ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/158

ਇਹ ਸਫ਼ਾ ਪ੍ਰਮਾਣਿਤ ਹੈ

ਕਿਤਾਬਾਂ ਅੰਗਰੇਜ਼ੀ ਦੀਆਂ ਸਨ। ਪਲੰਘ ਦੇ ਥੱਲੇ ਲੱਕੜ ਦਾ ਇੱਕ ਸੂਟਕੇਸ ਪਿਆ ਸੀ, ਜਿਸ ਨੂੰ ਕਲਿੱਕ ਦਾ ਜ਼ਿੰਦਾ ਲੱਗਿਆ ਹੋਇਆ ਸੀ।

ਠੰਡ ਵੀ ਉਸ ਦਿਨ ਖ਼ਾਸੀ ਸੀ। ਬੁੱਢੀ ਮਾਂ ਨੇ ਇੱਕ ਨਿੱਗਰ ਰਜ਼ਾਈ ਲਿਆ ਕੇ ਪਲੰਘ 'ਤੇ ਰੱਖ ਦਿੱਤੀ। ਕਮਲਿੰਦਰ ਨੂੰ ਸੌਖਾ ਹੋ ਕੇ ਉਸ ਵਿਚ ਨਿੱਘਾ ਹੋ ਕੇ ਸੌ ਜਾਣ ਲਈ ਆਖਿਆ। ਕੁਝ ਚਿਰ ਬਾਅਦ ਹੀ ਸ਼ਸ਼ੀ ਟਰੇਅ ਵਿਚ ਕੌਫ਼ੀ ਦੇ ਤਿੰਨ ਕੱਪ ਧਰ ਲਿਆਈ। ਬੁੱਢੀ ਮਾਂ ਤੇ ਸ਼ਸ਼ੀ ਤੋਂ ਬਿਨਾਂ ਉਨ੍ਹਾਂ ਦੇ ਘਰ ਵਿਚ ਹੋਰ ਕੋਈ ਨਹੀਂ ਸੀ।

ਮਾਂ ਤਾਂ ਰੋਟੀ ਦਾ ਆਹਰ ਕਰਨ ਲੱਗ ਪਈ ਤੇ ਸ਼ਸ਼ੀ ਬੈਠਕ ਵਿਚ ਕਮਲਿੰਦਰ ਕੋਲ ਬੈਠ ਗਈ। ਉਹ ਰਜ਼ਾਈ ਵਿਚ ਗੁੱਛਾ ਮੁੱਛਾ ਹੋਇਆ ਬੈਠਾ ਸੀ। ਸ਼ਸ਼ੀ ਨੇ ਇੱਕ ਕੰਬਲ ਦੀ ਬੁੱਕਲ ਮਾਰ ਲਈ ਤੇ ਪੰਥੀ ਮਾਰ ਕੇ ਸੋਫ਼ੇ 'ਤੇ ਬੈਠ ਗਈ। ਸਧਾਰਣ ਗੱਲਾਂ ਹੁੰਦੀਆਂ ਰਹੀਆਂ। ਸ਼ਸੀ ਨੇ ਆਪਣੇ ਕਾਲਜ ਦੀਆਂ ਗੱਲਾਂ ਛੇੜ ਲਈਆਂ। ਕਮਲਿੰਦਰ ਦੀ ਉਸ ਗ਼ਜ਼ਲ ਦਾ ਜ਼ਿਕਰ ਫਿਰ ਆ ਗਿਆ। ਸ਼ਸ਼ੀ ਨੇ ਦੱਸਿਆ ਕਿ 'ਮੇਰੇ ਦਿਲ ਵਿਚ ਬਹਿ ਕੇ ਦੇਖ ਜ਼ਰਾ, ਕਾਲਜ ਵਿਚ ਜਦ ਕਦੇ ਮੈਂ ਗੌਂਦੀ ਹੁੰਦੀ ਸੀ ਤਾਂ ਸਾਰਾ ਕਾਲਜ ਝੂਮ ਉੱਠਦਾ ਸੀ। 'ਪਤਾ ਨੀ ਤੁਹਾਡੀ ਗ਼ਜ਼ਲ ਵਿਚ ਕੋਈ ਫੋਰਸ ਸੀ ਜਾਂ ਮੇਰੀ ਆਵਾਜ਼ ਵਿਚ!' ਪ੍ਰੋ: ਵਿਸ਼ਵਕਾਂਤ ਤਾਂ ਬਹੁਤਾ ਪਾਗਲ ਹੋ ਜਾਂਦਾ ਸੀ। ਪਤਾ ਨੀ ਤੁਹਾਡੀ ਗ਼ਜ਼ਲ ਤੇ, ਪਤਾ ਨੀ ਮੇਰੀ ਆਵਾਜ਼ ਉੱਤੇ ਪਤਾ ਨੀ...?' ਕਮਲਿੰਦਰ ਨੇ ਨਾਲ ਦੀ ਨਾਲ ਕਹਿ ਦਿੱਤਾ-'ਤੁਹਾਡੇ ਆਪਣੇ ਉੱਤੇ!' ਸ਼ਸ਼ੀ ਥੋੜ੍ਹਾ ਜਿਹਾ ਸ਼ਰਮਾਅ ਗਈ ਤੇ ਦੱਸਿਆ ਕਿ ਪਿਛਲੀ ਗੱਲ ਸ਼ਾਇਦ ਬਹੁਤੀ ਠੀਕ ਹੈ।

'ਉਹ ਇੰਗਲਿਸ਼ ਦਾ ਪ੍ਰੋਫ਼ੈਸਰ ਸੀ। ਹਰ ਗੱਲ ਵਿਚ ਉਹ ਮੈਨੂੰ ਮੂਹਰੇ ਰੱਖਦਾ। ਡਰਾਮੈਟਿਕ ਕਲੱਬ ਦਾ ਮੈਨੂੰ ਸੈਕਟਰੀ ਬਣਵਾ ਦਿੱਤਾ। ਡੀਬੇਟ ਜਾਂ ਡੈਕਲੇਮੇਸ਼ਨ ਕੰਟੈਸਟ ਵਿਚ ਹਰ ਥਾਂ ਜਾਣ ਲਈ ਉਹ ਮੈਨੂੰ ਹੀ ਸਿਲੈਕਟ ਕਰਵਾ ਕੇ ਭੇਜਦਾ। ਉਹ ਇਕੱਲਾ ਹੀ ਸੀ। ਕਈ ਵਾਰੀ ਉਹ ਮੁੰਡੇ ਕੁੜੀਆਂ ਨੂੰ ਚਾਹ 'ਤੇ ਸੱਦ ਲੈਂਦਾ। ਓਥੇ ਵੀ ਮੈਨੂੰ ਮੂਹਰੇ ਰੱਖਦਾ। ਮੈਂ ਇਕੱਲੀ ਕਦੇ ਕਦੇ ਉਸ ਦੇ ਘਰ ਚਲੀ ਜਾਂਦੀ। ਕਦੇ ਕਦੇ ਡੂੰਘੀ ਸ਼ਾਮ ਓਥੇ ਹੀ ਗੁਜ਼ਰਦੀ...'

ਸ਼ਸ਼ੀ ਨੂੰ ਗੱਲ ਕਰਦੀ ਕਰਦੀ ਨੂੰ ਇੱਕ ਹੱਥੂ ਆਇਆ ਤੇ ਉਹ ਸਣੇ ਕੰਬਲ ਸੋਫ਼ੇ 'ਤੇ ਢੇਰੀ ਹੋ ਗਈ। ਕੁਝ ਨਾ ਬੋਲੀ ਤੇ ਨਾ ਹਿੱਲੀ ਜੂਲੀ। ਉਸ ਸਮੇਂ ਮਾਂ ਕਿਸੇ ਕੰਮ ਬੈਠਕ ਵਿਚ ਆਈ ਸੀ ਤੇ ਸ਼ਸ਼ੀ ਨੂੰ ਲੱਤਾਂ ਨਿਸਾਲੀ ਪਈ ਨੂੰ ਦੇਖ ਕੇ ਉਸ ਵੱਲ ਅਹੁਲੀ ਦੇਖਿਆ, ਉਸ ਦੀ ਦੰਦ ਬੀੜ ਜੁੜੀ ਹੋਈ ਸੀ ਤੇ ਉਹ ਬੇਹੋਸ਼ ਸੀ। ਉਸ ਨੇ ਭੱਜ ਕੇ ਰਸੋਈ ਵਿਚੋਂ ਇੱਕ ਖੁਰਚਣੀ ਲਿਆ ਕੇ ਉਸ ਦੇ ਦੰਦਾ ਵਿਚ ਤ੍ਰੀੜ ਕੇ ਦੰਦ ਬੀੜ ਖੋਲ੍ਹ ਦਿੱਤੀ ਤੇ ਪਾਣੀ ਦੀ ਉਂਜਲ ਭਰਕੇ ਉਸ ਦੇ ਮੂੰਹ ਵਿਚ ਪਾਈ। ਉਸ ਨੇ ਅਲਮਾਰੀ ਵਿੱਚੋਂ ਇੱਕ ਸ਼ੀਸ਼ੀ ਝੱਟ ਦੇ ਕੇ ਨੱਕ ਨੂੰ ਲਾ ਦਿੱਤੀ। ਇੱਕ ਹੋਰ ਦਵਾਈ ਉਸ ਦੇ ਮੱਥੇ 'ਤੇ ਮਲ ਦਿੱਤੀ। ਉਸ ਦੀਆਂ ਤਲੀਆਂ 'ਤੇ ਝੱਸਿਆ। ਇੱਕ ਬਿੰਦ ਸ਼ਸ਼ੀ ਨੇ ਅੱਖਾਂ ਖੋਲ੍ਹ ਲਈਆਂ। ਦੂਜੇ ਬਿੰਦ ਹੀ ਉਹ ਪਾਸਾ ਲੈ ਕੇ ਵੱਖੀ ਪਰਨੇ ਪੈ ਗਈ। ਉਹਦੇ ਮੂੰਹੋਂ 'ਹਾਏ' ਨਿਕਲੀ ਤੇ ਉਹ ਚੁੱਪ ਹੋ ਗਈ। ਮਾਂ ਨੇ ਕਮਲਿੰਦਰ ਨੂੰ ਉਂਗਲ ਦੀ ਸੈਨਤ ਨਾਲ ਸਮਝਾਇਆ ਕਿ ਉਹ ਬੋਲੇ ਨਾ। ਉਹ ਚੁੱਪ ਕੀਤਾ ਬੈਠਾ ਰਿਹਾ।

158

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ