛੇੜਦੀ ਹੁੰਦੀ।

ਨੀ ਤੇਰਾ ਤਾਂ ਉਹ ਪਿਓ ਜ੍ਹਾ ਲਗਦੈ। ਹੌਲਦਾਰ ਨਿੱਕਾ ਸਿੰਘ ਦੀ ਤੀਵੀਂ ਤਾਂ ਭੋਰਾ ਸ਼ਰਮ ਵੀ ਨਹੀਂ ਸੀ ਕਰਦੀ।

ਲੈ ਕੁੜੇ ਬੰਦਾ ਚਾਹੀਦੈ, ਚਾਰ ਸਾਲ ਵੱਡਾ ਹੋਇਆ, ਛੋਟਾ ਹੋਇਆ। ਹੌਲਦਾਰ ਸ਼ੰਗਾਰਾ ਸਿੰਘ ਦੀ ਘਰਵਾਲੀ ਚੰਦੋ ਦਾ ਦਿਲ ਧਰਾਉਂਦੀ।

ਜੰਗੀਰ ਕੌਰ ਦੀ ਧੀ ਰੋਟੀ ਪਕਾ ਰਹੀ ਸੀ। ਚਰਨ ਪਾਣੀ ਦੀ ਬਾਲਟੀ ਭਰ ਕੇ ਫੁੱਟੇ ਹੋਏ ਚੌਕੀ ਦੇ ਪੁੜ 'ਤੇ ਖੜ੍ਹਾ ਨਹਾ ਰਿਹਾ ਸੀ। ਉਨ੍ਹਾਂ ਦੋਵਾਂ ਨੇ ਗੱਲਾਂ ਦੀ ਚੱਕੀ ਝੋਈ ਹੋਈ ਸੀ। ਚੰਦੋ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ। ਸੂਬੇਦਾਰ ਮਰ ਗਿਆ। ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਇੱਕ ਮੁਕੰਮਲ ਮਰਦਾ ਦੀ ਲੋੜ ਸੀ, ਸੋ ਚਰਨ.......

ਚਾਰ ਦਿਨ ਉਹ ਮਾਈਸਰਖ਼ਾਨੇ ਹੀ ਰਹੀ ਚਾਰੇ ਦਿਨ ਜੰਗੀਰ ਕੌਰ ਚਰਨ ਨੂੰ ਤੇ ਚੰਦੋ ਨੂੰ ਸਿੱਖ-ਮੱਤ ਦਿੰਦੀ ਰਹੀ। ਚਰਨ ਨੂੰ ਵੀ ਜੰਗੀਰ ਕੌਰ ਦਾ ਮੋਹ ਆਉਣ ਲੱਗਿਆ। ਉਹ ਦੀ ਧੀ ਚਾਰੇ ਦਿਨ ਉਨ੍ਹਾਂ ਦੀ ਮਨ-ਚਿੱਤ ਲਾ ਕੇ ਸੇਵਾ ਕਰਦੀ ਰਹੀ।


15

ਪਿੰਡ ਪਹੁੰਚੇ। ਚਰਨ ਬਹੁਤਾ ਕਰਕੇ ਚੰਦੋ ਦੇ ਘਰ ਹੀ ਰਹਿੰਦਾ। ਆਂਢੀਆਂ-ਗੁਆਂਢੀਆਂ ਨੇ ਪੰਦਰਾਂ-ਵੀਹ ਦਿਨ ਚਿੜ-ਚਿੜ ਕੀਤੀ ਤੇ ਫਿਰ ਚੁੱਪ ਹੋ ਗਏ। ਬੁੜ੍ਹੀਆਂ ਨੇ ਚਰਨ ਦੀ ਮਾਸੀ ਨੂੰ ਪਾੜ੍ਹਤਾਂ ਪੜ੍ਹਾਈਆਂ। ਮਾਸੀ ਕੀ ਕਰਦੀ ਜੁਆਨ-ਜੁਹਾਨ ਮੁੰਡੇ ਨੂੰ ਉਹ ਕਿਵੇਂ ਵਰਜਦੀ?

ਹਰਨੇਕ ਵਰਗਿਆਂ ਦਾ ਆਉਣਾ ਜਾਣਾ ਬਿਲਕੁਲ ਬੰਦ। ਹਰਨੇਕ ਜੇ ਕਦੇ ਵੀਹੀ-ਗਲੀ ਚਰਨ ਨੂੰ ਟੱਕਰ ਜਾਂਦਾ ਤਾਂ ਚਰਨ ਖਿੱਚਵੀਂ ਖੰਘੂਰ ਮਾਰ ਕੇ ਉਸ ਦੀ ਨੀਵੀਂ ਪਾ ਦਿੰਦਾ। ਹਰਨੇਕ ਸਿਆਣਾ ਸੀ, ਬੋਲਦਾ ਨਹੀਂ ਸੀ।

ਚਰਨ ਦੀ ਮਾਸੀ ਵੀ ਸਗੋਂ ਚੰਦੋ ਦੇ ਘਰ ਆਉਣ ਜਾਣ ਲੱਗੀ। ਕਦੇ ਦਾਲ ਮੰਗਣ ਆ ਜਾਂਦੀ, ਕਦੇ ਆਟਾ ਉਧਾਰਾ ਲੈਣ।

ਹੁਣ ਤਾਂ ਚੰਦੋ ਦਿਨ-ਦਿਨ ਨਿਖ਼ਰਦੀ ਆ ਰਹੀ ਸੀ। ਉਸ 'ਤੇ ਤਾਂ ਜਿਵੇਂ ਮੁੜ ਕੇ ਜਵਾਨੀ ਆ ਰਹੀ ਹੋਵੇ। ਉਸ ਦੀਆਂ ਅੱਖਾਂ ਵਿੱਚ ਚਮਕ ਭਰਨ ਲੱਗੀ। ਉਸ ਦੀਆਂ ਗੱਲਾਂ ਉਸ ਦੀ ਗੁਰਦਨ, ਉਸ ਦੀਆਂ ਢਾਕਾਂ, ਢਿੱਡ ਤੇ ਪਿੰਜਣੀਆਂ ਦਾ ਮਾਸ ਛਾਂਟਿਆ ਜਾਣ ਲੱਗਿਆ। ਮਸ਼ੀਨ 'ਤੇ ਟੋਕਾ ਹੁਣ ਉਹ ਆਪ ਕਰਵਾਉਂਦੀ। ਚਰਨ ਮਸ਼ੀਨ ਫੇਰਦਾ, ਉਹ ਰੁੱਗ ਲਾਉਂਦੀ। ਚਾਰ ਕਿੱਲੇ ਕਪਾਹ ਉਸ ਨੇ ਆਪ ਬਿਜਵਾਈ। ਕਹਿੰਦੀ, ਆਪੇ ਚੁਗ ਲੂੰ 'ਗੀ ਮੈਂ।

ਕੈਲਾ ਹਟ ਕੇ ਕਿਸੇ ਹੋਰ ਜੱਟ ਨਾਲ ਹੁਣ ਸੀਰੀ ਰਲ ਗਿਆ ਸੀ। ਚੰਦੋ ਨੇ ਚਮਿਆਰਾਂ ਦਾ ਹੀ ਇੱਕ ਹੋਰ ਮੁੰਡਾ ਪਾਲੀ ਰਲਾ ਲਿਆ। ਚਿਰ ਦੀ ਸੂਈ ਨਵੇਂ ਦੁੱਧ ਹੋਈ ਮੱਝ ਵੇਚ ਕੇ ਉਸ ਨੇ ਭਾਰੇ ਮੁੱਲ ਦੀ ਇੱਕ ਸੱਜਰ ਸੂਈ ਪਹਿਲਣ ਝੋਟੀ ਕਿੱਲੇ 'ਤੇ ਲਿਆ ਬੰਨ੍ਹੀ।

ਸ਼ਰਾਬ ਪੀਣੀ ਬੰਦ। ਚਰਨ ਦੀ ਵੀ ਤੇ ਆਪਣੀ ਵੀ। ਚੰਦੋ ਪੂਰੀ ਖ਼ੁਸ਼ ਸੀ। ਹਿੱਕ ਕੱਢ ਕੇ ਅਗਵਾੜ ਵਿੱਚ ਦੀ ਲੰਘਦੀ।

198

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ