ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/15

ਇਹ ਸਫ਼ਾ ਪ੍ਰਮਾਣਿਤ ਹੈ

ਉੱਠੀ। ਇੱਕ ਨਫ਼ਰਤ ਜਿਹੀ ਦਾ ਧੂੰਆਂ ਮੇਰੇ ਦਿਮਾਗ਼ ਵਿਚੋਂ ਉੱਠਣ ਲੱਗਿਆ। ਮੁੜ੍ਹਕੇ ਦੀ ਇਕ ਸਿੱਲ੍ਹ ਜਿਹੀ ਮੇਰੇ ਮੱਥੇ ਤੇ ਜੰਮ ਗਈ। ਹੁਣ ਕੰਦਲਾ ਮੇਰੇ ਵੱਲ ਝਾਕ ਰਹੀ ਸੀ। ਉਸ ਦੇ ਬੁੱਲ੍ਹਾਂ 'ਤੇ ਇੱਕ ਥੱਕੀ ਜਿਹੀ ਮੁਸਕਾਣ ਸੀ। ਮੇਰੀ ਨਿਗਾਹ ਕੰਦਲਾ ਵੱਲ ਨਹੀਂ, ਉਸ ਮੁੰਡੇ 'ਤੇ ਸੀ ਕਿ ਉਹ ਕੌਣ ਹੈ, ਜੋ ਇਸ ਤਰ੍ਹਾਂ ਨਾਲ ਕੰਦਲਾ ਦੇ ਨੇੜੇ ਹੈ। ਮੈਂ ਉੱਠਿਆ ਨਹੀਂ ਤੇ ਕੰਦਲਾ ਆਪ ਹੀ ਉੱਠ ਕੇ ਮੇਰੇ ਕੋਲ ਆ ਗਈ ਸੀ। ਇੱਕ ਝੂਠੀ ਜਿਹੀ ਮੁਸਕਾਣ ਆਪਣੇ ਖੁਸ਼ਕ ਬੁੱਲ੍ਹਾਂ 'ਤੇ ਲਿਆ ਕੇ ਮੈਂ ਉਸ ਦੀ ਥੱਕੀ ਹੋਈ ਮੁਸਕਾਣ ਦਾ ਉੱਤਰ ਦਿੱਤਾ। ਮੇਰੀਆਂ ਅੱਖਾਂ ਵਿਚੋਂ ਇੱਕ ਹੈਰਾਨੀ ਜਿਹੀ ਪੜ੍ਹ ਕੇ ਉਹ ਬੋਲੀ, "ਤੇਰੀਆਂ ਅੱਖਾਂ ਓਪਰੀਆਂ ਕਿਉਂ ਨੇ ਅੱਜ?" ਮੈਂ ਉਸ ਦਾ ਸਵਾਲ ਅਣਸੁਣਿਆ ਕਰਕੇ ਕਿਹਾ, "ਕੈਫੇ ਵਾਲੇ ਚਾਹ ਵਿਚ ਖੰਡ ਬੜੀ ਪਾਉਂਦੇ ਨੇ।"

"ਅੱਛਾ, ਦੱਸ ਫੇਰ ਮੇਰੇ ਡੈਡੀ ਨੂੰ ਕਦ ਮਿਲਣਾ ਏ?" ਉਸ ਦੇ ਸੱਜੇ ਪੈਰ ਦੀਆਂ ਉਂਗਲਾਂ ਮੇਜ਼ ਥੱਲੇ ਮੇਰੇ ਖੱਬੇ ਪੈਰ ਦੀ ਛੱਤ ਨਾਲ ਖੇਡ ਰਹੀਆਂ ਸਨ।

"ਪਹਿਲਾਂ ਆਪਣੇ ਪਿਤਾ ਜੀ ਨੂੰ ਤਾਂ ਪੁੱਛ ਲਵਾਂ?" ਮੈਂ ਕਿਹਾ ਤੇ ਉਸ ਨੇ ਆਪਣਾ ਚਿਹਰਾਫਿਰ ਲਮਕਾ ਲਿਆ। ਮੈਂ ਆਪਣੀਆਂ ਹਥੇਲੀਆਂ ਨਾਲ ਅੱਖਾਂ ਮਲੀਆਂ। ਕੁਝ ਦੇਰ ਚੁੱਪ ਰਹਿ ਕੇ ਉਸ ਤੋਂ ਮੈਂ ਪੁੱਛਿਆ, "ਤੂੰ ਅੱਜ ਢਿੱਲੀ ਜੀ ਕਿਉਂ ਲਗਦੀ ਐਂ?" ਮੈਨੂੰ 'ਕੋਰਸ' ਏ। ਜਿਨ੍ਹਾਂ ਦਿਨਾਂ 'ਚ ਕੋਰਸ ਹੋਵੇ, ਮੈਂ ਢਿੱਲੀ ਢਿੱਲੀ ਰਹਿਨੀ ਆ। ਅੱਜ ਤਾਂ ਕੌਫ਼ੀ ਵੀ ਇਸ ਤਰ੍ਹਾਂ ਲਗੀ ਏ, ਜਿਵੇਂ ਘਾਹ ਫੂਸ ਉਬਾਲ ਪੀਤਾ ਹੋਵੇ। ਉਸ ਨੇ ਇਸ ਤਰ੍ਹਾਂ ਦੱਸਿਆ ਸੀ, ਜਿਵੇਂ ਕੋਈ ਪਤਨੀ ਦਸਦੀ ਹੋਵੇ। ਮੈਨੂੰ ਉਸ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਮੇਰੇ ਦਿਮਾਗ਼ ਵਿਚ ਤਾਂ ਉਸ ਸਮੇਂ ਇੱਕੋ ਸਵਾਲ ਘੁੰਮ ਰਿਹਾ ਸੀ ਕਿ ਉਹ ਮੁੰਡਾ ਕੌਣ ਹੈ? ਕੰਦਲਾ ਕੋਲੋਂ ਹੀ ਇਹ ਗੱਲ ਪੁੱਛਣ ਦੀ ਮੈਨੂੰ ਜਕ ਜਿਹੀ ਪੈ ਗਈ ਸੀ। ਮੇਰੇ ਬੁੱਲ੍ਹਾਂ ਨੂੰ ਜਿੰਦਾ ਜਿਹਾ ਕਿਉਂ ਲੱਗ ਗਿਆ ਸੀ। ਮੈਂ ਤੇ ਕੰਦਲਾ ਜਦ ਇੱਕੋ ਮੇਜ਼ ਤੇ ਬੈਠੇ ਸਾਂ ਤਾਂ ਉਹ ਮੁੰਡਾ ਚੁੱਪ ਕਰਕੇ ਕਣੱਖਾ ਝਾਕਦਾ ਸਾਡੇ ਕੋਲ ਦੀ ਲੰਘ ਗਿਆ ਸੀ। ਜਦ ਤਾਈਂ ਉਹ ਗੇਟ ਨਹੀਂ ਲੰਘ ਗਿਆ, ਉਦੋਂ ਤੱਕ ਮੇਰੀਆਂ ਨਜ਼ਰਾਂ ਉਸ ਦੀ ਗਰਦਨ 'ਤੇ ਟਿਕੀਆਂ ਰਹੀਆਂ ਸਨ। ਉਸੇ ਸਮੇਂ ਚਾਰ ਸਟੈਨੋ ਕੁੜੀਆਂ ਅੰਦਰ ਆਈਆਂ ਸਨ। ਚਿੜੀਆਂ ਵਾਂਗ ਲੋਟ ਪੋਟ ਹੁੰਦੀਆਂ, ਚਹਿਕਦੀਆਂ। ਨਿੱਕਾ ਨਿੱਕਾ ਬੋਲਦੀਆਂ, ਟੁਣਕਦੀਆਂ। ਘੁੱਟਵੀਆਂ ਪਜਾਮੀਆਂ, ਸੂਤਵੀਆਂ ਕਮੀਜ਼ਾਂ, ਹਿੱਕਾਂ ਦੇ ਉਭਾਰ, ਮੋਢਿਆਂ ਅਤੇ ਪਿੰਡ ਦੇ ਉਭਾਰ, ਪੱਟਾਂ ਤੇ ਪਿੰਜਣੀਆਂ ਦੇ ਉਭਾਰ, ਜਿਵੇਂ ਗੇਂਦਾਂ ਕੱਪੜਿਆਂ ਹੇਠਾਂ ਛੁਪਾ ਰੱਖੀਆਂ ਹੋਣ। ਸਾਰੇ ਕੈਫਟੇਰੀਆ ਵਿਚ ਅੱਖਾਂ ਦੇ ਰੀਠੇ ਘੁੰਮਾਉਂਦੀਆਂ ਉਹ ਪਰਲੇ ਸਿਰੇ ਇੱਕ ਮੇਜ਼ 'ਤੇ ਜਾ ਝੁਕੀਆਂ ਸਨ। ਮੇਰੀ ਨਿਗਾਹ ਕੰਦਲਾ ਦੇ ਮੱਥੇ ਉੱਤੇ ਆ ਟਿਕੀ ਸੀ। ਮੈਂ ਉਸ ਨੂੰ ਆਖਿਆ ਸੀ, "ਕੰਦ, ਅੱਜ ਮੇਰੀ ਤਬੀਅਤ ਠੀਕ ਨਹੀਂ...।" ਉੱਥੋਂ ਉੱਠ ਕੇ ਫਿਰ ਅਸੀਂ ਦਫ਼ਤਰ ਨੂੰ ਆਪਣੀਆਂ ਸੀਟਾਂ ਵੱਲ ਚਲੇ ਗਏ ਸਾਂ। ਮੇਰਾ ਮਨ ਕੰਮ ਵਿਚ ਬਿਲਕੁੱਲ ਨਹੀਂ ਸੀ ਲੱਗਿਆ।

ਹੁਣ ਰਾਤ ਜਦੋਂ ਕਿ ਐਨੀ ਲੰਘ ਚੁੱਕੀ ਹੈ, ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਕੁਝ ਵੀ ਨਹੀਂ ਸੋਚ ਰਿਹਾ। "ਉਹ ਕੌਣ ਸੀ?" ਦੇ ਸ਼ਬਦਾਂ ਤੋਂ ਬਿਨਾਂ ਮੇਰੇ ਦਿਮਾਗ਼ ਵਿਚ ਕੋਈ ਵੀ ਗੱਲ ਅੱਗੇ ਨਹੀਂ ਤੁਰ ਰਹੀ। ਮੈਂ ਆਪਣੀਆਂ ਅੱਖਾਂ ਹਨੇਰੇ ਵਿਚ ਝਪਕਦਾ ਹਾਂ,

ਪ੍ਰਸ਼ਨ ਚਿੰਨ੍ਹ

15