ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/80

ਇਹ ਸਫ਼ਾ ਪ੍ਰਮਾਣਿਤ ਹੈ

ਉਹਦੀ ਬੱਚੀ ਲਈ ਦਵਾਈ-ਦਾਰੂ ਵੀ ਮਾਰਕੀਟ ਵਿਚੋਂ ਲਿਆ ਦਿੰਦੀ। ਆਖਦੀ-"ਉਹ ਜਾਣੇ, ਇਹਦਾ ਬੰਦਾ ਘਰ ਨਹੀਂ।"

ਔਰਤ ਦਿਨ-ਦਿਨੋਂ ਉਦਾਸੀ ਦਾ ਰੰਗ ਤਿਆਗ਼ਦੀ ਜਾ ਰਹੀ ਸੀ। ਉਹਦੀਆਂ ਅੱਖਾਂ ਵਿੱਚ ਕਿਸੇ ਦਿੜ੍ਹਤਾ ਦੀ ਚਮਕ ਉੱਤਰਨ ਲੱਗੀ। ਉਹਦਾ ਵਜੂਦ ਜਿਵੇਂ ਉੱਡੂੰ-ਉੱਡੂੰ ਕਰਨ ਲੱਗਿਆ ਹੋਵੇ। ਜਿਹੜੇ ਵੀ ਉਹਦੇ ਕੋਲ ਸੀਮਤ ਜਿਹੇ ਕੱਪੜੇ ਸਨ, ਉਹਨਾਂ ਨੂੰ ਧੋ ਸੰਵਾਰ ਕੇ ਪਹਿਨਦੀ। ਪਹਿਨ-ਪੱਚਰ ਕੇ ਰਹਿੰਦੀ। ਦਿਨ ਵਿੱਚ ਕਈ-ਕਈ ਵਾਰ ਆਪਣੀ ਕੁੜੀ ਦਾ ਸ਼ਿੰਗਾਰ ਕਰਦੀ। ਬੁੱਲ੍ਹਾਂ ਵਿੱਚ ਕੋਈ ਗੀਤ ਗੁਣਗੁਣਾਉਂਦੀ ਰਹਿੰਦੀ। ਉਹ ਕੋਈ ਕੰਮ-ਧੰਦਾ ਕਰ ਰਹੀ ਹੁੰਦੀ ਜਾਂ ਲੈਟਰੀਨ-ਬਾਥਰੂਮ ਜਾਂਦੀ, ਸੁਰਜੀਤ ਕੌਰ ਰੋਂਦੀ ਕੁੜੀ ਨੂੰ ਚੁੱਕ ਲੈਂਦੀ ਤੇ ਉਹਨੂੰ ਮਿੱਠੀਆਂ-ਮਿੱਠੀਆਂ ਲੋਰੀਆਂ ਦੇਣ ਲੱਗਦੀ। ਕੁੜੀ ਦੇ ਪਿਓ ਨੂੰ ਕੋਸਦੀ।

ਇੱਕ ਦਿਨ ਗਜ਼ਬ ਹੋ ਗਿਆ। ਮੰਜੇ ਉੱਤੇ ਸੁੱਤੀ ਪਈ ਕੁੜੀ ਨੂੰ ਛੱਡ ਕੇ ਉਹ ਸਵੇਰੇ ਦਿਨ ਚੜ੍ਹਨ ਤੋਂ ਬਹੁਤ ਪਹਿਲਾਂ ਪਤਾ ਨਹੀਂ ਕਿੱਧਰ ਚਲੀ ਗਈ। ਕੁੜੀ ਜਾਗੀ ਤੇ ਢੇਰ ਰੋ-ਰੋ ਕਮਲੀ ਹੁੰਦੀ ਜਾ ਰਹੀ ਸੀ। ਪਰ ਮਾਂ ਨਹੀਂ ਮੁੜੀ। ਸੁਰਜੀਤ ਕੌਰ ਦੀ ਗੋਦੀ ਵਿੱਚ ਉਹ ਬਿੰਦ-ਝੱਟ ਲਈ ਟਿਕਦੀ ਪਰ ਫੇਰ ਰੋਣ ਲੱਗਦੀ। ਦੁਪਹਿਰ ਤੱਕ ਕੁੜੀ ਦੇ ਗਲ਼ ਦੀਆਂ ਰਗ਼ਾਂ ਬੈਠ ਗਈਆਂ। ਉਹ ਰੀਂ-ਰੀਂ ਕਰਕੇ ਰੋਂਦੀ। ਸੁਰਜੀਤ ਕੌਰ ਨੇ ਦੋ-ਤਿੰਨ ਵਾਰ ਉਹਨੂੰ ਚੁੰਘਣੀ ਨਾਲ ਦੁੱਧ ਪਿਲਾਇਆ। ਮਾਂ ਦੀਆਂ ਛਾਤੀਆਂ ਵਿੱਚ ਦੁੱਧ ਥੋੜਾ ਸੀ। ਇਸ ਕਰਕੇ ਮਾਂ ਹੁੰਦੇ ਵੀ ਉਹ ਕਈ ਦਿਨਾਂ ਤੋਂ ਚੁੰਘਣੀ ਦਾ ਦੁੱਧ ਪੀ ਰਹੀ ਸੀ।

ਗਲੀ-ਮੁਹੱਲੇ ਵਿੱਚ ਸਾਰੇ ਗੱਲ ਉੱਡ ਗਈ ਕਿ ਨੰਦ ਸਿੰਘ ਦਾ ਕਿਰਾਏਦਾਰ ਜੋੜਾ ਕੁੜੀ ਜੰਮ ਕੇ ਸੁੱਟ ਗਿਆ ਹੈ। ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਸਨ। ਗੁਆਂਢੀ ਔਰਤਾਂ ਹੈਰਾਨ ਹੁੰਦੀਆਂ ਤੇ ਦੰਦਾਂ ਥੱਲੇ ਉਂਗਲਾਂ ਲੈ ਕੇ ਚੁੱਪ ਦੀਆਂ ਚੁੱਪ ਰਹਿ ਜਾਂਦੀਆਂ। ਕਦੇ ਕੋਈ ਔਰਤ ਤਾੜੀ ਮਾਰ ਕੇ ਉੱਚੀ-ਉੱਚੀ ਹੱਸਣ ਲੱਗਦੀ।ਆਖਦੀ-"ਇਹ ਤਾਂ ਨਵੀਂ ਕਹਾਣੀ ਬਣ ਗਈ।"

ਕਿਸੇ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ।

ਕੁੜੀ ਢਾਈ-ਤਿੰਨ ਮਹੀਨਿਆਂ ਦੀ ਹੋ ਚੁੱਕੀ ਸੀ। ਸੁਰਜੀਤ ਕੌਰ ਉਹਨੂੰ ਰੱਬ ਦੀ ਦਾਤ ਸਮਝ ਕੇ ਪਾਲਣ ਲੱਗੀ। ਉਹ ਸਾਲ ਭਰ ਦੀ ਹੋਈ ਤਾਂ ਨੰਦ ਸਿੰਘ ਜ਼ਿਲ੍ਹਾ ਕਚਹਿਰੀ ਵਿੱਚ ਜਾ ਕੇ ਸ਼ਕੁੰਤਲਾ ਨੂੰ ਆਪਣੀ ਮੁਤਬੰਨਾ ਸੰਤਾਣ ਬਣਾ ਆਇਆ। ਉਹਨਾਂ ਦੇ ਮਰਨ ਬਾਅਦ ਚੱਲ-ਅਚੱਲ ਜਾਇਦਾਦ ਦੀ ਵਾਰਸ ਹੁਣ ਸ਼ਕੁੰਤਲਾ ਸੀ।

ਜਰਨੈਲ ਸਿੰਘ ਨੇ ਜਦੋਂ ਸੁਣਿਆ, ਉਹਦੇ ਤਨ-ਬਦਨ ਨੂੰ ਅੱਗ ਲੱਗ ਗਈ। ਉਹਨੇ ਤਾਂ ਕਦੇ ਸੋਚਿਆ ਸੀ ਕਿ ਉਹਦੇ ਬੇਔਲਾਦ ਵੱਡੇ ਭਰਾ ਦਾ ਘਰ ਬਾਰ ਉਹਦੇ ਇਕੱਲੇ ਮੁੰਡੇ ਹਰਅਵਤਾਰ ਸਿੰਘ ਨੂੰ ਕਿਉਂ ਮਿਲੇ, ਮਿਲੇ ਤਾਂ ਤਿੰਨਾਂ ਮੁੰਡਿਆਂ ਨੂੰ ਮਿਲੇ। ਅਸਲ ਵਿੱਚ ਤਾਂ ਉਹ ਖ਼ੁਦ ਨੰਦ ਸਿੰਘ ਨੂੰ ਖਾ ਜਾਣਾ ਚਾਹੁੰਦਾ ਸੀ। ਏਸੇ ਤਾਕ ਵਿੱਚ ਰਹਿੰਦਾ, ਕਦੋਂ ਕਿਵੇਂ ਓਸ ਘਰ ਨੂੰ ਖੁਰਚਿਆ ਜਾਵੇ। ਉਹ ਨੰਦ ਸਿੰਘ ਤੋਂ ਹਜ਼ਾਰਾਂ ਰੁਪਏ ਉਧਾਰ ਲੈ ਲੈਂਦਾ। ਕਦੇ ਮੋੜ ਵੀ ਦਿੰਦਾ ਕੁਝ ਨਾ ਕੁਝ ਨਹੀਂ ਤਾਂ ਉਹਦੀ ਨੀਯਤ ਹੁੰਦੀ ਕਿ ਉਹਦਾ ਕੁਝ ਮੋੜਿਆ ਹੀ ਨਾ ਜਾਵੇ।

80

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ