ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/86

ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਚਾਹੁੰਦੀ ਸੀ ਕਿ ਆਸ਼ਾ ਦਸ ਜਮਾਤਾਂ ਪਾਸ ਕਰ ਲਵੇ ਤਾਂ ਉਹ ਕੋਈ ਚੰਗਾ ਮੁੰਡਾ ਲੱਭ ਕੇ ਉਹਨੂੰ ਘਰੋਂ ਤੋਰ ਦੇਵੇ। ਘਰ ਦਾ ਖਰਚ ਤਾਂ ਉਹ ਪੈਨਸ਼ਨ ਨਾਲ ਹੀ ਤੋਰ ਰਹੀ ਸੀ। ਮਸ਼ੀਨ ਦੀ ਕਮਾਈ ਬੈਂਕ ਵਿੱਚ ਜਮ੍ਹਾ ਕਰਵਾਉਂਦੀ ਰਹਿੰਦੀ ਤੇ ਜਾਂ ਫਿਰ ਆਸ਼ਾ ਲਈ ਕੋਈ ਚੀਜ਼ ਖ਼ਰੀਦ ਲੈਂਦੀ, ਜੋ ਉਹਨੂੰ ਦਾਜ ਵਿੱਚ ਦਿੱਤੀ ਜਾ ਸਕੇ। |

ਦਸਵੀਂ ਪਾਸ ਕਰਨ ਤੱਕ ਉਹਦੀ ਮਾਂ ਨੇ ਉਹਦੇ ਵਿਆਹ ਲਈ ਖਾਸਾ ਕੁਝ ਬਣਾ ਲਿਆ ਸੀ। ਉਹ ਤਾਂ ਕਹਿੰਦੀ ਸੀ, 'ਚਾਹੇ ਅੱਜ ਉਹਨੂੰ ਕੋਈ ਮੁੰਡਾ ਲੱਭ ਪਵੇ ਤਾਂ ਉਹ ਆਸ਼ਾ ਨੂੰ ਘਰੋਂ ਤੁਰਦੀ ਕਰੇ।

ਉਹਨੇ ਆਪਣੇ ਭਰਾਵਾਂ ਨੂੰ ਕਈ ਵਾਰ ਆਖਿਆ ਕਿ ਉਹ ਆਸ਼ਾ ਲਈ ਕੋਈ ਮੁੰਡਾ ਲੱਭਣ। ਭਰਾ ਬਹੁਤ ਕੋਸ਼ਿਸ਼ ਵਿੱਚ ਸਨ, ਪਰ ਕਿਧਰੇ ਵੀ ਕੋਈ ਗੱਲ ਨਹੀਂ ਤੁਰ ਸਕੀ। ਰੇਲਵੇ ਸਟੇਸ਼ਨ ਦੇ ਪੁਰਾਣੇ ਮੁਲਾਜ਼ਮਾਂ ਕੋਲ ਜਾ ਕੇ ਗੱਲ ਕਰਦੀ। ਉਹਦੇ ਪਤੀ ਦੇ ਕੁਲੀਗ ਉਹਦੇ ਨਾਲ ਹਮਦਰਦੀ ਦੀਆਂ ਗੱਲਾਂ ਤਾਂ ਬਹੁਤ ਕਰਦੇ, ਮੁੰਡਿਆਂ ਦੇ ਨਾਉਂ ਗਿਣਾ ਦਿੰਦੇ, ਪਰ ਕਰਦਾ-ਕਰਾਉਂਦਾ ਕੋਈ ਕਿਧਰੇ ਕੁਝ ਵੀ ਨਹੀਂ ਸੀ।

ਆਸ਼ਾ ਦੀ ਮਾਂ ਦਾ ਜੀਅ ਕਰਦਾ ਕਿ ਉਹਨੂੰ ਕੋਈ ਅਜਿਹਾ ਮੁੰਡਾ ਮਿਲੇ, ਜੋ ਇਕੱਲਾ ਹੋਵੇ ਤੇ ਜਿਸ ਦੇ ਮਾਂ-ਬਾਪ ਹੋਣ ਹੀ ਨਾ। ਉਹ ਉਹਨੂੰ ਆਪਣਾ ਘਰ ਜਵਾਈ ਬਣਾ ਕੇ ਰੱਖ ਲਵੇ। ਉਹਦੇ ਘਰ ਨੂੰ ਸਾਰੇ ਰੰਗ-ਭਾਗ ਲੱਗ ਜਾਣ। ਉਹਨੂੰ ਉਹਦਾ ਰੰਡੇਪਾ ਭੁੱਲ ਜਾਵੇ।

ਮੁੰਡਾ ਲੱਭਦਾ ਨਾ ਦੇਖ ਕੇ ਆਸ਼ਾ ਨੇ ਖ਼ੁਦ ਹੀ ਮਾਂ ਨੂੰ ਸਲਾਹ ਦਿੱਤੀ ਕਿ ਉਹ ਕਾਲਜ ਵਿੱਚ ਕਿਉਂ ਨਾ ਦਾਖ਼ਲ ਹੋ ਜਾਵੇ। ਵਿਹਲੀ ਘਰ ਬੈਠਕੇ ਕੀ ਕਰੇਗੀ?

ਮਾਂ ਕਹਿੰਦੀ, 'ਤੇਰੀਆਂ ਕਾਪੀਆਂ-ਕਿਤਾਬਾਂ ਤੇ ਫ਼ੀਸਾਂ ਦਾ ਖਰਚ ਕੌਣ ਭਰੂ ਧੀਏ?"

ਉਹ ਆਖਣ ਲੱਗੀ, 'ਅੱਜ ਤੋਂ ਮੰਮੀ ਮੈਂ ਥੋਡੇ ਨਾਲ ਮਸ਼ੀਨ 'ਤੇ ਬੈਠਿਆ ਕਰੂੰ। ਐਨੀਆਂ ਮੇਰੀਆਂ ਸਹੇਲੀਆਂ ਨੇ। ਸਾਰੀਆਂ ਦੇ ਘਰੀ ਜਾ ਕੇ ਕੱਪੜੇ ਲਿਆਇਆ ਕਰੂੰ। ਮੇਰੀ ਪੜ੍ਹਾਈ ਤੇ ਕਿੰਨਾ ਕੁ ਖਰਚ ਹੋਣੈ ਆਪਣਾ।'

ਉਸ ਸ਼ਹਿਰ ਵਿੱਚ ਇੱਕੋ-ਇੱਕ ਸਰਕਾਰੀ ਕਾਲਜ ਸੀ, ਜਿਸ ਵਿੱਚ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ। ਆਸ਼ਾ ਬੀ. ਏ. ਦੇ ਦੂਜੇ ਭਾਗ ਵਿੱਚ ਸੀ ਜਦੋਂ ਉਨ੍ਹਾਂ ਦੇ ਘਰ ਉਹਦੇ ਨਾਲ ਇੱਕ ਮੁੰਡਾ ਆਉਣ ਲੱਗ ਪਿਆ। ਬੜਾ ਸਾਊ, ਬੜਾ ਹੀ ਪਿਆਰਾ। ਆਸ਼ਾ ਦੀ ਮਾਂ ਉਹਨੂੰ ਬਹੁਤ ਮੋਹ ਕਰਦੀ। ਉਹਨੂੰ ਲੱਗਦਾ ਜਿਵੇਂ ਉਹ ਆਪਣਾ ਹੀ ਕੋਈ ਪੁੱਤ ਹੋਵੇ। ਉਹ ਸ਼ਰਮਾਕਲ ਬੜਾ ਸੀ। ਆਂਢ-ਗੁਆਂਢ ਦੇ ਲੋਕ ਸਮਝਦੇ ਜਿਵੇਂ ਉਨ੍ਹਾਂ ਦੇ ਘਰ ਆਸ਼ਾ ਦੇ ਨਾਲ ਆਉਂਦਾ ਮੁੰਡਾ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹੋਵੇ। ਕਾਲਜ ਦੇ ਮੁੰਡੇ-ਕੁੜੀਆਂ ਵੀ ਇਹੀ ਸੋਚਦੇ। ਕਾਲਜ ਵਿੱਚ ਤੇ ਘਰ ਵਿੱਚ ਵੀ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ।

ਸ਼ੇਖਰ ਨੇੜੇ ਦੇ ਪਿੰਡ ਤੋਂ ਸਾਈਕਲ ਉੱਤੇ ਕਾਲਜ ਆਉਂਦਾ ਹੁੰਦਾ। ਰੋਟੀ ਉਹ ਆਪਣੀ ਨਾਲ ਲੈ ਕੇ ਆਉਂਦਾ। ਕੁਝ ਖਾ ਆਉਂਦਾ। ਕੁਝ ਨਾਲ ਲੈ ਆਉਂਦਾ। ਨਿੱਕਾ ਜਿਹਾ ਡੱਬਾ, ਹੱਥ ਵਿੱਚ ਫ਼ੜੀ ਇੱਕ ਕਾਪੀ ਤੇ ਦੋ ਕਿਤਾਬਾਂ ਨਾਲ ਉਹਦਾ ਡੱਬਾ ਵੀ

86

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ