ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/90

ਇਹ ਸਫ਼ਾ ਪ੍ਰਮਾਣਿਤ ਹੈ

ਘਰ ਵਿੱਚ ਵਿਆਹ ਤਾਂ ਸੀ, ਪਰ ਆਸ਼ਾ ਲਈ ਇਹ ਕੁਝ ਵੀ ਨਹੀਂ ਸੀ। ਬੀ. ਏ. ਵਿਚੋਂ ਪਾਸ ਹੋਣ ਦੀ ਵੀ ਉਹਨੂੰ ਕੋਈ ਖ਼ੁਸ਼ੀ ਨਹੀਂ ਸੀ। ਲੱਡੂਆਂ ਦਾ ਲਿਫ਼ਾਫ਼ਾ ਫੜਕੇ ਮਾਂ ਨੇ ਪਰ੍ਹੇ ਮੇਜ਼ ਉੱਤੇ ਧਰ ਦਿੱਤਾ ਤੇ ਸ਼ੇਖਰ ਨੂੰ ਪਾਸ ਹੋਣ ਦੀਆਂ ਮੁਬਾਰਕਾਂ ਦੇਣ ਲੱਗੀ ਤੇ ਫੇਰ ਮੁੰਡੇ ਬਾਰੇ ਦੱਸ ਕੇ ਉਹ ਉਹਦੀਆਂ ਗੱਲਾਂ ਕਰਨ ਲੱਗੀ। ਸ਼ੇਖਰ ਹੁੰਗਾਰਾ ਭਰਦਾ, ਪਰ ਚੁੱਪ-ਚਾਪ ਰਹਿੰਦਾ। ਮਾਂ ਬਹੁਤ ਖੁਸ਼ ਸੀ। ਸ਼ੇਖਰ ਨੂੰ ਕਹਿੰਦੀ 'ਜਿੰਨੇ ਦਿਨ ਵਿਆਹ ਐ, ਤੂੰ ਐਥੇ ਈ ਰਹਿ। ਸੌ ਕੰਮ ਨੇ ਤੇਰੇ ਕਰਨ ਵਾਲੇ। ਇੱਕ ਦਿਨ ਪਹਿਲਾਂ ਮੁੰਡੇ ਨੂੰ ਸ਼ਗਨ ਪੌਣ ਜਾਣੈ, ਨਾਲ ਜਾਈਂ।'

ਮਾਂ ਏਧਰ-ਓਧਰ ਕਿਧਰੇ ਹੋਈ ਤਾਂ ਆਸ਼ਾ ਸ਼ੇਖਰ ਨੂੰ ਅੰਦਰ ਕਮਰੇ ਵਿੱਚ ਲੈ ਕੇ ਬੈਠ ਗਈ। ਬਹੁਤ ਗੱਲਾਂ ਕੀਤੀਆਂ ਪਰ ਸਥਿਤੀ ਵਿੱਚ ਕੋਈ ਫ਼ਰਕ ਨਹੀਂ ਸੀ।

ਉਹ ਰਾਤ ਸ਼ੇਖਰ ਉਨ੍ਹਾਂ ਦੇ ਘਰ ਹੀ ਠਹਿਰ ਗਿਆ ਤੇ ਫੇਰ ਰਾਤ ਆਪਣੇ ਪਿੰਡ ਰਹਿ ਕੇ ਓਥੇ ਹੀ ਆ ਗਿਆ।

ਮਾਂ ਤੋਂ ਦੂਰ-ਦੂਰ ਉਹ ਪਤਾ ਨਹੀਂ ਕੀ ਮਸ਼ਵਰਾ ਜਿਹਾ ਕਰਦੇ ਰਹਿੰਦੇ। ਪਤਾ ਨਹੀਂ ਕੀ ਲੜਾਈ ਝਗੜਾ ਜਿਹਾ ਛੇੜੀ ਰੱਖਦੇ। ਕਦੇ-ਕਦੇ ਦੋਵਾਂ ਦਾ ਮੂੰਹ ਹੀ ਰੋਣ ਵਰਗਾ ਹੁੰਦਾ। ਕਦੇ-ਕਦੇ ਦੋਵੇਂ ਹੀ ਉੱਚੀ-ਉੱਚੀ ਹੱਸ ਕੇ ਗੱਲਾਂ ਕਰਦੇ। ਊਟ-ਪਟਾਂਗ ਜਿਹੇ ਸਵਾਲ ਜਵਾਬ। ਮਾਂ ਨੂੰ ਉਨ੍ਹਾਂ ਦਾ ਕੋਈ ਪਤਾ ਨਾ ਲੱਗਦਾ। ਉਹ ਝਿੜਕ-ਝਿੜਕ ਪੈਂਦੀ, 'ਕਿਸੇ ਕੰਮ ਨੂੰ ਵੀ ਹੱਥ ਪਾ ਲਿਆ ਕਰੋ। ਸਾਰਾ ਦਿਨ ਹਿੜ-ਹਿੜ ਦੰਦ ਕੱਢਦੇ ਰਹਿੰਦੇ ਓ।'

ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ੇਖਰ ਘਰੋਂ ਚਲਿਆ ਗਿਆ। ਮਾਂ-ਧੀ ਨੂੰ ਦੱਸੇ ਬਗੈਰ ਹੀ।

ਦੁਰ ਸ਼ਹਿਰ ਆਸ਼ਾ ਸਹੁਰੇ ਘਰ ਗਈ। ਦੂਜੇ ਦਿਨ ਸ਼ਗਨ-ਵਿਹਾਰ ਕੀਤੇ ਗਏ। ਹੇਮ ਚੰਦ ਸ਼ਾਮ ਨੂੰ ਹੀ ਟੈਕਸੀ ਲੈ ਕੇ ਉਨ੍ਹਾਂ ਦੇ ਸ਼ਹਿਰ ਆਇਆ। ਰਾਤ ਸਮੇਂ ਰਿਸ਼ਤੇਦਾਰਾਂ ਵਿੱਚ ਬੈਠ ਕੇ ਹੱਸ-ਹੱਸ ਗੱਲਾਂ ਕੀਤੀਆਂ। ਸਾਲ਼ੀਆਂ ਨੇ ਮਹਿੰਦੀ ਲਾਈ। ਅਗਲੇ ਦਿਨ ਹੀ ਟੈਕਸੀ ਵਿੱਚ ਬਿਠਾ ਕੇ ਉਹ ਆਸ਼ਾ ਨੂੰ ਲੈ ਗਿਆ।

ਪਹਿਲੀ ਰਾਤ ਹੀ ਹਫ਼ੜਾ-ਦਫ਼ੜੀ ਪੈ ਗਈ। ਹੇਮ ਚੰਦ ਵੱਡੀ ਭਰਜਾਈ ਕੋਲੋਂ ਪੱਲੇ ਵਿੱਚ ਖੋਪੇ ਦਾ ਗੁੱਟ, ਲੱਡੂ-ਪਤਾਸੇ ਤੇ ਗਿਆਰਾਂ ਰੁਪਏ ਪਵਾ ਕੇ ਸੁਹਾਗ-ਕਮਰੇ ਵਿੱਚ ਗਿਆ। ਆਸ਼ਾ ਦੀ ਨਿਗਾਹ ਓਪਰੀ-ਓਪਰੀ ਲੱਗੀ। ਉਹਨੇ ਉਹਦੇ ਡੌਲ਼ੇ ਨੂੰ ਛੋਹਿਆ ਤਾਂ ਉਹ ਚੀਕ ਮਾਰ ਕੇ ਮੰਜੇ ਤੋਂ ਥੱਲੇ ਡਿੱਗ ਪਈ। ਡਿੱਗੀ ਪਈ ਕੰਬੀ ਜਾਵੇ ਤੇ ਰੋਈ ਜਾਵੇ। ਹੇਮ ਚੰਦ ਨੂੰ ਲੱਗਾ ਜਿਵੇਂ ਉਹ ਕੋਈ ਚੁੜੇਲ ਹੋਵੇ। ਉਹਨੀਂ ਪੈਰੀਂ ਉਹ ਕਮਰੇ ਵਿਚੋਂ ਬਾਹਰ ਆ ਗਿਆ। ਸਾਰਾ ਨਿੱਕ-ਸੁੱਕ ਮੋੜ ਕੇ ਵੱਡੀ ਭਰਜਾਈ ਨੂੰ ਫੜਾ ਦਿੱਤਾ ਤੇ ਉਹਨੂੰ ਓਸ ਵੇਲੇ ਸੁਹਾਗ-ਕਮਰੇ ਵਿੱਚ ਜਾਣ ਲਈ ਆਖਿਆ। ਵੱਡੀ ਭਰਜਾਈ ਭੱਜੀ-ਭੱਜੀ ਗਈ। ਉਹ ਫ਼ਰਸ਼ ਉੱਤੇ ਬੇਹੋਸ਼ ਪਈ ਸੀ। ਭਰਜਾਈ ਨੇ ਕਿਸੇ ਕੁੜੀ ਦਾ ਨਾਉਂ ਲੈ ਕੇ ਉੱਚੀ ਹਾਕ ਮਾਰੀ। ਬਿੰਦ ਦੀ ਬਿੰਦ ਸਾਰਾ ਟੱਬਰ ਕਮਰੇ ਵਿੱਚ ਇਕੱਠਾ ਹੋ ਗਿਆ। ਮੂੰਹ ਵਿੱਚ ਪਾਣੀ ਦੇ ਚਮਚੇ ਪਾ-ਪਾ ਉਹਦੀ ਦੰਦਲ ਭੰਨਣ ਲੱਗੇ। ਉਹਨੂੰ ਹੋਸ਼ ਆਈ ਤੇ ਉਹ ਡਰੀ-ਡਰੀ ਜਿਹੀ ਕੁੜੀਆਂ-ਬੁੜ੍ਹੀਆਂ ਵੱਲ ਝਾਕਣ ਲੱਗੀ। ਉਹਨੂੰ ਮੰਜੇ

90

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ