ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/164

ਇਹ ਸਫ਼ਾ ਪ੍ਰਮਾਣਿਤ ਹੈ

ਸੁਰਿੰਦਰ ਥਾਂ ਦੀ ਥਾਂ ਸੁੰਨ ਹੋ ਗਿਆ। ਓਹ ਜਿਸ ਕੁੜੀ ਨੂੰ ਐਨੀ ਛੋਟੀ ਸਮਝਦਾ ਸੀ, ਉਸ ਨੇ ਤਾਂ ਬਿਲਕੁਲ ਹੀ ਹੱਦ ਕਰ ਦਿੱਤੀ। ਉਹ ਸੋਚਦਾ ਕਿ ਉਸ ਨੂੰ ਮੰਦ ਭਾਵਨਾ ਨਾਲ ਖਿਆਲ ਕਰਨਾ ਵੀ ਮੈਂ ਤਾਂ ਪਾਪ ਤੇ ਅਰਥ ਸਮਝਦਾ ਸੀ ਤੇ ਇਹ ਕੀ ਹੋ ਗਿਆ। ਮੈਂ ਤਾਂ ਐਵੇਂ ਹੀ ਸੁੱਚਾ ਬਣਿਆ ਰਿਹਾ। ਉਸ ਨੂੰ ਉਸ ਕੁੜੀ ਨਾਲ ਨਫ਼ਰਤ ਹੋ ਗਈ।

ਹੁਣ ਨਾ ਉਹ ਉਸ ਕੁੜੀ ਵੱਲ ਕਦੇ ਝਾਕਦਾ ਸੀ ਤੇ ਨਾ ਆਪਣੀ ਬੈਠਕ ਦਾ ਬਾਰ ਖੁੱਲ੍ਹਾ ਰੱਖਦਾ ਸੀ। ਉਸ ਕੁੜੀ ਦੀ ਮੜ੍ਹਕ ਵੀ ਢੈਲੀ ਹੋ ਗਈ ਸੀ। ਨਾ ਕਦੀ ਉਹ ਉਸ ਦੀ ਬੈਠਕ ਮੂਹਰੇ ਦੀ ਖੰਘ ਕੇ ਲੰਘਦੀ, ਨਾ ਕੋਈ ਰੋੜੀ ਮਾਰਦੀ ਤੇ ਨਾ ਹੀ ਕੋਈ ਹੋਰ ਛੇੜ ਛਾੜ ਕਰਦੀ ਸੀ। ਸੁਰਿੰਦਰ ਦੇ ਮਨ ਵਿਚ ਉਸ ਕੁੜੀ ਪ੍ਰਤੀ ਸਾਰੀ ਪਵਿੱਤਰਤਾ ਭੰਗ ਹੋ ਕੇ ਗਈ ਸੀ।

ਚਿੱਟੀ ਸਾੜ੍ਹੀ ਵਾਲੀ ਤੀਵੀਂ ਦਾ ਪ੍ਰੋਗਰਾਮ ਓਵੇਂ ਚੱਲ ਰਿਹਾ ਸੀ। ਨਰਸ ਕੁੜੀ, ਪਰ ਹੁਣ ਕਦੇ ਕਦੇ ਹੀ ਮਿਲਦੀ ਸੀ। ਦਸ ਕੁ ਦਿਨਾਂ ਤੋਂ ਤਾਂ ਉਹ ਬਿਲਕੁਲ ਹੀ ਨਹੀਂ ਮਿਲੀ। ਉਹੀ ਬੰਦਾ ਉਸ ਨੂੰ ਇੱਕ ਦਿਨ ਮਿਲਿਆ, ਜਿਹੜਾ ਉਸ ਦਾ ਪਾਸ ਬਣਵਾ ਕੇ ਲੈ ਗਿਆ ਸੀ। ਉਸ ਬੰਦੇ ਨੇ ਦੱਸਿਆ ਕਿ ਉਹ ਉਸੇ ਪਿੰਡ ਰਹਿਣ ਲੱਗ ਪਈ ਹੈ, ਜਿੱਥੇ ਉਹ ਨਿੱਤ ਜਾਇਆ ਕਰਦੀ ਸੀ। ਬੱਸ ਅੱਡੇ 'ਤੇ ਹੀ ਉਹ ਬੰਦਾ ਨਰਸ ਦੀਆਂ ਗੱਲਾਂ ਕਰਦਾ ਰਿਹਾ। ਉਹ ਬੰਦਾ ਸੁਰਿੰਦਰ ਨਾਲ ਪਲਾਂ ਵਿਚ ਹੀ ਖੁੱਲ੍ਹ ਗਿਆ ਸੀ। ਸੁਰਿੰਦਰ ਨੂੰ ਵੀ ਉਸ ਦੀਆਂ ਗੱਲਾਂ ਵਿਚ ਪੂਰੀ ਦਿਲਚਸਪੀ ਸੀ। ਉਹ ਬੰਦਾ ਆਪਣੇ ਮਨ ਦੀ ਭੜਾਸ ਕੱਢ ਰਿਹਾ ਸੀ ਤੇ ਭੜਾਸ ਕੱਢ ਕੇ ਜਿਵੇਂ ਕੋਈ ਆਰਾਮ ਮਹਿਸੂਸ ਕਰ ਰਿਹਾ ਹੋਵੇ।

ਆਖ਼ਰ ਮਲਵੀਂ ਜਿਹੀ ਜੀਭ ਨਾਲ ਉਸ ਨੇ ਵੀ ਦੱਸਿਆ ਕਿ ਉਹ ਉਸ ਨਰਸ ਨਾਲ ਇੱਕ ਧੱਕਾ ਕਰ ਬੈਠਾ ਤੇ ਉਸ ਤੋਂ ਬਾਅਦ ਵੀ ਉਹ ਉਸ ਦੀ ਨਾਰਾਜ਼ਗੀ ਨੂੰ ਕੁਚਲ ਦਿੰਦਾ ਰਿਹਾ ਸੀ। ਉਸ ਵਿਚਾਰੀ ਨੂੰ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਸੀ ਤਾਂ ਕਿਤੇ ਜਾ ਕੇ ਉਸ ਦੇ ਫੰਧ ਪਰਾਣ ਮੋਕਲੇ ਹੋਏ ਸਨ। ਉਹ ਬੰਦਾ ਹਾਬੜਿਆ ਹੋਇਆ ਗੱਲਾਂ ਕਰ ਰਿਹਾ ਸੀ ਕਿ ਹੁਣ ਕਦੇ ਚਾਰ ਮਹੀਨੇ ਹੋ ਗਏ, ਉਸ ਨਰਸ ਨੇ ਉਹਦੇ ਕੋਲ ਰਾਤ ਨਹੀਂ ਕੱਟੀ। ਜਦੋਂ ਕਦੇ ਹੁਣ ਮਿਲਦੀ ਹੈ, ਮੂੰਹ ਦੀ ਭਕਾਈ ਬਥੇਰਾ ਮਾਰ ਲੈਂਦੀ ਹੈ, ਪਰ ਅਸਲੀ ਗੱਲ 'ਤੇ ਨਹੀਂ ਆਉਂਦੀ।

ਓਦਣ ਆਥਣੇ ਜਦ ਸੁਰਿੰਦਰ ਆਪਣੀ ਬੈਠਕ ਵਿਚ ਆਇਆ ਤਾਂ ਉਹਦਾ ਸਰੀਰ ਸੁੰਨ ਮਿੱਟੀ ਬਣਿਆ ਹੋਇਆ ਸੀ, ਨਾ ਉਹ ਨਾਤਾ ਤੇ ਨਾ ਹੋਟਲ 'ਤੇ ਰੋਟੀ ਖਾਣ ਗਿਆ। ਸਟੋਵ 'ਤੇ ਥੋੜ੍ਹੀ ਜਿਹੀ ਚਾਹ ਬਣਾਈ ਤੇ ਪੀ ਕੇ ਮੰਜੀ 'ਤੇ ਢੇਰੀ ਹੋ ਗਿਆ।

ਨਾ ਉਸ ਨੂੰ ਨੀਂਦ ਆਉਂਦੀ ਸੀ ਤੇ ਨਾ ਹੀ ਉਸ ਦਾ ਜੀਅ ਕਰਦਾ ਸੀ ਕਿ ਉੱਠ ਕੇ ਬੈਠੇ ਤੇ ਕੋਈ ਗੱਲ ਸੋਚੇ, ਕਦੇ ਕਦੇ ਉਹਦੀ ਅੱਖ ਲੱਗ ਜਾਂਦੀ, ਪਰ ਛੇਤੀ ਹੀ ਭੜੱਕ ਦੇ ਕੇ ਖੁੱਲ੍ਹ ਜਾਂਦੀ। ਇਹੋ ਜਿਹੀ ਅਚਵੀ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਲੱਗੀ। ਉਸ ਨੂੰ ਲੱਗਦਾ ਸੀ ਕਿ ਅੱਜ ਸਾਰੀ ਰਾਤ ਨੀਂਦ ਨਹੀਂ ਆਵੇਗੀ। ਹੌਲੀ ਹੌਲੀ ਉਸ ਦੀ ਸੋਚ ਤੁਰ ਪਈ। ਤੀਵੀਂ ਦੇ ਮਨ ਦੀ ਕੀ ਬੁੱਝੀਏ? ਕਾਲਜ ਵਿਚ ਪੜ੍ਹਦੀ ਕੁੜੀ, ਜਿਸ ਨੂੰ ਉਹ ਅਜੇ

164

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ