ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/99

ਇਹ ਸਫ਼ਾ ਪ੍ਰਮਾਣਿਤ ਹੈ

ਬੱਸ ਨੂੰ ਖੜ੍ਹਾਵੇਗਾ ਨਹੀਂ, ਚਾਹੇ ਕੋਈ ਜ਼ੋਰ ਲਾ ਲਵੇ। ਹੁਣ ਉਹਦੇ ਸਾਹਮਣੇ ਸਵਾਲ ਇਹ ਸੀ ਕਿ ਉਹ ਉਤਰੇ ਕਿਹੜੇ ਅੱਡੇ ਉੱਤੇ? ਕਿਸ ਦੇ ਘਰ ਜਾਵੇਗਾ? ਖਾਨਪੁਰ ਤੋਂ ਪਹਿਲਾਂ ਤਿੰਨ ਅੱਡੇ ਹੋਰ ਆਉਣੇ ਸਨ। ਤਿੰਨਾਂ ਅੱਡਿਆਂ ਨੂੰ ਲੱਗਦੇ ਪਿੰਡਾਂ ਵਿੱਚ ਉਹਦੀ ਕੋਈ ਰਿਸ਼ਤੇਦਾਰੀ ਨਹੀਂ ਸੀ ਤੇ ਨਾ ਹੀ ਕੋਈ ਦੋਸਤ-ਮਿੱਤਰ ਜਿਸ ਕੋਲ ਉਹ ਬੇਫ਼ਿਕਰ ਹੋ ਕੇ ਰਾਤ ਕੱਟ ਸਕੇ। ਤੇ ਫੇਰ ਉਹਨੇ ਇੱਕ ਦਮ ਫ਼ੈਸਲਾ ਕਰ ਲਿਆ ਕਿ ਉਹ ਅਗਲੇ ਅੱਡੇ ਉੱਤੇ ਹੀ ਉਤਰ ਜਾਵੇਗਾ। ਉਥੋਂ ਧੂਰਕੋਟ ਨੇੜੇ ਹੀ ਹੈ। ਵੱਧ ਤੋਂ ਵੱਧ ਅੱਧੇ ਘੰਟੇ ਦਾ ਰਾਹ ਹੋਵੇਗਾ। ਧੂਰਕੋਟ ਉਹ ਕਦੇ ਵੀ ਨਹੀਂ ਗਿਆ ਸੀ। ਪਰ ਉਥੇ ਉਹਦੀ ਠਹਿਰ ਪੱਕੀ ਸੀ। ਉਥੇ ਤਾਂ ਉਹਦੀ ਪੂਰੀ ਸੇਵਾ ਹੋਵੇਗੀ। ਉਥੇ ਜਾ ਕੇ ਉਹਨੂੰ ਫ਼ਿਕਰ ਵੀ ਕੋਈ ਨਹੀਂ ਰਹੇਗਾ। ਉਹਨੇ ਡਰਾਈਵਰ ਨੂੰ ਕਿਹਾ ਕਿ ਉਹ ਅਗਲੇ ਅੱਡੇ ਉਤੇ ਹੀ ਉਹਨੂੰ ਉਤਾਰ ਦੇਵੇ।

ਬੱਸ ਚੱਲੀ। ਅਗਲੇ ਅੱਡੇ ਉੱਤੇ ਅੱਧੀਆਂ ਕੁ ਸਵਾਰੀਆਂ ਰਹਿ ਗਈਆਂ। ਅੱਧੀਆਂ ਸੀਟਾਂ ਖਾਲੀ ਪਈਆਂ ਸਨ। ਉਹ ਆਪਣੀ ਸੀਟ ਤੋਂ ਉੱਠ ਕੇ ਮੂਹਰਲੀ ਬਾਰੀ ਦੇ ਨਾਲ ਲੱਗਦੀ ਸੀਟ ਉਤੇ ਜਾ ਬੈਠਾ। ਬੱਸ ਦਾ ਇੰਜਣ ਚੱਲ ਰਿਹਾ ਸੀ। ਸਾਰੀਆਂ ਸਵਾਰੀਆਂ ਜਦੋਂ ਉੱਤਰ ਗਈਆਂ, ਡਰਾਈਵਰ ਨੇ ਬੱਸ ਹੌਲੀ ਦੇ ਕੇ ਤੋਰ ਲਈ। ਤੇ ਫੇਰ ਡਰਾਈਵਰ ਅੱਖਾਂ ਦੀ ਗੰਭੀਰ ਤੱਕਣੀ ਵਿੱਚ ਗਰਦਨ ਭੰਵਾ ਕੇ ਸੁਰਜੀਤ ਵੱਲ ਝਾਕਿਆ। ਉਹ ਅੱਖ ਦੇ ਫੋਰ ਵਿੱਚ ਥੱਲੇ ਉੱਤਰ ਗਿਆ। ਡਰਾਈਵਰ ਨੇ ਐਕਸੀਲੇਟਰ ਪੂਰਾ ਦੱਬ ਦਿੱਤਾ। ਬੱਸ ਵਿੱਚ ਮਚਲੇ ਜਿਹੇ ਬਣ ਕੇ ਬੈਠੇ ਦੋਵੇਂ ਬੰਦੇ ਕਰੰਟ ਲੱਗਣ ਵਾਂਗ ਖੜ੍ਹੇ ਹੋ ਗਏ ਤੇ ਸੰਘ ਪਾਟਵੀਂ ਆਵਾਜ਼ ਵਿੱਚ ਰੌਲਾ ਪਾਉਣ ਲੱਗੇ। ਡਰਾਈਵਰ ਬੋਲਾ ਬਣਿਆ ਹੋਇਆ ਸੀ। ਉਹ ਉੱਠੇ ਤੇ ਡਰਾਈਵਰ ਦੇ ਕੋਲ ਆ ਖੜ੍ਹੇ। ਉਹਦਾ ਮੋਢਾ ਝੰਜੋੜਿਆ।

ਡਰਾਈਵਰ ਕੜਕਿਆ- 'ਕੀ ਗੱਲ ਐ?'

'ਅਸੀਂ ਉੱਤਰਨਾ ਸੀ ਯਾਰ। ਤੂੰ ਤਾਂ ਮੀਲ ਭਰ ਗਾਹਾਂ ਦੱਬ ਲਿਆਇਆ।' ਇੱਕ ਬੋਲਿਆ।

'ਥੋਡੇ ਕੋਲ ਟਿਕਟ ਕਿੱਥੋਂ ਦਾ ਐ? ਡਰਾਈਵਰ ਨੇ ਪੁੱਛਿਆ।

'ਟਿਕਟ ਤਾਂ ਖਾਨਪੁਰ ਦਾ ਐ। ਪਰ ਅਸੀਂ ਐਥੇ ਈ ਉਤਰਨਾ ਸੀ।'

'ਫੇਰ ਸੁਪਨਾ ਔਂਦੈ ਸਾਨੂੰ ਕੋਈ। ਪਹਿਲਾਂ ਕਹਿਣਾ ਸੀ ਕੰਡਕਟਰ ਨੂੰ।'

ਗੱਲਾਂ ਵਿੱਚ ਹੀ ਡਰਾਈਵਰ ਦੋ ਮੀਲ ਨਿਕਲ ਆਇਆ। ਦੋਵੇਂ ਬੰਦੇ ਕਚੀਚੀਆਂ ਵੱਟਦੇ ਤੇ ਦੰਦ ਪੀਂਹਦੇ ਮੁੜ ਆਪਣੀਆਂ ਸੀਟਾਂ ਉੱਤੇ ਆ ਬੈਠੇ।

ਪਿੰਡ ਵੜਨ ਤੋਂ ਪਹਿਲਾਂ ਹੀ ਬਾਹਰਵਾਰ ਘੁਲਾੜੇ ਉੱਤੇ ਤੁਰਦੇ-ਫਿਰਦੇ ਬੰਦਿਆਂ 'ਚੋਂ ਇੱਕ ਤੋਂ ਉਹਨੇ ਹੌਲੀ ਦੇ ਕੇ ਪੁੱਛਿਆ। ਉਹਨੇ ਦੱਸਿਆ ਕਿ ਉਹਨਾਂ ਦਾ ਅੰਦਰਲਾ ਘਰ ਤਾਂ ਖਾਸੀ ਦੂਰ ਜਾ ਕੇ ਪਿੰਡ ਵਿੱਚ ਹੈ, ਬਾਹਰਲਾ ਘਰ ਔਹ ਸਾਹਮਣਾ ਹੈ- ਜਿੱਥੇ ਕਿੱਕਰ ਖੜ੍ਹੀ ਹੈ। ਹਨੇਰਾ ਹੋ ਚੁੱਕਿਆ ਸੀ। ਪਰ ਚੰਦ ਦੇ ਚਾਨਣ ਵਿੱਚ ਦਰਖ਼ਤਾਂ ਦੇ ਆਕਾਰ ਜਿਹੇ ਦਿਸਦੇ। ਉਹ ਛੇਤੀ ਹੀ ਉਨ੍ਹਾਂ ਦੇ ਬਾਹਰਲੇ ਘਰ ਅੱਗੇ ਜਾ ਖੜ੍ਹਾ। ਲੱਕੜ ਦਾ ਫਾਟਕ ਖੁੱਲ੍ਹਾ ਸੀ। ਇੱਕ ਕੋਈ ਪਸ਼ੂਆਂ ਨੂੰ ਕੱਖ-ਕੰਡਾ ਪਾ ਕੇ ਹਟਿਆ ਸੀ ਤੇ ਕੁੱਤਾ-ਪੰਪ ਉੱਤੇ ਆਪਣੇ ਹੱਥ ਧੋ ਰਿਹਾ ਸੀ। ਸੁਰਜੀਤ ਨੇ ਖੰਘੂਰ ਮਾਰੀ ਤਾਂ ਉਹ ਉਹਦੇ ਵੱਲ

ਮੁੱਲ

99