ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/197

ਇਹ ਸਫ਼ਾ ਪ੍ਰਮਾਣਿਤ ਹੈ

ਪਾਕਿਸਤਾਨੀਆਂ ਦੇ ਘੇਰੇ 'ਚ ਆ ਗਿਆ ਸੀ। ਮੁੜ ਕੇ ਪਤਾ ਈ ਨੀ ਲੱਗਿਆ। ਸੱਤ ਸਾਲ ਹੋ 'ਗੇ।ਧੀ ਵੀ ਫ਼ੌਜੀ ਨੂੰ ਵਿਆਹੀ। ਉਹ ਵੀ ਚੀਨ ਦੀ ਜੰਗ 'ਚ ਮਾਰਿਆ ਗਿਆ ਸੀ। ਧੀ ਮੇਰੇ ਕੋਲ ਰਹਿੰਦੀ ਐ ਹੁਣ। ਜੇਠ ਦੇ ਲੜ ਲਾ 'ਤੀ ਸੀ। ਮੀਨ੍ਹਾ-ਵੀਹ ਦਿਨ ਉੱਥੇ ਰਹਿੰਦੀ ਐ, ਮੀਨ੍ਹਾ-ਵੀਹ ਦਿਨ ਮੇਰੇ ਕੋਲ, ਪਰ ਬਹੁਤਾ ਮੇਰੇ ਕੋਲ ਈ ਰਹਿੰਦੀ ਐ। ਬੱਸ ਦੋਵੇਂ ਮਾਵਾਂ-ਧੀਆਂ ਜੂਲ ਜ੍ਹੀ ਕਰੀਂ ਜਾਨੀਆਂ। ਧੀ ਨੂੰ ਕੋਈ ਬੇਲ-ਤੂੰਬੜੀ ਲੱਗੀ ਹੁੰਦੀ, ਫੇਰ ਵੀ ਦਿਨ ਨਿਕਲ ਜਾਂਦੇ, ਹੁਣ ਤਾਂ ਬੱਸ...। ਉਸ ਦੀ ਭੁੱਬ ਨਿਕਲ ਗਈ। ਪੱਕੇ ਬੈਂਚ 'ਤੇ ਬੈਠਣ ਲਈ ਉਹ ਅਹੁਲੇ। ਚੁੱਪ-ਚਾਪ। ਕੋਈ ਵੀ ਗੱਲ ਨਹੀਂ ਸੀ ਹੋ ਰਹੀ।

ਚਾਹ, ਦੱਸ ਫੇਰ, ਪੀਵੇਂਗੀ? ਚੰਦੋ ਨੇ ਸੁਲਾਹ ਮਾਰੀ।

ਪੁੱਛਦੀ ਕੀਹ ਐਂ, ਚੁੱਪ ਕਰਕੇ ਕਰਾ ਲੈ ਤਿੰਨ ਕੱਪ, ਚਰਨ ਨੇ ਹੰਕਾਰਿਆ ਜਿਹਾ ਬੋਲ ਕੱਢਿਆ। ਇਹ ਮੁੰਡਾ ਕੌਣ ਐ, ਭੈਣੇ? ਬੁੜ੍ਹੀ ਨੇ ਪੁੱਛਿਆ।

ਚੰਦੋ ਚੁੱਪ ਰਹੀ।

ਜਵਾਬ ਮਿਲਣ ਤੋਂ ਪਹਿਲਾਂ ਹੀ ਬੁੜ੍ਹੀ ਕਹਿਣ ਲੱਗੀ, ਕੁੜੇ ਮੇਰੇ ਤਾਂ ਤੂੰ ਭੋਰਾ ਸਿਆਣ 'ਚ ਨੀ ਆਈ। ਉਦੋਂ ਤਾਂ ਤੇਰਾ ਸਰੀਰ ਪਤਲਾ ਜ੍ਹਾ ਸੀ। ਛਟੀ ਵਰਗਾ। ਹੁਣ ਤਾਂ ਤੂੰ ਹੋਰ ਈ ਕੁਸ ਬਣੀ ਫਿਰਦੀ ਐਂ। ਪਾਟਣ 'ਤੇ ਆਈ ਪਈ ਐਂ। ਚੰਨਣ ਸਿਹੁੰ ਦੀ ਦੇਹ ਗੱਲ, ਤਕੜਾ? ਚੰਦੋ ਹੁਣ ਵੀ ਚੁੱਪ ਸੀ।

ਬੁੜ੍ਹੀ ਨੂੰ ਉੱਚਾ ਸੁਣਦਾ ਸੀ। ਪਹਿਲੀ ਗੱਲ ਦਾ ਜਵਾਬ ਲਏ ਬਿਨਾਂ ਉਹ ਹੋਰ ਗੱਲ ਪੁੱਛ ਲੈਂਦੀ।

ਸੁਣਾ ਫੇਰ, ਕੋਈ ਨਿੱਕਾ ਨਿਆਣਾ?

ਚੰਦੋ ਚੁੱਪ।

ਚਰਨ ਦੀ ਗੱਲ ਸੁਣ ਕੇ ਕੋਲ ਹੀ ਖੜ੍ਹੀ ਰੇੜ੍ਹੀ ਵਾਲੇ ਨੇ ਚਾਹ ਦੇ ਤਿੰਨ ਕੱਪ ਬਣਾ ਦਿੱਤੇ ਸਨ। ਪੱਕੇ ਬੈਂਚ 'ਤੇ ਬੈਠੇ ਉਹ ਤਿੰਨ ਚਾਹ ਪੀਣ ਲੱਗੇ। ਚੱਲ ਭੈਣੇ, ਅੱਜ ਮੇਰੇ ਨਾਲ ਚੱਲ ਸਾਡੇ ਪਿੰਡ। ਬੁੱਲ੍ਹ ਫੂਕਵੀਂ ਤੱਤੀ ਚਾਹ ਦਾ ਗਲਾਸ ਆਪਣੇ ਸੱਜੇ ਹੱਥ ਰੱਖਦੀ ਬੁੜ੍ਹੀ ਨੇ ਕਿਹਾ। ਚੰਦੋ ਤੇ ਚਰਨ ਇੱਕ ਦੂਜੇ ਵੱਲ ਝਾਕੇ।

ਲੈ ਸੱਚ, ਮੈਂ ਤਾਂ ਥੋਡਾ ਪਿੰਡ ਈ ਭੁੱਲ 'ਗੀ, ਜੰਗੀਰ ਕੁਰੇ। ਚੰਦੋ ਨੇ ਕਿਹਾ।

ਪਿੰਡ ਸਾਡਾ ਐਥੋਂ ਨੇੜੇ ਈ ਐ। ਆਹ ਖੜ੍ਹੇ। ਮਾਈਸਰ ਖਾਨਾ। ਬਿੰਦੇ-ਬਿੰਦੇ ਬੱਸ ਚੱਲਦੀ ਐ। ਫੋਰੇ 'ਚ ਪਹੁੰਚ ਜਾਈਦੈ। ਚੌਲ, ਮੈਂ ਤਾਂ ਕਹਿਨੀ ਆਂ। ਚੰਦੋ ਦਾ ਹੱਥ ਫੜ ਕੇ ਉਸ ਨੇ ਕਿਹਾ। ਚਰਨ ਤੇ ਚੰਦੋ ਫਿਰ ਇੱਕ-ਦੂਜੇ ਵੱਲ ਦੇਖਣ ਲੱਗੇ।

ਚੰਦੋ ਨੇ ਜਿਗਰਾ ਜਿਹਾ ਬਣਾ ਕੇ ਕਹਿ ਹੀ ਦਿੱਤਾ, ਚੰਗਾ, ਚੱਲ ਫੇਰ।


14

ਅੰਬਾਲੇ ਜਦ ਉਹ ਫੈਮਿਲੀ ਕੁਆਰਟਰਾਂ ਵਿੱਚ ਰਹਿੰਦੀਆਂ ਹੁੰਦੀਆਂ, ਉਨ੍ਹਾਂ ਦੇ ਮਾਲਕ ਜਦ ਡਿਊਟੀ 'ਤੇ ਜਾਂਦੇ ਹੁੰਦੇ ਤੇ ਜਦ ਉਨ੍ਹਾਂ ਨੂੰ ਥੋੜ੍ਹੀ-ਮੋਟੀ ਵਿਹਲ ਮਿਲਦੀ, ਉਹ ਚਾਰ-ਪੰਜ ਜਣੀਆਂ ਕੁਆਰਟਰਾਂ ਦੇ ਚੜ੍ਹਦੇ ਪਾਸੇ ਪਿੱਪਲ ਦੁਆਲੇ ਬਣੀ ਪੱਕੀ ਚੌਕੜੀ 'ਤੇ ਜਾ ਬੈਠਦੀਆਂ। ਭਾਂਤ-ਭਾਂਤ ਦੀਆਂ ਗੱਲਾਂ ਮਾਰਦੀਆਂ।

ਮੀਂਹ ਵਾਲੀ ਰਾਤ

197