ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/152

ਇਹ ਸਫ਼ਾ ਪ੍ਰਮਾਣਿਤ ਹੈ

ਉਹ ਦੋਵੇਂ ਉੱਠੇ ਤੇ ਮੇਰੇ ਵਲ ਹੋ ਗਏ। ਇੱਕ ਨੇ ਮੇਰੀ ਸੱਜੀ ਬਾਂਹ ਫੜ ਲਈ ਤੇ ਦੂਜੇ ਨੇ ਖੱਬੀ। ਮਰੋੜ ਦੇਣ ਲੱਗੇ ਜਗਦੀਸ਼ ਕਹਿ ਰਿਹਾ ਸੀ-'ਹਾਂ, ਤੂੰ ਦੱਸ, ਤੂੰ ਕਿਉਂ ਸੁੱਤਾ ਬਈ?'

ਜਗਦੇਵ ਵੀ ਉਹਦੇ ਮਗਰ ਸੀ। ਕਹਿੰਦਾ-'ਇੱਕ ਸ਼ਰਤ 'ਤੇ ਤੇਰੀ ਰਿਹਾਈ ਕਰ ਸਕਦੇ ਆਂ।'

'ਜੋ ਕਹੋਂਗੇ, ਕਰੂੰਗਾ।' ਮੈਂ ਮਿੰਨਤਾ ਕਰਨ ਲੱਗਿਆ।

'ਉੱਠ, ਚਾਹ ਬਣਾ ਕੇ ਲਿਆ।' ਜਗਦੇਵ ਨੇ ਸ਼ਰਤ ਦੱਸੀ।

'ਛੱਡੋ ਫੇਰ, ਜਾਨਾ ਹੁਣੇ।' ਮੈਨੂੰ ਉਹ ਦੋਵੇਂ ਦਿਓ ਲੱਗ ਰਹੇ ਸਨ। ਰਸੋਈ ਵਿਚ ਜਾ ਕੇ ਮੈਂ ਸਭ ਕੁਝ ਭਾਲ ਲਿਆ। ਭਾਬੀ ਨੂੰ ਏਸ ਵੇਲੇ ਜਗਾਉਣਾ ਠੀਕ ਨਹੀਂ ਸੀ। ਚਾਹ ਦੇ ਤਿੰਨ ਗਲਾਸ ਬਣਾ ਲਿਆਇਆ। ਉਨ੍ਹਾਂ ਨੈ ਪਾਣੀ ਵੀ ਮੰਗਿਆ। ਤ੍ਰੇਹ ਮੈਨੂੰ ਵੀ ਲੱਗੀ ਹੋਈ ਸੀ। ਚਾਹ ਪੀ ਕੇ ਅਸੀਂ ਸੁੱਤੇ ਨਹੀਂ। ਗੱਲਾਂ ਕਰਨ ਲੱਗੇ। ਨੀਂਦ ਟਲ ਚੁੱਕੀ ਸੀ। ਬੇਚੈਨੀ ਸਹਿਜ ਹੋ ਗਈ। ਤਿੰਨੇ ਜਣੇ ਚੁੱਪ ਹੋ ਜਾਂਦੇ। ਲੱਗਦਾ ਜਿਵੇਂ ਹੁਣ ਸੌਂ ਜਾਵਾਂਗੇ, ਪਰ ਵਿਚਦੀ ਇੱਕ ਜਣਾ ਫੇਰ ਬੋਲ ਪੈਂਦਾ। ਇੰਝ ਹੀ ਸਾਰੀ ਰਾਤ ਨਿਕਲ ਗਈ। ਘੜੀਆਂ ਦੇਖੀਆਂ, ਰਾਤ ਮੁੱਕਣ ਵਾਲੀ ਸੀ।

ਤੜਕਾ ਹੋਇਆ ਤਾਂ ਚਾਹ ਪੀ ਕੇ ਬਾਹਰ ਖੇਤਾਂ ਵੱਲ ਨਿਕਲ ਗਏ। ਆ ਕੇ ਨ੍ਹਾ ਲਏ।ਮਖਣੀ ਤੇ ਨੇਂਬੂ ਦੇ ਆਚਾਰ ਨਾਲ ਪਰੌਂਠੇ ਖਾਧੇ। ਰੱਜ ਕੇ ਖੱਟੀ ਲੱਸੀ ਪੀ ਲਈ।

ਹੁਣ ਬੱਸ ਵਿਚ ਮੁੜੇ ਆਉਂਦੇ ਅਸੀਂ ਤਿੰਨੇ ਬਿਲਕੁੱਲ ਚੁੱਪ ਸਾਂ। ਜਿਵੇਂ ਆਪਣੇ ਆਪਣੇ ਅੰਦਰ ਉਤਰ ਗਏ ਹੋਈਏ। ਤਿੰਨਾਂ ਨੂੰ ਆਪਣੇ ਆਪਣੇ ਫ਼ਿਕਰ ਸਨ, ਆਪਣੇ ਆਪਣੇ ਰੁਝੇਵੇਂ। ਕਬੀਲਦਾਰੀ ਦੇ ਝੰਜਟਾਂ ਵਿਚੋਂ ਇਹ ਇੱਕ ਰਾਤ ਜੋ ਅਸੀਂ ਹਾਸਲ ਕੱਢ ਲਈ ਸੀ, ਬੱਸ ਇਹ ਜਿਵੇਂ ਛਪਾਰ ਦਾ ਮੇਲਾ ਸੀ ਸਾਡਾ।

ਸ਼ਹਿਰ ਆ ਕੇ ਬੱਸ ਸਟੈਂਡ 'ਤੇ ਵਿਛੜਣ ਵੇਲੇ ਜਗਦੀਸ਼ ਆਖ ਰਿਹਾ ਸੀ-'ਓਏ ਜਗਦੇਵ, ਕੰਜਰ ਦਿਓ, ਛੇਤੀ ਛੇਤੀ ਮਿਲਿਆ ਕਰੋ ਓਏ। ਮੌਤ ਦਾ ਕੋਈ ਵਸਾਹ ਨ੍ਹੀ, ਚੋਰ ਝਾਤੀਆਂ ਮਾਰਦੀ ਫਿਰਦੀ ਐ।'

'ਮੌਤ ਦਾ ਕੋਈ ਡਰ ਨ੍ਹੀ, ਭਰਾਵਾ। ਜਦੋਂ ਮਰਜ਼ੀ, ਜੀਅ ਸਦਕੇ ਆਵੇ। ਮੌਤ ਤੋਂ ਪਹਿਲਾਂ ਮਰਨ ਦਾ ਅਹਿਸਾਸ ਮੌਤ ਨਾਲੋਂ ਵੀ ਭੈੜਾ ਹੁੰਦੈ।' ਜਗਦੇਵ ਨੇ ਦਾਰਸ਼ਨਿਕ ਉੱਤਰ ਦਿੱਤਾ।

'ਓਏ, ਮੈਨੂੰ ਇਉਂ ਲਗਦੈ...' ਜੋ ਮੈਂ ਕਹਿਣਾ ਚਾਹੁੰਦਾ ਸੀ। ਬੁੱਲ੍ਹਾਂ ਤੱਕ ਨਹੀਂ ਆ ਰਿਹਾ ਸੀ।

'ਕੀ ਲੱਗਦੈ ਤੈਨੂੰ?' ਉਹ ਦੋਵੇਂ ਇਕੱਠੇ ਬੋਲੇ। 'ਮੈਨੂੰ ਤਾਂ ਯਾਰ ਕੁੱਛ ਵੀ ਨ੍ਹੀ ਲੱਗਦਾ।' ਜਿਵੇਂ ਮੈਂ ਕੁਝ ਕਹਿਣ ਤੋਂ ਖਹਿੜਾ ਛੁਡਾਇਆ ਹੋਵੇ।

ਘਰ ਆ ਕੇ ਮੈਨੂੰ ਅਹਿਸਾਸ ਹੋ ਰਿਹਾ ਸੀ, ਜਿਵੇਂ ਪਿੰਡ ਦੀਆਂ ਸੁੰਨੀਆਂ ਸਹਿਮੀਆਂ ਸੱਥਾਂ ਸਾਡੇ ਸਭ ਦੇ ਅੰਦਰ ਕਿਧਰੇ ਟਿਕਾਣਾ ਬਣਾਕੇ ਬੈਠ ਗਈਆਂ ਹੋਣ। ਹਰ ਘਰ ਅੰਦਰ ਜਿਵੇਂ ਮੌਤ ਦਾ ਸੱਥਰ ਵਿਛਿਆ ਹੋਇਆ ਹੋਵੇ। ਹਰ ਰੋਜ਼ ਇੱਕ ਸੋਗੀ ਆਥਣ ਪਿੰਡ ਵਿਚ ਉਤਰਦੀ ਤੇ ਕੰਧਾਂ ਦੇ ਲਿਉੜਾਂ ਨਾਲ ਛਾਪਲ ਕੇ ਬੈਠ ਜਾਂਦੀ। ਸੂਹੀ ਸਵੇਰ ਦਾ ਚਾਨਣ ਵੀ ਕਾਲਾ ਕਾਲਾ। ਘਰੋਂ ਬਾਹਰ ਕੱਟੀਆਂ ਰਾਤਾਂ ਹੀ ਜਿਵੇਂ ਆਪਣੀਆਂ ਰਹਿ ਗਈਆਂ ਹੋਣ। ਆਪੋ ਆਪਣੀਆਂ ਬੁੱਕਲਾਂ ਵਿਚ ਬਹਿ ਕੇ ਕੀਤੀਆਂ ਗੱਲਾਂ ਵਾਲੀਆਂ ਰਾਤਾਂ।

152

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ