ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/105

ਇਹ ਸਫ਼ਾ ਪ੍ਰਮਾਣਿਤ ਹੈ

ਅਗਲੇ ਦਿਨ ਕਮਲੇਸ਼ ਨੇ ਰੋਟੀ ਤਿਆਰ ਕੀਤੀ। ਚਾਰਾਂ ਨੇ ਨਾਸ਼ਤਾ ਕੀਤਾ ਤੇ ਫੇਰ ਉਹ ਤਿੰਨੇ ਘਰੋਂ ਚਲੇ ਗਏ। ਘਰ ਵਿਚ ਚੁੱਪ ਦਾ ਸੰਸਾਰ ਪਸਰਣ ਲੱਗਿਆ। ਦੁਪਹਿਰ ਤੱਕ ਕੋਈ ਨਹੀਂ ਆਇਆ। ਦੁਪਹਿਰ ਦੀ ਰੋਟੀ ਦਾ ਵੇਲਾ ਵੀ ਲੰਘ ਗਿਆ। ਘੰਟਾ ਭਰ ਉਹ ਲਖਵਿੰਦਰ ਨੂੰ ਉਡੀਕਦਾ ਰਿਹਾ। ਫੇਰ ਉਹ ਨੂੰ ਲੱਗਿਆ, ਜਿਵੇਂ ਕੋਈ ਗੱਲ ਹੈ। ਆਂਢ ਗੁਆਂਢ ਨੂੰ ਜਿਵੇਂ ਕੋਈ ਕਸਰ ਹੋ ਗਈ ਹੋਵੇ।

ਆਥਣ ਨੂੰ ਕਮਲੇਸ਼ ਆਈ, ਥਰਮੌਵੇਅਰ ਵਿਚ ਫੁਲਕੇ ਤੇ ਸਬਜ਼ੀ ਉਵੇਂ ਦੇ ਉਵੇਂ ਦੇਖ ਕੇ ਪੁੱਛਣ ਲੱਗੀ-"ਅੱਜ ਕੀ ਗੱਲ ਜੀ, ਭੁੱਖ ਨ੍ਹੀ ਲੱਗੀ?" ਫੇਰ ਉਹ ਨੇ ਰਸੋਈ ਵਾਲੀ ਜਾਲੀ ਵਿਚ ਪਿਆ ਦੁੱਧ ਦੇਖਿਆ, ਕਹਿੰਦੀ-"ਦੁੱਧ ਵੀ ਛੇੜਿਆ ਨ੍ਹੀ ਲੱਗਦਾ। ਕੀ ਚਾਹ ਵੀ ਨੀ ਪੀਤੀ?"

ਰਾਜਿੰਦਰ ਸਭ ਸੁਣਦਾ ਜਾ ਰਿਹਾ ਸੀ। ਪਰ ਉਹ ਕੋਈ ਜਵਾਬ ਨਹੀਂ ਦਿੰਦਾ ਸੀ। ਉਹ ਦਾ ਚਿਹਰਾ ਉਤਰਿਆ ਹੋਇਆ ਸੀ। ਅੱਖਾਂ ਵਿਚ ਉਦਾਸੀ ਤੇ ਪਛਤਾਵੇ ਦਾ ਰਲਿਆ ਮਿਲਿਆ ਰੰਗ ਸੀ। ਕਮਲੇਸ਼ ਕੌਰ ਨੂੰ ਲੱਗਿਆ ਜਿਵੇਂ ਰਾਜਿੰਦਰ ਨੂੰ ਕੋਈ ਕਸਰ ਹੋ ਗਈ ਹੋਵੇ। ਜਿਵੇਂ ਨਾ ਉਹ ਕੁਝ ਸੁਣਦਾ ਹੋਵੇ ਤੇ ਨਾ ਉਹ ਆਪਣੀ ਜ਼ੁਬਾਨ ਹਿਲਾ ਸਕਦਾ ਹੋਵੇ। ਬੱਚੇ ਵੀ ਸਕੂਲਾਂ ਤੋਂ ਆ ਚੁੱਕੇ ਸਨ। ਪਾਪਾ ਦਾ ਕੁਮਲਾਇਆ ਮੂੰਹ ਦੇਖ ਕੇ ਉਹ ਵੀ ਬਿੱਡਰੀਆਂ ਡਰੀਆਂ ਅੱਖਾਂ ਨਾਲ ਉਹ ਦੇ ਵੱਲ ਝਾਕ ਰਹੇ ਸਨ। ਕਮਲੇਸ਼ ਨੇ ਚਾਹ ਬਣਾਈ, ਸਭ ਨੇ ਪੀਤੀ, ਰਾਜਿੰਦਰ ਨੇ ਵੀ ਪੀ ਲਈ। ਫੇਰ ਉਹ ਗੁਆਂਢੀ ਘਰਾਂ ਵਿਚ ਗਈ। ਕੋਈ ਵੀ ਉਹ ਦੇ ਨਾਲ ਸਿੱਧੇ ਮੂੰਹ ਨਹੀਂ ਬੋਲੀ। ਲਖਵਿੰਦਰ ਨੇ ਅੱਖਾਂ ਭਰ ਲਈਆਂ ਸਨ, ਪਰ ਸ਼ਿਕਾਇਤ ਕੋਈ ਨਹੀਂ। ਕਮਲੇਸ਼ ਨੂੰ ਕੋਈ ਔਰਤ ਕੁਝ ਨਹੀਂ ਦੱਸ ਰਹੀ ਸੀ, ਕੋਈ ਕੁਝ ਨਹੀਂ ਕਹਿ ਰਹੀ ਸੀ। ਗੁਰਦਿਆਲ ਕੁਰ ਵੀ ਨਹੀਂ।

ਕਸਰ

105