ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/104

ਇਹ ਸਫ਼ਾ ਪ੍ਰਮਾਣਿਤ ਹੈ

ਬੋਲ ਕੇ ਨੂੰਹਾਂ ਦੀ ਅਕਲ ਦਾ ਮਜ਼ਾਕ ਉਡਾਉਂਦੀ। ਉਨ੍ਹਾਂ ਦੀਆਂ ਸਾਂਗਾਂ ਲਾਹੁੰਦੀ। ਬੜੀ ਕਮਜ਼ਾਤ ਤੀਵੀਂ ਸੀ। ਪਰ ਰਾਜਿੰਦਰ ਸਿੰਘ ਦੇ ਘਰ ਆ ਕੇ ਉਹ ਵੀ ਉਹ ਦੀ ਸੁੱਖ ਸਾਂਦ ਦਾ ਪਤਾ ਲੈਂਦੀ। ਗੁਰਦਿਆਲ ਕੁਰ ਦਾ ਘਰ ਵਾਲਾ ਚੰਦਾ ਸਿੰਘ ਨਹਿਰੀ ਪਟਵਾਰੀ ਸੀ। ਨੇੜੇ ਤੇੜੇ ਹੀ ਕਿਸੇ ਪਿੰਡ ਉਹ ਲੱਗਿਆ ਹੁੰਦਾ। ਸ਼ਾਮ ਨੂੰ ਘਰ ਆ ਜਾਂਦਾ। ਉਹ ਦੇ ਮੁੰਡੇ ਮ੍ਹੈਸਾਂ ਦੇ ਵਪਾਰੀ ਸਨ। ਗੁਰਦਿਆਲੋ ਆਪਣੀਆਂ ਨੂੰਹਾਂ ਨੂੰ ਕਦੇ ਕਿਸੇ ਗੁਆਂਢੀ ਦੇ ਘਰ ਨਹੀਂ ਜਾਣ ਦਿੰਦੀ ਸੀ।

ਕਮਲੇਸ਼ ਦਾ ਸੁਭਾਓ ਬਣਾ ਰਲੌਟਾ ਸੀ। ਉਹ ਸਾਰਿਆਂ ਗੁਆਂਢੀ ਘਰਾਂ ਵਿਚ ਆਉਂਦੀ ਜਾਂਦੀ। ਹਰ ਘਰ ਨਾਲ ਵਰਤ ਵਿਹਾਰ ਰੱਖਦੀ। ਚੀਜ਼ਾਂ ਲੈਂਦੀ ਦਿੰਦੀ ਰਹਿੰਦੀ। ਪਰ ਲਖਵਿੰਦਰ, ਬਿਮਲਾ, ਨਿਰਮਲ ਕੌਰ ਤੇ ਗੁਰਦਿਆਲ ਕੁਰ ਤਾਂ ਉਹ ਦੇ ਬਹੁਤਾ ਹੀ ਨੇੜੇ ਸਨ। ਜਿਵੇਂ ਇੱਕੋ ਘਰ ਦੀਆਂ ਹੋਣ।ਗੁਰਦਿਆਲ ਕੁਰ ਦੀਆਂ ਨੂੰਹਾਂ ਵੀ ਚੰਗੀਆਂ ਸਨ, ਮਿਲਵਰਤਣ ਰੱਖਣ ਵਾਲੀਆਂ। ਕਮਲੇਸ਼ ਜਦੋਂ ਪਟਵਾਰੀ ਦੇ ਘਰ ਜਾਂਦੀ, ਨੂੰਹਾਂ ਨਾਲ ਗੱਲਾਂ ਕਰਦੀ। ਗੁਰਦਿਆਲ ਕੁਰ ਨੂੰ ਉਹ ਦੇ 'ਤੇ ਸ਼ੱਕ ਨਹੀਂ ਸੀ, ਨਹੀਂ ਤਾਂ ਉਹ ਹੋਰ ਕਿਸੇ ਤੀਵੀਂ ਨੂੰ ਆਪਣੀਆਂ ਨੂੰਹਾਂ ਕੋਲ ਬੈਠਣ ਨਹੀਂ ਦਿੰਦੀ ਸੀ। ਆਖਦੀ- "ਬਿਗਾਨੀ ਤਾਂ ਬੱਤੀਆਂ ਪੜ੍ਹਾਊਗੀ।"

ਰਾਜਿੰਦਰ ਸਿੰਘ ਜਦੋਂ ਕਿ ਹੁਣ ਮੰਜੇ 'ਤੇ ਪਿਆ ਹੋਇਆ ਸੀ, ਉੱਠਣ ਬੈਠਣ ਜੋਗਾ ਨਹੀਂ ਸੀ, ਕਮਲੇਸ਼ ਤੇ ਦੋਵੇਂ ਬੱਚੇ ਘਰੋਂ ਤੁਰ ਜਾਂਦੇ ਤਾਂ ਉਹਦਾ ਸੰਸਾਰ ਖਾਲੀ ਹੋ ਜਾਂਦਾ। ਖੁੱਲ੍ਹੇ ਬਾਰ ਕਮਰੇ ਰੋਹੀ ਬੀਆਬਾਨ ਦੀ ਸਰਾਂ ਜਾਪਦੇ। ਉਹ ਨੂੰ ਆਪਣੇ ਕਮਰੇ ਦੀਆ ਕੰਧਾਂ ਤੇ ਛੱਤ ਬਹੁਤ ਨੇੜੇ ਨੇੜੇ ਲੱਗਦੀਆਂ, ਜਿਵੇਂ ਉਹ ਦੇ 'ਤੇ ਡਿੱਗਣ ਨੂੰ ਆ ਰਹੀਆਂ ਹੋਣ।

ਲਖਵਿੰਦਰ ਉਹ ਦਾ ਐਨਾ ਕਰਕੇ ਜਾਂਦੀ, ਉਹ ਨੂੰ ਬੜੀ ਚੰਗੀ ਲੱਗਦੀ। ਉਹ ਦੁਪਹਿਰ ਦੀ ਰੋਟੀ ਖਾ ਰਿਹਾ ਹੁੰਦਾ, ਓਨਾ ਚਿਰ ਉਹ ਉਹ ਦੇ ਕੋਲ ਬੈਠੀ ਰਹਿੰਦੀ। ਰੋਟੀ ਤੋਂ ਬਾਅਦ ਚਾਹ ਦਾ ਕੱਪ ਬਣਾ ਦਿੰਦੀ। ਉਹ ਦਾ ਬਿਸਤਰਾ ਠੀਕ ਕਰਦੀ, ਚਾਦਰ ਸਰ੍ਹਾਣਾ ਬਦਲ ਦਿੰਦੀ। ਉਹ ਦੇ ਉੱਤੇ ਰਜ਼ਾਈ ਠੀਕ ਕਰਕੇ ਦੇ ਦਿੰਦੀ। ਉਹਦੇ ਸਿਰ ਦਾ ਜੂੜਾ ਖੁੱਲ੍ਹ ਗਿਆ ਹੁੰਦਾ ਤਾਂ ਕੰਘਾ ਲੈ ਕੇ ਪਹਿਲਾਂ ਵਾਲ ਵਾਹੁੰਦੀ, ਫੇਰ ਗੁੱਤ ਜਿਹੀ ਕਰਕੇ ਜੂੜਾ ਬੰਨ੍ਹ ਦਿੰਦੀ। ਐਨਾ ਤਾਂ ਕਮਲੇਸ਼ ਉਹਦੀ ਆਪਣੀ ਔਰਤ ਵੀ ਨਹੀਂ ਕਰਦੀ ਸੀ।

ਲਖਵਿੰਦਰ ਨਾਲ ਕਮਲੇਸ਼ ਦਾ ਸਾਰੀਆਂ ਨਾਲੋਂ ਵੱਧ ਸਹੇਲਪੁਣਾ ਸੀ। ਐਨਾ ਤਾਂ ਸਕੀਆਂ ਭੈਣਾਂ ਵੀ ਇੱਕ ਦੂਜੀ ਦਾ ਨਹੀਂ ਕਰਦੀਆਂ ਹੁੰਦੀਆਂ।

ਇੱਕ ਦਿਨ...ਬੜਾ ਮਨਹੂਸ ਦਿਨ ਸੀ ਉਹ। ਲਖਵਿੰਦਰ ਦੁਪਹਿਰ ਦੀ ਰੋਟੀ ਖਵਾਉਣ ਆਈ। ਉੱਥੇ ਹੀ ਕਮਰੇ ਵਿਚ ਰਾਜਿੰਦਰ ਦੇ ਸਾਹਮਣੇ ਕੁਰਸੀ 'ਤੇ ਬੈਠੀ ਸੀ। ਉਹ ਨੇ ਪਾਣੀ ਦਾ ਗਲਾਸ ਚੁੱਕ ਕੇ ਫੜਾਇਆ ਤਾਂ ਰਾਜਿੰਦਰ ਤੋਂ ਉਹਦੀਆਂ ਉਂਗਲਾਂ ਘੁੱਟੀਆਂ ਗਈਆਂ, ਜਿਵੇਂ ਜਾਣ ਬੁੱਝ ਕੇ ਉਹ ਨੇ ਗਲਾਸ ਫੜਨ ਦੀ ਥਾਂ ਉਹ ਦੀਆਂ ਉਂਗਲਾਂ ਨੂੰ ਫੜਿਆ ਹੋਵੇ।

ਲਖਵਿੰਦਰ ਨੇ ਝੱਟ ਮੂੰਹ ਪਰ੍ਹਾਂ ਭੰਵਾ ਲਿਆ, ਬੋਲੀ ਨਹੀਂ, ਕਮਰੇ ਵਿਚੋਂ ਬਾਹਰ ਹੋ ਗਈ ਤੇ ਉਨ੍ਹਾਂ ਦੇ ਘਰੋਂ ਉਸੇ ਵੇਲੇ ਚਲੀ ਗਈ।

104

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ